ਹੈਡ ਟੀਚਰਾਂ ਦੀਆਂ ਬਦਲੀਆਂ ਗਲਤ ਢੰਗ ਨਾਲ ਕੀਤੇ ਜਾਣ ‘ਤੇ ਸਿੱਖਿਆ ਅਫਸਰ ਦਫਤਰ ਦੇ ਬਾਹਰ ਨਾਅਰੇਬਾਜ਼ੀ
ਪਟਿਆਲਾ : 6 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਿਲ੍ਹਾ ਪਟਿਆਲਾ ਦੀਆਂ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਦੇ ਨੁਮਾਇੰਦਿਆ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਵਲੋਂ 4 ਜਨਵਰੀ ਨੂੰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਰਾਤ ਸਮੇਂ ਦਫ਼ਤਰ ਤੋਂ ਬਾਹਰ ਕਿਸੇ ਜਗ੍ਹਾ ਤੇ ਬੈਠ ਕੇ ਹੈਡ ਟੀਚਰਾਂ ਦੀਆਂ ਬਦਲੀਆਂ ਗਲਤ ਢੰਗ ਨਾਲ ਪੋਸਟਾਂ ਸਿਫ਼ਟ ਕਰਕੇ ਕਰਨ ਖਿਲਾਫ ਅੱਜ ਦਫ਼ਤਰ ਜਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਰੋਹ ਭਰਪੂਰ ਨਾਅਰੇਬਾਜੀ ਕੀਤੀ ਗਈ।
ਵਰਨਣਯੋਗ ਹੈ ਕਿ ਇਹਨਾਂ ਬਦਲੀਆਂ ਦੇ ਹੁਕਮਾਂ ਤੇ ਜਿਲ੍ਹਾ ਸਿੱਖਿਆ ਅਫ਼ਸਰ ਵਲੋਂ 3 ਜਨਵਰੀ ਵਿੱਚ ਦਸਤਖ਼ਤ ਕੀਤੇ ਗਏ ਹਨ, ਪਰੰਤੂ 3 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਛੁੱਟੀ ਤੇ ਸਨ। ਕਿਉਂਕਿ 3 ਜਨਵਰੀ ਨੂੰ ਵੱਖ-ਵੱਖ ਜੱਥੇਬੰਦੀਆਂ ਦਾ ਵਫ਼ਦ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਨੂੰ ਮਿਲਣ ਗਿਆ ਸੀ ਤਾਂ ਉਸ ਸਮੇਂ ਉਹ ਦਫ਼ਤਰ ਵਿੱਚ ਨਹੀਂ ਸਨ। ਉਸੇ ਦਿਨ ਅਧਿਆਪਕ ਨੁਮਾਇੰਦਿਆ ਨੇ ਫਿਰ ਉੱਪ-ਜਿਲ੍ਹਾ ਸਿੱਖਿਆ ਅਫ਼ਸਰ ਨਾਲ ਮੀਟਿੰਗ ਕੀਤੀ ਸੀ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਨੇ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਸੀ ਕਿ ਡੀ.ਈ.ਓ. ਸਾਹਿਬ ਛੁੱਟੀ ਤੇ ਹਨ।
ਹੈੱਡ ਟੀਚਰਾਂ ਦੀਆਂ ਸ਼ਿਫਟ ਕੀਤੀਆਂ ਪੋਸਟਾਂ ਲਈ ਕੋਈ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਕਈ ਥਾਵਾਂ ਤੇ ਜਿੱਥੇ ਸਕੂਲ ਵਿੱਚ ਵਧੇਰੇ ਬੱਚੇ ਹਨ, ਉੱਥੋਂ ਹੈੱਡ ਟੀਚਰ ਦੀ ਪੋਸਟ ਸ਼ਿਫਟ ਕਰਕੇ 30 ਜਾਂ 30 ਤੋਂ ਵੀ ਘੱਟ ਬੱਚਿਆਂ ਵਾਲੇ ਸਕੂਲ ਵਿੱਚ ਸ਼ਿਫਟ ਕਰ ਦਿੱਤੀ ਗਈ। ਵਿਭਾਗ ਦੇ ਤਾਜ਼ਾ ਨਿਯਮਾਂ ਅਨੁਸਾਰ 30 ਜਾਂ 30 ਤੋਂ ਘੱਟ ਬੱਚਿਆਂ ਵਾਲੇ ਸਕੂਲਾਂ ਵਿੱਚ ਹੈੱਡ ਟੀਚਰ ਦੀ ਪੋਸਟ ਨਹੀਂ ਦਿੱਤੀ ਜਾ ਸਕਦੀ।
ਅਧਿਆਪਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਅਧਿਕਾਰੀ ਵਿਰੁੱਧ ਸਖ਼ਤ ਵਿਭਾਗੀ ਅਤੇ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇ।
ਬਾਅਦ ਵਿੱਚ ਪਤਾ ਲੱਗਾ ਕਿ ਰੋਸ ਮੁਜ਼ਾਹਰੇ ਦੇ ਚਲਦਿਆਂ ਹੀ ਜਿਲ੍ਹਾ ਸਿੱਖਿਆ ਅਫ਼ਸਰ ਨੇ ਅੱਜ 4 ਜਨਵਰੀ ਵਿੱਚ ਪੱਤਰ ਜਾਰੀ ਕਰਕੇ ਉਕਤ ਬਦਲੀਆਂ ਰੱਦ ਕਰ ਦਿੱਤੀਆਂ ਹਨ ਪਰੰਤੂ ਉਸ ਸਮੇਂ ਤੱਕ ਕਾਫ਼ੀ ਹੈੱਡ ਟੀਚਰ ਅੱਜ ਆਪਣੀਆਂ ਨਵੀਆਂ ਥਾਵਾਂ ਤੇ ਹਾਜ਼ਰ ਹੋ ਗਏ ਸਨ।
ਰੋਸ ਵਿਖਾਵੇ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ (ਮਾਨ) ਦੇ ਜਸਵਿੰਦਰ ਸਿੰਘ ਲਖਮੀਰਵਾਲਾ, ਸੁਖਚੈਨ ਸਿੰਘ, ਮੋਹਣ ਸਿੰਘ, ਪਤੀ ਰਾਮ, ਗੌ.ਟੀ.ਯੂ. (ਵਿਗਿਆਨਕ) ਦੇ ਪਰਮਜੀਤ ਸਿੰਘ, ਸੰਦੀਪ ਰਾਜਪੁਰਾ, ਮੱਖਣ ਜੈਨ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਦੀਦਾਰ ਸਿੰਘ, ਮਨਜੀਤ ਪਾਲੀਆ, ਜਗਮੋਹਣ ਸਿੰਘ ਆਦਿ ਅਧਿਆਪਕ ਨੁਮਾਇੰਦਿਆ ਨੇ ਭਾਗ ਲਿਆ।

