ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ
ਪਟਿਆਲਾ: 22 ਦਸੰਬਰ (ਮਧੂਸਾਰ ਬਿਊਰੋ)
ਸਮੁੱਚਾ ਸਿੱਖ ਸੰਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਹਰਸ਼ੋ-ਉਲਾਸ ਨਾਲ ਮਨਾ ਰਿਹਾ ਹੈ, ਇਸ ਮੌਕੇ ‘ਤੇ ਭਾਈ ਗੁਰਦਾਸ ਚੇਅਰ ਵੱਲੋਂ ‘ਤੁਹੀ ਨਿਸਾਨੀ ਜੀਤ ਕੀ’ ਪੁਸਤਕ ਪ੍ਰਕਾਸ਼ਿਤ ਕੀਤਾ ਜਾਣਾ ਮੁਬਾਰਕ ਕਦਮ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ੍ਰੀ ਪਟਨਾ ਸਾਹਿਬ ਵਿਚ ਪ੍ਰਕਾਸ਼, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ (ਚਾਂਦਨੀ ਚੌਕ), ਖਾਲਸੇ ਦੀ ਸਿਰਜਣਾ (ਆਨੰਦਪੁਰ ਸਾਹਿਬ), ਦਮਦਮੀ ਬੀੜ ਦਾ ਸੰਪਾਦਨ (ਦਮਦਮਾ ਸਾਹਿਬ) ਅਤੇ ਗੁਰੂ ਮਾਨਿਓ ਗ੍ਰੰਥ (ਹਜ਼ੂਰ ਸਾਹਿਬ) ਤੱਕ ਦਾ ਸਮਾਂ ਬੜਾ ਮਹੱਤਵਪੂਰਨ ਹੈ।
ਇਸ ਤਿੰਨ ਰੋਜ਼ਾ ਸੈਮੀਨਾਰ ਵਿਚ ਇਨ੍ਹਾਂ ਬਾਰੇ ਭਰੂਪਰ ਚਰਚਾ ਹੋਵੇਗੀ। ਇਹ ਸ਼ਬਦ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੱਲ ਤੋਂ ਸ਼ੁਰੂ ਹੋ ਰਹੇ ਰਾਸ਼ਟਰੀ ਸੈਮੀਨਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਪਰੈਸ ਨੂੰ ਸੰਬੋਧਿਤ ਕੀਤੇ।
ਸੈਮੀਨਾਰ ਕੋਆਰਡੀਨੇਟਰ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਪੂਰੇ ਹਿੰਦੁਸਤਾਨ ਵਿਚੋਂ ਪ੍ਰਬੁੱਧ ਵਿਦਵਾਨ ਹਿੱਸਾ ਲੈ ਰਹੇ ਹਨ। ਸੈਮੀਨਾਰ ਦੇ ਉਦਘਾਟਨੀ ਸਮਾਗਮ ਵਿਚ ਮੁਹੰਮਦ ਸੁਲੇਮਾਨ ਖੁਰਸ਼ੀਦ, ਡਾ. ਰਮਾਕਾਂਤ ਅੰਗਰਿਸ ਅਤੇ ਡਾ. ਪ੍ਰਿਥੀਪਾਲ ਸਿੰਘ ਕਪੂਰ ਹਿੱਸਾ ਲੈਣਗੇ ਅਤੇ ਮੁੱਖ ਮਹਿਮਾਨ ਵਜੋਂ ਸ. ਸੁਖਦੇਵ ਸਿੰਘ ਢੀਂਡਸਾ ਹਾਜ਼ਰ ਹੋਣਗੇ। ਡਾ. ਦੇਵਿੰਦਰ ਸਿੰਘ ਰਜਿਸਟਰਾਰ ਨੇ ਕਿਹਾ ਕਿ ਕੈਂਪਸ ਵਿਚ ਡੈਲੀਗੇਟਸ ਅਤੇ ਸਭ ਵਿਦਵਾਨ ਸੱਜਣਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ

