ਸੂਝਵਾਨ ਵੋਟਰਾਂ ਨੇ ਕਾਂਗਰਸ ਤੇ ਆਪ ਨੂੰ ਸੂਬੇ ਦੀ ਰਾਜਨੀਤੀ ‘ਚੋਂ ਤੜੀਪਾਰ ਕਰਨ ਦਾ ਮਨ ਬਣਾਇਆ : ਪ੍ਰੋ. ਚੰਦੂਮਾਜਰਾ
ਬਹਾਦਰਗੜ੍ਹ ਜ਼ੋਨ ਦਫਤਰ ਦਾ ਕੀਤਾ ਉਦਘਾਟਨ
ਪਟਿਆਲਾ, 10 ਜਨਵਰੀ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਵਿਧਾਨ ਸਭਾ ਹਲਕਾ ਸਨੌਰ ਤੋਂ ਚੋਣ ਲੜ ਰਹੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਬਹਾਦਰਗੜ੍ਹ ਜ਼ੋਨ ਦਫਤਰ ਦਾ ਉਦਘਾਟਨ ਰੀਬਟ ਕੱਟ ਕੇ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਪਾਰਟੀ ਵਲੋਂ ਜਾਰੀ ਚੋਣ ਮਨੋਰਥ ਪੱਤਰ ਸਰਾਸਰ ਝੂਠ ਦਾ ਪੁਲੰਦਾ । ਉਨ੍ਹਾਂ ਕਾਂਗਰਸ ਵਲੋਂ ਚੋਣ ਮਨੋਰਥ ਪੱਤਰ ‘ਚ ਬੇਰੁਜ਼ਗਾਰੀ, ਪਾਣੀਆਂ ਦੀ ਗੱਲ ‘ਤੇ ਚੁਟਕੀ ਲੈਂਦਿਆਂ ਆਖਿਆ ਕਿ ਕਾਂਗਰਸ ਸ਼ਾਇਦ ਭੁੱਲ ਚੁੱਕੀ ਹੈ ਕਿ ਐਸਵਾਈਐਲ ਨਹਿਰ ਕਾਂਗਰਸ ਦੀ ਹੀ ਦੇਣ ਜਦੋਂਕਿ ਅਕਾਲੀ ਸਰਕਾਰ ਨੇ ਇਸ ਫੈਸਲੇ ਨੂੰ ਡੀ ਨੋਟੀਫਾਈ ਕਰਕੇ ਸੂਬੇ ਦੇ ਪਾਣੀਆਂ ਦੇ ਅਸਲ ਰਾਖੇ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਹੋਰ ਆਖਿਆ ਕਿ ਸੂਬਾ ਸਰਕਾਰ ਨੇ ਪਿਛਲੇ 10 ਸਾਲਾਂ ਅੰਦਰ ਹਜ਼ਾਰਾਂ ਦੀ ਗਿਣਤੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਬਜ਼ਬਾਗ ਹੁਣ ਪੰਜਾਬ ਦੀ ਜਨਤਾ ਨੂੰ ਭਲੋ ਨਹੀਂ ਸਕਣਗੇ ਅਤੇ ਇਹ ਪਾਰਟੀਆਂ ਸੱਤਾ ਦੇ ਸੁਪਨੇ ਲੈਣਾ ਛੱਡ ਦੇਣ ਕਿਉਂਕਿ ਪੰਜਾਬ ਦੀ ਜਨਤਾ ਇਨ੍ਹਾਂ ਨੂੰ ਸੂਬੇ ਦੀ ਰਾਜਨੀਤੀ ਤੋਂ ਤੜੀਪਾਰ ਕਰਨ ਦਾ ਮਨ ਬਣਾ ਚੁੱਕੀ ਹੈ।