ਪੰਜਾਬ

ਪੰਜਾਬ ਕਾਂਗਰਸ ਦਾ ਮੈਨੀਫੈਸਟੋ ਡਾ. ਮਨਮੋਹਨ ਸਿੰਘ ਨੇ ਕੀਤਾ ਜਾਰੀ

ਛੇ ਵੱਖ-ਵੱਖ ਥਾਵਾਂ ‘ਤੇ ਕੀਤਾ ਗਿਆ ਮੈਨੀਫੈਸਟੋ ਨੂੰ ਜਾਰੀ
ਨਵੀਂ ਦਿੱਲੀ/ਚੰਡੀਗੜ੍ਹ (ਅਸ਼ੋਕ ਵਾਸ਼ਿਸਠ/ਮਧੂਸਾਰ ਬਿਊਰੋ)
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅੱਜ ਦਿੱਲੀ ਵਿਖੇ ਪੰਜਾਬ ਕਾਂਗਰਸ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ । ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਹਨ ।

ਪਾਰਟੀ ਦੀ ਮੈਨੀਫੈਸਟੋ ਕਮੇਟੀ ਵੱਲੋਂ ਕਈ ਮਾਹਰਾਂ ਦੀ ਰਾਏ ਲੈ ਕੇ ਬਣਾਏ ਗਏ ਚੋਣ ਮੈਨੀਫੈਸਟੋ ‘ਚ ਪੰਜਾਬ ਨਾਲ ਜੁੜੇ ਕਈ ਅਹਿਮ ਮੁੱਦਿਆਂ ਨੂੰ ਪ੍ਰਮੁੱਖ ਰੱਖਿਆ ਗਿਆ ਹੈ । ਹਾਲਾਂਕਿ ਪੰਜਾਬ ‘ਚ ਚੋਣਾਂ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਆਪਣੇ ਪ੍ਰਚਾਰ ਦੌਰਾਨ ਕਿਸਾਨਾਂ, ਨੌਜਵਾਨਾਂ ਤੇ ਰੀਅਲ ਅਸਟੇਟ ਸੈਕਟਰ ‘ਚ ਰਿਆਇਤਾਂ ਤੇ ਸਕੀਮਾਂ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ । ਨਵੀਂ ਦਿੱਲੀ ਸਮੇਤ ਪੰਜਾਬ ਦੀਆਂ 6 ਵੱਖੋ ਵੱਖ ਥਾਵਾਂ ‘ਤੇ ਕਾਂਗਰਸ ਦਾ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਗਿਆ ਹੈ।
ਪੰਜਾਬ ਕਾਂਗਰਸ ਦਾ ਚੋਣ ਘੋਸ਼ਣਾ ਪੱਤਰ ਪੰਜਾਬ ਦਾ ਖੋਹ ਚੁੱਕਾ ਸਨਮਾਨ ਵਾਪਿਸ ਲਿਆਉਣ ਤੇ ਦੇਸ਼ ਅੰਦਰ ਉਸਦੇ ਸਹੀ ਸਥਾਨ ਨੂੰ ਵਾਪਿਸ ਦਿਲਾਉਣ ਦੀ ਕੋਸ਼ਿਸ਼ ਹੇਠ ਬਾਦਲ ਸਰਕਾਰ ‘ਚ ਸੂਬੇ ਦੇ ਸੰਸਾਧਨਾਂ ਉਪਰ ਕੁਝ ਲੋਕਾਂ ਦੇ ਸ਼ਿਕੰਜ਼ੇ ਤੋਂ ਸੂਬੇ ਤੇ ਇਸਦੇ ਲੋਕਾਂ ਨੂੰ ਅਜ਼ਾਦੀ ਦਿਲਾਉਣ ਦਾ ਵਾਅਦਾ ਕਰਦਾ ਹੈ, ਜਿਸਦੀ ਪਛਾਣ ਬਾਦਲਾਂ ਨਾਲ ਵੱਡੇ ਪੱਧਰ ‘ਤੇ ਜੁੜੇ ਭ੍ਰਿਸ਼ਟਾਚਾਰ, ਅਰਾਜਕਤਾ, ਮਾਫੀਆ ਰਾਜ ਤੇ ਭਾਈ-ਭਤੀਜਾਵਾਦ ਤੋਂ ਹੈ ਅਤੇ ਇਸੇ ਦੇ ਨਾਲ ਹੀ ਪਾਰਟੀ ਦਾ ਮੈਨਿਫੈਸਟੋ ਤਰੱਕੀਸ਼ੀਲ ਕਦਮ ਚੁੱਕਦੇ ਹੋਏ ਤੇ ਥੋੜ੍ਹਾ ਹੱਟ ਕੇ ਉਪਾਅ ਕਰਦਿਆਂ, ਸ਼ਾਸਨ ਸਮੇਤ ਪੂਰੀ ਵਿੱਤੀ ਤੇ ਸਿਆਸੀ ਵਿਵਸਥਾ ‘ਚ ਪਾਰਦਰਸ਼ਿਤਾ ਲਿਆਉਣ ਦਾ ਵਾਅਦਾ ਕਰਦਾ ਹੈ।
ਹਾਲੇ ‘ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਾਰੀ ਕੀਤੇ ਗਏ 9-ਸੂਤਰੀ ਏਜੰਡੇ ਤੋਂ ਅੱਗੇ ਵੱਧ ਕੇ ਮੈਨਿਫੈਸਟੋ ਸਮਾਜ ਦੇ ਹਰੇਕ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਦਿਸ਼ਾ ‘ਚ ਪਾਰਟੀ ਦੇ ਵਾਅਦਿਆਂ ਨੂੰ ਇਕੱਠਾ ਕਰਦਾ ਹੈ ਅਤੇ ਇਸ ਕਾਲੇ ਹਨੇਰੇ ਤੋਂ ਸੂਬੇ ਤੇ ਇਸਦੇ ਲੋਕਾਂ ਨੂੰ ਕੱਢਣ ਲਈ ਚੁੱਕੇ ਜਾਣ ਵਾਲੇ ਕਈ ਕਦਮਾਂ ਨੂੰ ਸਾਹਮਣੇ ਰੱਖਦਾ ਹੈ, ਜਿਨ੍ਹਾਂ ਹਾਲਾਤਾਂ ‘ਚ ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਧਕੇਲ ਦਿੱਤਾ ਹੈ।
ਨਸ਼ਿਆਂ ਤੇ ਹੋਰ ਮਾਫੀਆਵਾਂ ਖਿਲਾਫ ਕਾਰਵਾਈ ਕਰਨਾ, ਮਹੱਤਵਪੂਰਨ ਸ਼ਾਸਨ ਪ੍ਰਸ਼ਾਸਨਿਕ ਤੇ ਕਾਨੂੰਨੀ ਗਤੀਵਿਧੀਆਂ ਉਪਰ ਕੰਟਰੋਲ ਲਈ ਵੱਡੇ ਪੱਧਰ ‘ਤੇ ਕਾਨੂੰਨ ਲਿਆਉਣਾ, ਰੋਜ਼ਗਾਰ ਮੁਹੱਈਆ ਕਰਵਾਉਣਾ ਅਤੇ ਖੇਤੀ ਤੇ ਉਦਯੋਗ ਖੇਤਰ ਨੂੰ ਮੁੜ ਖੜ੍ਹਾ ਕਰਨ ਵਾਸਤੇ ਸਮਾਂਬੱਧ ਕਦਮ ਚੁੱਕਣਾ, ਵੀ.ਵੀ.ਆਈ.ਪੀ ਕਲਚਰ ਦਾ ਅੰਤ ਕਰਨਾ, ਪਿਛੜ ਚੁੱਕੇ ਤੇ ਘੱਟ ਗਿਣਤੀ ਵਰਗਾਂ ਨੂੰ ਮੁੜ ਸਮਾਜਿਕ ਮੁੱਖ ਧਾਰਾ ‘ਚ ਲਿਆਉਣਾ, 120 ਪੰਨ੍ਹਿਆਂ ਦੇ ਮੈਨਿਫੈਸਟੋ ਦੀਆ ਮੁੱਖ ਵਿਸ਼ੇਸ਼ਤਾਵਾਂ ਹਨ, ਜਿਸਨੂੰ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਲ-ਨਾਲ ਪੰਜਾਬ ਦੇ ਛੇ ਮੁੱਖ ਸ਼ਹਿਰਾਂ ‘ਚ ਸੀਨੀਅਰ ਪਾਰਟੀ ਆਗੂਆਂ ਵੱਲੋਂ ਜ਼ਾਰੀ ਕੀਤਾ ਗਿਆ।
