ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ 33ਵੀ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਆਰੰਭ

ਪਟਿਆਲਾ, 17 ਜਨਵਰੀ (ਜਸਵਿੰਦਰ ਸਿੰਘ ਬਾਗੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ “ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ(ਅਜੋਕੇ ਗਿਆਨ-ਵਿਗਿਆਨ ਅਤੇ ਤਕਨਾਲੋਜੀ ਦੇ ਸੰਦਰਭ ‘ਚ)” ਵਿਸ਼ੇ ‘ਤੇ 33ਵੀ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਅੱਜ ਇਥੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਆਰੰਭ ਹੋਈ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ।

ਕਾਨਫਰੰਸ ਦਾ ਉਦਘਾਟਨ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਬਲਦੇਵ ਸਿੰਘ ਢਿਲੋਂ ਨੇ ਕੀਤਾ। ਸ੍ਰ. ਤਰਲੋਚਨ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਨੇ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਆਪਣੀ ਭਾਸ਼ਾ, ਕਲਾ ਅਤੇ ਸਭਿਆਚਾਰ ਦੇ ਸ਼ਾਨਾਮੱਤੀ ਇਤਿਹਾਸ ਨੂੰ ਬਚਾਉਣ ਪ੍ਰਤੀ ਬਹੁਤ ਈਮਾਨਦਾਰ ਅਤੇ ਸੁਹਿਰਦ ਹਨ। ਉਨ੍ਹਾਂ ਅੱਗੇ ਕਿਹਾ ਕਿ “ਨੈਕ“ ਦੇ ਇਸ ਫੈਸਲੇ ਕਿ ਆਪਣੀ ਮਾਂ-ਬੋਲੀ ਨੂੰ ਬਚਾਉਣ ਲਈ ਪੰਜਾਬੀ ਯੂਨੀਵਰਸਿਟੀ ਦੇ ਨਕਸ਼ੇ-ਕਦਮ ਤੇ ਚੱਲਣ ਦੀ ਲੋੜ ਹੈ, ਪੰਜਾਬੀ ਯੂਨੀਵਰਸਿਟੀ ਨੂੰ ਇਸ ਦਿਸ਼ਾ ਵਿੱਚ ਬਹੁਤ ਸਾਰੀਆਂ ਧਿਰਾਂ ਵਲੋਂ ਪਹੁੰਚ ਕੀਤੀ ਜਾ ਰਹੀ ਹੈ। ਕਿਸੇ ਹੋਰ ਭਾਸ਼ਾ ਲਈ ਕੱਟੜਤਾ ਅਤੇ ਵਿਰੋਧੀ ਪ੍ਰਵਿਰਤੀ ਦਿਖਾਉਣ ਪ੍ਰਤੀ ਸਾਵਧਾਨ ਕਰਦਿਆਂ ਡਾ.ਜਸਪਾਲ ਸਿੰਘ ਨੇ ਹੋਰ ਭਾਸ਼ਾਵਾਂ ਵਿਸ਼ੇਸ਼ ਕਰਕੇ ਅੰਗਰੇਜੀ ਦੇ ਆਮ ਵਰਤੇ ਜਾਂਦੇ ਸ਼ਬਦਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਇਸ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ। ਡਾ. ਜਸਪਾਲ ਸਿੰਘ ਨੇ ਹੋਰ ਕਿਹਾ ਕਿ ਝਾਰਖੰਡ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਉਸ ਰਾਜ ਵਿੱਚ ਪੰਜਾਬੀ ਅਕਾਦਮੀ ਸਥਾਪਿਤ ਕਰਨ ਲਈ ਖਾਕਾ ਤਿਆਰ ਕਰਨ ਲਈ ਕਿਹਾ ਹੈ। ਇਸ ਮੌਕੇ ਤੇ ਡਾ. ਜਸਪਾਲ ਸਿੰਘ ਵਲੋਂ ਸ੍ਰ. ਤਰਲੋਚਨ ਸਿੰਘ, ਡਾ. ਹਰਦੇਵ ਸਿੰਘ ਵਿਰਕ ਅਤੇ ਡਾ. ਕੁਲਦੀਪ ਸਿੰਘ ਧੀਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
