ਕੈਪਟਨ ਅਤੇ ਪ੍ਰਨੀਤ ਕੌਰ ਚੋਣ ਜਿੱਤਣ ਤੋਂ ਬਾਅਦ ਲੋਕਾਂ ਨੂੰ ਮੂੰਹ ਤੱਕ ਨਹੀਂ ਵਿਖਾਉਂਦੇ : ਡਾ. ਬਲਬੀਰ
ਸੱਤਾ ਦੇ ਸੁੱਖਣ ਮਾਨਣ ਤੋਂ ਇਲਾਵਾ ਪਟਿਆਲਾ ਵਾਸੀਆਂ ਦੀ ਸਾਰ ਤੱਕ ਨਹੀਂ ਲਈ
ਪਟਿਆਲਾ 21 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨੇ ਪਟਿਆਲਾ ਵਿਖੇ ਕਾਂਗਰਸ ਦੇ ਹੱਕ ‘ਚ ਚੋਣ ਪ੍ਰਚਾਰ ਕਰ ਰਹੀ ਪ੍ਰਨੀਤ ਕੌਰ ਵਲੋਂ ਕੀਤੇ ਸ਼ਹਿਰ ਦੇ ਵਿਕਾਸ ਸਬੰਧੀ ਕੀਤੇ ਜਾ ਰਹੇ ਝੂਠੇ ਵਾਅਦਿਆਂ ਨੂੰ ਹਾਸੋ ਹੀਣਾ ਕਰਾਰ ਦਿੱਤਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਚੋਣਾਂ ਨਜ਼ਦੀਕ ਆਉਂਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਧਰਮ ਪਤਨੀ ਸ੍ਰੀਮਤੀ ਪ੍ਰਨੀਤ ਕੌਰ ਆਪਣੇ ਮਹਿਲਾਂ ‘ਚੋਂ ਬਾਹਰ ਨਿਕਲਦੇ ਹਨ ਤੇ ਝੂਠ ਬੋਲ ਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦੇ ਹਨ। ਚੋਣਾਂ ਤੋਂ ਬਾਅਦ ਇਹ ਲੋਕਾਂ ਨੂੰ ਆਪਣਾ ਮੂੰਹ ਤੱਕ ਨਹੀਂ ਵਿਖਾਉਂਦੇ।
ਡਾ. ਬਲਬੀਰ ਸਿੰਘ ਨੇ ਆਖਿਆ ਕਿ ਸ੍ਰੀਮਤੀ ਪ੍ਰਨੀਤ ਕੌਰ ਖੁਦ ਆਪ 1999 ਤੋਂ ਸਰਗਰਮ ਰਾਜਨੀਤੀ ਦਾ ਹਿੱਸਾ ਰਹੇ ਹਨ। ਲੋਕ ਸਭਾ ਮੈਂਬਰ ਹੁੰਦਿਆਂ ਸਿਰਫ ਰਾਜ ਸੱਤਾ ਮਾਨਣ ਤੋਂ ਇਲਾਵਾ ਪਟਿਆਲਾ ਵਾਸੀਆਂ ਦੀ ਅੱਜ ਤੱਕ ਕਦੇ ਸਾਰ ਨਹੀਂ ਲਈ। ਇਥੇ ਹੀ ਬੱਸ ਨਹੀਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪੰਜ ਸਾਲ ਮੁੱਖ ਮੰਤਰੀ ਰਹਿ ਚੁੱਕੇ ਹਨ, ਪਰ ਇਸ ਦੰਪਤੀ ਨੇ ਪਟਿਆਲਾ ਦੇ ਵਿਕਾਸ ਬਾਰੇ ਕਦੇ ਸੋਚਿਆ ਤੱਕ ਨਹੀਂ। ਪ੍ਰੰਤੂ ਹੁਣ ਦੁਬਾਰਾ ਫੇਰ ਸੱਤਾ ਦਾ ਸੁਪਨਾ ਵੇਖ ਰਹੇ ਇਸ ਸ਼ਾਹੀ ਜੋੜੀ ਵਲੋਂ ਚੋਣ ਪ੍ਰਚਾਰ ਦੌਰਾਨ ਪਟਿਆਲਾ ਦੀ ਨੁਹਾਰ ਬਦਲਣ ਦੇ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਹਨ।