ਪ੍ਰੋ. ਚੰਦੂਮਾਜਰਾ ਨੇ ਹੋਰ ਆਖਿਆ ਕਿ ਕਾਂਗਰਸ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਮੁੱਦਿਆਂ ਦੀ ਯਾਦ ਹਮੇਸ਼ਾਂ ਸੱਤਾ ‘ਚੋਂ ਬਾਹਰ ਹੁੰਦਿਆਂ ਹੀ ਆਈ ਹੈ ਜਦੋਂਕਿ ਸੱਤਾ ‘ਚ ਰਹਿੰਦਿਆਂ ਇਨ੍ਹਾਂ ਸਿਰਫ਼ ਆਪਣਾ ਅਤੇ ਆਪਣੇ ਪਿੱਠੂਆਂ ਦਾ ਢਿੱਡ ਭਰਨ ਬਾਰੇ ਹੀ ਸੋਚਿਆ ਹੈ।
ਆਪ ‘ਤੇ ਹੱਲਾ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਿੱਲੀ ਅੰਦਰ ਹੁਣ ਤੱਕ ਦੀ ਸਿਫਰ ਕਾਰਗੁਜ਼ਾਰੀ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹਨ ਅਤੇ ਇਨ੍ਹਾਂ ਦੀਆਂ ਦੋਗਲੀਆਂ ਨੀਤੀਆਂ ਕਾਰਨ ਅੱਜ ਇਸਦੇ ਆਗੂ ਅਤੇ ਮਿਹਨਤੀ ਵਰਕਰ ਪਾਰਟੀ ਛੱਡ ਰਹੇ ਹਨ, ਇਸ ਲਈ ਲੋਕ ਇਨ੍ਹਾਂ ਨੂੰ ਮੂਹ ਨਹੀਂ ਲਗਾਉਣਗੇ।
ਇਸ ਮੌਕੇ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸ. ਫੌਜਇੰਦਰ ਸਿੰਘ ਮੁਖਮੈਲਪੁਰ, ਸ੍ਰੀ ਛੱਜੂ ਰਾਮ ਸੋਫਤ, ਮਾਸਟਰ ਉਜਾਗਰ ਸਿੰਘ ਸੀ.ਮੀਤ ਪ੍ਰਧਾਨ, ਕੁਲਦੀਪ ਸਿੰਘ ਸਰਪੰਚ, ਜਗਜੀਤ ਸਿੰਘ ਕੌਲੀ, ਜਰਨੈਲ ਸਿੰਘ ਅਲੀਪੁਰ, ਕੁਲਦੀਪ ਸਿੰਘ ਚੌਰਾ,ਤਰਸੇਮ ਸਿੰਘ ਕੌਲੀ, ਪ੍ਰੇਮ ਸਿੰਘ ਬੁਢਣਪੁਰ, ਗੁਰਜੰਟ ਸਿੰਘ ਨੂਰਖੇੜੀਆਂ, ਭੁਪਿੰਦਰ ਸਿੰਘ ਸੈਫਦੀਪੁਰ, ਜਤਿੰਦਰ ਸਿੰਘ ਮੁਹੱਬਤਪੁਰ, ਖਜਾਨ ਸਿੰਘ ਲਾਲੀ, ਅਵਤਾਰ ਸਿੰਘ ਸਲੇਮਪੁਰ, ਜਸਵੀਰ ਸਿੰਘ ਬਘੌਰਾ, ਸੁਲੱਖਣ ਸਿੰਘ ਹਰਪਾਲਪੁਰ, ਨਛੱਤਰ ਸਿੰਘ ਸਰਪੰਚ,ਸਤਪਾਲ ਸਿੰਘ , ਬੀਬੀ ਸੁਰਿੰਦਰ ਕੌਰ, ਬਲਕਾਰ ਸਿੰਘ ਸਰਪੰਚ, ਭਜਨ ਸਿੰਘ ਜਸਪਾਲ ਸਿੰਘ ਕੌਲੀ, ਸੁਰਮੁਖ ਸਿੰਘ ਵੀ ਹਾਜ਼ਰ ਸਨ।