ਇਸ ਲੜੀ ਹੇਠ ਸਮੱਸਿਆਵਾਂ ਨਾਲ ਘਿਰੇ ਪੰਜਾਬ ਦੇ ਲੋਕਾਂ ਲਈ ਕਾਂਗਰਸ ਨੂੰ ਇਕੋ ਇਕ ਉਮੀਦ ਤੇ ਪਾਰਟੀ ਨੂੰ ਪੰਜਾਬ ਦੇ ਕੱਲ੍ਹ, ਅੱਜ ਤੇ ਆਉਣ ਵਾਲੇ ਕੱਲ੍ਹ ਲਈ ਪੇਸ਼ ਕਰਦਿਆਂ, ਪੰਜਾਬ ਕਾਂਗਰਸ ਦਾ ਮੈਨਿਫੈਸਟੋ ਆਰਥਿਕ, ਸਮਾਜਿਕ, ਸੱਭਿਆਚਾਰ, ਵਿੱਤੀ, ਵਾਤਾਵਰਨ ਦੀ ਦ੍ਰਿਸ਼ਟੀ ਨਾਲ ਪੰਜਾਬ ਦਾ ਮਾਣ ਫਿਰ ਤੋਂ ਕਾਇਮ ਕਰਨ ਅਤੇ ਭਾਰਤ ‘ਚ ਪੰਜਾਬ ਨੂੰ ਉਸਦਾ ਸਥਾਨ ਵਾਪਿਸ ਦਿਲਆਉਣ ਨੂੰ, ਪਾਰਟੀ ਦੇ ਮੁੱਖ ਟੀਚੇ ਵਜੋਂ ਦਰਸਾਉਂਦਾ ਹੈ।
ਇਸ ਦਿਸ਼ਾ ‘ਚ, ਕਿਸਾਨ ਤੇ ਉਦਯੋਗਿਕ ਸਮੁਦਾਅ ਤੋਂ ਲੈ ਕੇ ਦਲਿਤਾਂ, ਹੋਰ ਪਿਛੜੀਆਂ ਜਾਤਾਂ ਤੇ ਅਨੁਸੂਚਿਤ ਜਾਤਾਂ, ਨੌਜ਼ਵਾਨਾਂ ਤੋਂ ਲੈ ਕੇ ਔਰਤਾਂ (ਜਿਨ੍ਹਾਂ ਨੂੰ ਸਾਰੀਆਂ ਸਰਕਾਰੀ ਨੌਕਰੀਆਂ ‘ਚ 33 ਪ੍ਰਤੀਸ਼ਤ ਰਾਖਵਾਂਕਰਨ ਮਿਲੇਗਾ ਤੇ ਲੜਕੀਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ) ਤੱਕ, ਮੈਨਿਫੈਸਟੋ ‘ਚ ਪੰਜਾਬ ਦੇ ਹਰੇਕ ਨਾਗਰਿਕ ਲਈ ਕੁਝ ਨਾ ਕੁਝ ਹੈ, ਜਿਹੜੇ ਬੀਤੇ ਦੱਸ ਸਾਲਾ ਤੋਂ ਬਾਦਲ ਕੁਸ਼ਾਸਨ ‘ਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਇਸ ਤੋਂ ਇਲਾਵਾ, ਵਿਆਪਕ ਰੂਪ ‘ਚ ਮੈਨਿਫੈਸਟੋ ਸਰਕਾਰੀ ਮੁਲਾਜ਼ਮਾਂ, ਸਿੱਖਿਅਕ ਸੰਸਥਾਵਾਂ ਤੇ ਅਧਿਆਪਕਾਂ, ਸਿਹਤ ਵਿਵਸਥਾ ਅਤੇ ਮੀਡੀਆ ਨੂੰ ਲੈ ਕੇ ਮੁੱਦਿਆਂ ਦਾ ਵੀ ਹੱਲ ਕਰਦਾ ਹੈ।
ਪਾਰਟੀ ਆਬਕਾਰੀ, ਫੀਸ, ਨੀਲਾਮੀ ਆਦਿ ਸਬੰਧੀ ਮਾਫੀਆਵਾਂ ਦਾ ਖਾਤਮਾ ਕਰਦਿਆਂ ਸੂਬੇ ਨੂੰ ਮੁੜ ਵਿਕਾਸ ਦੀ ਪੱਟੜੀ ‘ਤੇ ਤੋਰਨ ਲਈ ਵਿੱਤੀ ਤੇ ਆਰਥਿਕ ਸੁਧਾਰ ਲਿਆਉਣ ਲਈ ਵਚਨਬੱਧ ਹੈ। ਇਸ ਦਿਸ਼ਾ ‘ਚ ਸੂਬੇ ਦੀ ਤਰੱਕੀ ਨੂੰ ਉਤਸਾਹਿਤ ਕਰਨ ਲਈ 90 ਦਿਨਾਂ ਅੰਦਰ ਕਿਸਾਨਾਂ ਦੀ ਕਰਜ਼ਾ ਮੁਆਫੀ ਤੇ ਨਵੀਂ ਉਦਯੋਗਿਕ ਨੀਤੀ ਮੈਨਿਫੈਸਟੋ ‘ਚ ਪੇਸ਼ ਕੀਤੇ ਗਏ ਹੋਰ ਮਹੱਤਵਪੂਰਨ ਉਪਾਅ ਹਨ। ਮੈਨਿਫੈਸਟੋ ਦੇ ਏਜੰਡੇ ‘ਚ ਕਾਨੂੰਨੀ ਤੇ ਪੁਲਿਸ ਸੁਧਾਰ ਵੀ ਪ੍ਰਮੁੱਖਤਾ ਰੱਖਦੇ ਹਨ।
ਸੂਬੇ ਲਈ ਪੰਜਾਬ ਕਾਂਗਰਸ ਦੇ ਸ਼ਾਸਨ ਦੇ ਏਜੰਡੇ ‘ਚ ਪਾਰਦਰਸ਼ਿਤਾ ਮੁੱਖ ਅਧਾਰ ਹੈ ਅਤੇ ਇਸਦੇ ਤਹਿਤ ਪਾਰਟੀ ਸਾਰੇ ਵਿਧਾਇਕਾਂ ਵਾਸਤੇ ਉਨ੍ਹਾਂ ਦੀਆਂ ਤਨਖਾਹਾਂ, ਭੱਤਿਆਂ ਆਦਿ ਨੂੰ ਲੋਕਾਂ ਸਾਹਮਣੇ ਆਨਲਾਈਨ ਪੇਸ਼ ਕਰਨ, ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਉਨ੍ਹਾਂ ਦੀਆਂ ਅਚਲ ਜਾਇਦਾਦਾਂ ਨੂੰ ਹਰ ਸਾਲ ਸੂਬਾ ਵਿਧਾਨ ਸਭਾ ਦੇ ਟੇਬਲ ‘ਤੇ ਐਲਾਨ ਕਰਨਾ ਜ਼ਰੂਰੀ ਹੋਣਾ, ਲੋੜੀਂਦਾ ਬਣਾਵੇਗੀ। ਪੁਲਿਸ ‘ਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਾ ਕਰਨ ਦੀ ਨੀਤੀ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਸਾਰੇ ਸਰਕਾਰੀ ਖਰਚੇ ਤੀਜ਼ੀ ਪਾਰਟੀ ਤੋਂ ਆਡਿਟ ਕਰਵਾਏ ਜਾਣਗੇ।
ਪਾਰਟੀ ਸੂਬੇ ਅੰਦਰ ਗਵਰਨੇਂਸ ਰਿਫੋਰਮਜ਼ ਕਮਿਸ਼ਨ ਨੂੰ ਗਵਰਨੇਂਸ ਰਿਫੋਰਮਜ਼ ਐਂਡ ਏਥਿਕਸ ਕਮਿਸ਼ਨ (ਜੀ.ਆਰ.ਈ.ਸੀ) ਵਜੋਂ ਪੁਨਰਗਠਿਤ ਕਰਦਿਆਂ, ਅਕਾਲੀ­-ਭਾਜਪਾ ਵੱਲੋਂ ਸ਼ਾਸਨ ਤੇ ਵਿਕਾਸ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦਾ ਭਾਂਡਾਫੋੜ ਕਰਨ ਲਈ ਵਹਾਈਟ ਪੇਪਰ ਵੀ ਲਿਆਏਗੀ।

Leave a Reply

Your email address will not be published. Required fields are marked *