ਡਾ. ਬਲਬੀਰ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਕਿ ਜਦੋਂ ਪੰਜਾਬ ‘ਚ ਕੈਪਟਨ ਸਰਕਾਰ ਸੀ ਉਦੋਂ ਸ੍ਰੀਮਤੀ ਪ੍ਰਨੀਤ ਕੌਰ ਨੇ ਪਟਿਆਲਾ ‘ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ, ਸਿਹਤ ਸਹੂਲਤਾਂ ਲਈ ਰਾਜਿੰਦਰਾ ਹਸਪਤਾਲ ਵਰਗੇ ਵੱਡੇ ਸਿਹਤ ਅਦਾਰੇ ਨੂੰ ਆਧੁਨਿਕ ਬਣਾਉਣ, ਬੇਰੁਜ਼ਗਾਰਾਂ ਦੇ ਰੋਜ਼ਗਾਰ ਲਈ ਉਦਯੋਗ ਲਾਉਣ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕੋਈ ਉਪਰਾਲਾ ਕਿਉਂ ਨਹੀਂ ਕੀਤਾ। ਕੈਪਟਨ ਸਰਕਾਰ ਸਮੇਂ ਮੁਲਾਜ਼ਮ ਵਰਗ ਨੂੰ ਅਣਦੇਖਿਆ ਕੀਤਾ ਗਿਆ। ਬਜ਼ੁਰਗਾਂ ਤੇ ਗਰੀਬਾਂ ਦੀ ਭਲਾਈ ਲਈ ਕੋਈ ਨੀਤੀ ਨਹੀਂ ਤਿਆਰ ਕੀਤੀ ਗਈ। ਲੰਮੇ ਸਮੇਂ ਤੋਂ ਪਟਿਆਲਾ ਨਿਵਾਸੀ ਪੀਣ ਵਾਲੇ ਪਾਣੀ, ਸੀਵਰੇਜ, ਟੁੱਟੀਆਂ ਸੜਕਾਂ/ਗਲੀਆਂ, ਖਰਾਬ ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ।ਪ੍ਰੰਤੂ ਸ਼ਾਹੀ ਪਰਿਵਾਰ ਨੇ ਕਦੇ ਵੀ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਚੋਣ ਮੀਟਿੰਗਾਂ ‘ਚ ਅਜਿਹੇ ਵਾਅਦੇ ਕਰਕੇ ਸ੍ਰੀਮਤੀ ਪ੍ਰਨੀਤ ਕੌਰ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਹੁਣ ਜਾਗ ਚੁੱਕੇ ਹਨ ਤੇ ਝੂਠੇ ਵਾਅਦੇ ਕਰਨ ਵਾਲੇ ਇਹ ਸਿਆਸਤਦਾਨ ਲੋਕਾਂ ਦੇ ਭੋਲੇਪਣ ਦਾ ਹੁਣ ਫਾਇਦਾ ਨਹੀਂ ਚੁੱਕ ਸਕਣਗੇ। ਇਸ ਮੌਕੇ ਰਾਜਵੰਤ ਸਿੰਘ ਮੁਹਾਲੀ, ਕੁਲਵੰਘ ਸਿੰਘ, ਡਾ. ਭੀਮ ਇੰਦਰ ਸਿੰਘ, ਜਸਵੀਰ ਗਾਂਧੀ, ਪ੍ਰ ਜੋਸਨ, ਗੱਜਣ ਸਿੰਘ, ਸਰਬਜੀਤ ਔਖਲਾ, ਸ਼ਵਿੰਦਰ ਧਨੰਜੇ, ਜਗਮੋਹਨ ਸਿੰਘ ਸੈਣੀ ਕਨਵੀਨਰ ਲੀਗਲ ਸੈੱਲ, ਪ੍ਰੀਤਮ ਸਿੰਘ ਰਿਟਾ. ਡੀ.ਐਸ.ਪੀ., ਮੇਜਰ ਆਰ.ਪੀ.ਐਸ ਮਲਹੋਤਰਾ, ਰਮੇਸ਼ ਗੁਪਤਾ ਰਿਟਾ. ਮੁੱਖ ਇੰਜੀ., ਕੁਲਵੰਤ ਸਿੰਘ, ਪਰਮਿੰਦਰ ਸਿੰਘ, ਗੁਰਿੰਦਰ ਸਿੰਘ, ਇੰਦਰਜੀਤ ਧੀਮਾਨ, ਗੁਰਪ੍ਰੀਤ ਸਿੰਘ ਤੇ ਰਜਿੰਦਰ ਗਰਗ ਮੌਜੂਦ ਸਨ।