ਉਦਘਾਟਨੀ ਸ਼ਬਦ ਸਾਂਝੇ ਕਰਦਿਆਂ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਬਲਦੇਵ ਸਿੰਘ ਢਿਲੋਂ ਨੇ ਪੰਜਾਬੀ ਭਾਸ਼ਾ ਨੂੰ ਪੜ੍ਰਨਾ ਅਤੇ ਸਿੱਖਣਾ ਹੋਰ ਆਸਾਨ ਬਣਾਉਣ ਲਈ ਸੰਸਕ੍ਰਿਤਕ ਭਾਸ਼ਾਵਾਂ ਦੀ ਬਜਾਏ ਲੋਕ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬੀ ਦੀ ਵਰਤੋਂ ਦਾ ਘੇਰਾ ਵਿਸ਼ਾਲ ਬਣਾਉਣ ਲਈ ਪ੍ਰਿੰਟ ਮੀਡੀਆ ਵਿੱਚ ਵੱਧ ਤੋਂ ਵੱਧ ਲੇਖਾਂ ਦੀ ਰਚਨਾ ਅਤੇ ਅਨੁਵਾਦ ਕਰਨ ਦੀ ਅਪੀਲ ਕੀਤੀ।
ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਹਰਦੇਵ ਸਿੰਘ ਵਿਰਕ, ਪ੍ਰੋਫੈਸਰ ਆਫ ਐਮੀਨੈਂਸ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਅਰਸਤੂ ਅਤੇ ਸਟੀਫਨ ਹਾਕਿੰਗ ਵਰਗੇ ਵਿਦਵਾਨਾਂ ਤੋਂ ਫਿਲਾਸਫੀ ਅਤੇ ਵਿਗਿਆਨ ਦੇ ਖੇਤਰ ਵਿੱਚ ਕੀਤੇ ਪ੍ਰਤਿਸ਼ਠਾਵਾਨ ਕੰਮ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਸਾਇੰਸਦਾਨਾਂ ਨੂੰ ਖੋਜ ਕਾਰਜ ਕਰਨ ਵਿੱਚ ਪ੍ਰੇਰਨਾ ਲੈਣੀ ਚਾਹੀਦੀ ਹੈ। ਸ੍ਰ. ਤਰਲੋਚਨ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ, ਕਲਾ ਅਤੇ ਸਭਿਆਚਾਰ ਦੇ ਵਿਕਾਸ ਲਈ ਪਿਛਲੇ ਕੁੱਝ ਸਾਲਾਂ ਵਿੱਚ ਡਿਜੀਟਲ ਤਕਨਾਲੋਜੀ ਦਾ ਭਰਪੂਰ ਲਾਭ ਉਠਾਇਆ ਹੈ। ਉਨ੍ਹਾਂ ਨੇ ਅਜੋਕੇ ਯੁੱਗ ਵਿੱਚ ਵਿਗਿਆਨਾਂ ਦੇ ਵੱਖ ਵੱਖ ਖੇਤਰਾਂ ਵਿੱਚ ਅਪ੍ਰਚਿਲਿਤ ਗਿਆਨ ਦੇ ਮੱਦੇਨਜ਼ਰ ਅਨੁਵਾਦਿਤ ਕਾਰਜਾਂ ਤੇ ਨਿਰਭਰ ਨਾ ਰਹਿ ਕੇ ਮੂਲ ਰੂਪ ਵਿੱਚ ਰਚਨਾਵਾਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਇਹ ਪੰਜਾਬੀ ਯੂਨੀਵਰਸਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਵਲੋਂ 2,500 ਤੋਂ ਵੱਧ ਸਟੈਂਡਰਡ ਵੋਲਿਊਮਜ਼ ਦੀ ਸਿਰਜਣਾ ਕੀਤੀ ਜਾ ਚੁੱਕੀ ਹੈ ਜੋ ਕਿ ਇੱਕ ਰਿਕਾਰਡ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਵਿਗਿਆਨਕ ਤਕਨਾਲੋਜੀ ਵਿੱਚਕਾਰ ਇੱਕ ਕੜੀ ਸਥਾਪਿਤ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਡਾ. ਸੁਰਜੀਤ ਸਿੰਘਿ ਢਿਲੋਂ, ਡਾ. ਜਗਬੀਰ ਸਿੰਘ, ਪ੍ਰੋ. ਅੱਛਰੂ ਸਿੰਘ, ਡਾ. ਆਗਿਆਜੀਤ ਸਿੰਘ, ਸ਼੍ਰੀ ਕ੍ਰਿਪਾਲ ਕਜ਼ਾਕ ਅਤੇ ਡਾ. ਯੋਗਰਾਜ ਵਲੋਂ ਲਿਖਿਤ ਪੁਸਤਕਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ।ਡਾ. ਬਲਜੀਤ ਕੌਰ ਸੇਖੋਂ, ਵਿਭਾਗ ਮੁਖੀ ਅਤੇ ਡਾ. ਅਮਰਜੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *