ਜੁਨੇਜਾ ਅਤੇ ਮੇਅਰ ਬਜਾਜ ਵੱਲੋਂ 42 ਲੱਖ ਦੀ ਲਾਗਤ ਨਾਲ ਵਾਰਡ ਨੰ. 46 ‘ਚ ਸੜਕਾਂ ਦਾ ਨਿਰਮਾਣ
ਪਟਿਆਲਾ, 12 ਦਸੰਬਰ (ਮਧੂਸਾਰ ਬਿਊਰੋ)
ਨਗਰ ਨਿਗਮ ਪਟਿਆਲਾ ਦੇ ਵਾਰਡ ਨੰ. 46 ਵਿਚ ਕੌਂਸਲਰ ਹਰਬਖਸ਼ ਸਿੰਘ ਚਹਿਲ ਵੱਲੋਂ 42 ਲੱਖ ਰੁਪਏ ਦੀ ਲਾਗਤ ਸੜਕਾਂ ਦੀ ਮੁਰੰਮਤ, ਨਵ ਨਿਰਮਾਣ ਤੇ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਜਿਸ ਦਾ ਉਦਘਾਟਨ ਮਾਲਵਾ ਜ਼ੋਨ 2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਅਤੇ ਮੇਅਰ ਅਮਰਿੰਦਰ ਸਿੰਘ ਬਜਾਜ ਵੱਲੋਂ ਕੀਤਾ ਗਿਆ।
ਵਾਰਡ ਵਿਚ ਪੈਂਦੇ ਖੇਤਰ ਚਰਨ ਬਾਗ ਅਤੇ ਗੁਰੂ ਤੇਗ ਬਹਾਦਰ ਕਲੌਨੀ, ਲਹਿਲ ਅਤੇ ਨਿਊ ਲਹਿਲ ਵਿਖੇ ਸੜਕਾਂ ਦਾ ਨਿਰਮਾਣ ਕਾਰਜ ਸ੍ਰੀ ਜੁਨੇਜਾ ਤੇ ਮੇਅਰ ਬਜਾਜ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸ੍ਰੀ ਜੁਨੇਜਾ ਤੇ ਮੇਅਰ ਬਜਾਜ ਨੇ ਕਿਹਾ ਕਿ ਸਮੁੱਚੇ ਸ਼ਹਿਰ ਵਿਚ ਸੜਕਾਂ ਦਾ ਕੰਮ ਜੰਗੀ ਪੱਧਰ ‘ਤੇ ਮੁਕੰਮਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੇ ਗੱਫੇ ਭੇਜੇ ਗਏ ਹਨ ਜਿਸਦੀ ਬਦੌਲਤ ਸਮੁੱਚੇ ਸ਼ਹਿਰ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰੀ ਸੀਟ ਦੇ ਇਸ ਵਾਰਡ ਨੂੰ ਨਮੂਨੇ ਦੇ ਵਾਰਡ ਵਜੋਂ ਵਿਕਸਤ ਕੀਤਾ ਜਾਵੇਗਾ।
ਇਸ ਮੌਕੇ ਵਾਰਡ ਦੇ ਕੌਂਸਲਰ ਸ੍ਰੀ ਹਰਬਖਸ਼ ਸਿੰਘ ਚਹਿਲ ਨੇ ਦੱਸਿਆ ਕਿ ਵਾਰਡ ਵਿਚ ਮੌਜੂਦਾ ਚਲ ਰਹੇ ਕੰਮਾਂ ਤੋਂ ਇਲਾਵਾ ਵਾਰਡ ਦੇ ਸਮੁੱਚੇ ਖੇਤਰਾਂ ਵਿਚ ਸੜਕਾਂ ਦਾ ਨਿਰਮਾਣ ਕਰਵਾਏ ਜਾਣ ਦੇ ਟੈਂਡਰ ਹੋ ਚੁੱਕੇ ਹਨ ਅਤੇ ਅੱਜ ਸ਼ੁਰੂ ਕਰਵਾਏ ਕੰਮ ਦੇ ਮੁਕੰਮਲ ਹੋਣ ਮਗਰੋਂ ਬਾਕੀ ਕੰਮ ਵੀ ਪ੍ਰਵਾਨ ਚੜ੍ਹਾਏ ਜਾਣਗੇ। ਉਹਨਾਂ ਕਿਹਾ ਕਿ ਸੜਕਾਂ ਤੋਂ ਇਲਾਵਾ ਵਾਰਡ ਲਈ ਨਵਾਂ ਟਿਊਬਵੈਲ ਵੀ ਮਨਜ਼ੂਰ ਹੋ ਚੁੱਕਾ ਹੈ ਜਿਸਦਾ ਕੰਮ ਜਲਦੀ ਸ਼ੁਰੂ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਬਾਬਾ ਜੀਵਨ ਸਿੰਘ ਨਗਰ ਵਿਚ ਪਾਰਕ ਦਾ ਕੰਮ ਵੀ ਜਲਦ ਸ਼ੁਰੂ ਕਰਵਾਇਆ ਜਾ ਰਿਹਾ ਹੈ।
ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ‘ਤੇ ਵਰਦਿਆਂ ਸ੍ਰੀ ਚਹਿਲ ਨੇ ਕਿਹਾ ਕਿ ਜਿਥੇ ਸਾਡੇ ਵੱਲੋਂ ਵਾਰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਥੇ ਹੀ ਵਾਰਡ ਦੇ ਵੋਟਰਾਂ ਵੱਲੋਂ ਦੋ ਵਾਰ ਨਕਾਰੇ ਵਿਰੋਧੀ ਧਿਰ ਦੇ ਆਗੂ ਕੂੜ ਪ੍ਰਚਾਰ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਕੋਝੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਜਿਸ ਵਾਰਡ ਵਿਚ ਉਹ ਕੋਈ ਕੰਮ ਨਹੀਂ ਕਰਵਾ ਸਕੇ, ਉਸ ਵਾਰਡ ਵਿਚ ਵਿਕਾਸ ਕਾਰਜ ਤੇਜ ਰਫਤਾਰ ਨਾਲ ਮੁਕੰਮਲ ਹੋ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਜੋਤ ਸਿੰਘ ਚਹਿਲ, ਇਕਬਾਲ ਸਿੰਘ ਸਰਪੰਚ, ਸੁੱਚਾ ਸਿੰਘ ਟਿਵਾਣਾ, ਸੋਹਣ ਸਿੰਘ ਪ੍ਰਧਾਨ, ਪ੍ਰਕਾਸ਼ ਚੰਦ ਗਰਗ, ਅਮਰਜੀਤ ਸਿੰਘ, ਇੰਜ. ਮਦਨ ਸਿੰਗਲਾ, ਡਾ. ਰਾਜ ਕੁਮਾਰ, ਪ੍ਰਧਾਨ ਰਾਜਨਾਥ ਸਿੰਘ, ਕੁਲਵਿੰਦਰ ਸਿੰਘ ਟੋਨੀ, ਸ੍ਰੀ ਦੂਬੇ, ਸੁਖਦੀਪ ਸਿੰਘ ਸਾਹਨੀ ਐਡਵੋਕੇਟ, ਅਮਰਿੰਦਰ ਸਿੰਘ ਚਰਨਬਾਗ, ਸ੍ਰੀ ਐਸ ਐਸ ਸ਼ੇਰਗਿੱਲ, ਸ੍ਰੀ ਸਾਹਨੀ ਅਤੇ ਸ੍ਰੀ ਵਿਨੋਦ ਕੁਮਾਰ ਸ਼ਰਮਾ ਆਦਿ ਪਤਵੰਤੇ ਹਾਜ਼ਰ ਸਨ।

