ਜਨਰਲ ਜੇ.ਜੇ. ਸਿੰਘ ਨੇ ਸਾਇਕਲ ਰੈਲੀ ਕੱਢ ਕੇ ਕੀਤਾ ਚੋਣ ਪ੍ਰਚਾਰ
ਸਿਪਾਹੀ ਦਾ ਪੋਤਾ ਮਹਾਰਾਜੇ ਨੂੰ ਹਰਾ ਕੇ ਇਤਿਹਾਸ ਬਣਾਏਗਾ- ਜਨਰਲ ਜੇ.ਜੇ. ਸਿੰਘ
ਪਟਿਆਲਾ, 23 ਜਨਵਰੀ ( ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਅੱਜ ਇਥੇ ਸਾਇਕਲ ਰੈਲੀ ਕੱਢਕੇ ਅਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ ਕੀਤਾ। ਉਹਨਾਂ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਬੁੱਤ ਕੋਲ ਸ਼ਰਧਾਂਜਲੀ ਭੇਂਟ ਕਰਕੇ ਮਾਲ ਰੋਡ ‘ਤੇ ਸ਼ੁਰੂ ਕੀਤੀ ਸਾਇਕਲ ਰੈਲੀ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਸਮਾਪਤ ਕੀਤੀ।
ਇਸ ਦੌਰਾਨ ਜਨਰਲ ਨੇ ਲੋਕਾਂ ਨੂੰ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਮੁੜ ਤੋਂ ਬਣਾਉਣ ਲਈ ਦੇਸ਼ ਦੀ ਰੱਖਿਆ ਲਈ ਖਰ੍ਹੇ ਉਤਰੇ ‘ਜਨਰਲ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿਤਾ ਕਿ ਸੂਬੇ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਬਹਾਲ ਰੱਖਣ ਲਈ ਅਕਾਲੀ-ਭਾਜਪਾ ਗਠਜੋੜ ਨੂੰ ਮੁੜ ਤੋਂ ਜਿਤਾਇਆ ਜਾਵੇ।
ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ ਮਹਿਲਾਂ ਵਾਲੇ ਅਖੌਤੀ ਮਹਾਰਾਜਿਆਂ ਨੂੰ ਅਪਣੀ ਹਾਰ ਸਾਹਮਣੇ ਨਜ਼ਰ ਆ ਰਹੀ ਹੈ, ਕਿਉਂਕਿ ਇਕ ਸਿਪਾਹੀ ਦੇ ਪੋਤੇ ਵਲੋਂ ਰਾਜਿਆਂ-ਮਹਾਰਾਜਿਆਂ ਨੂੰ ਹਰਾ ਕੇ ਪਟਿਆਲਾ ‘ਚ ਨਵਾਂ ਇਤਿਹਾਸ ਰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ‘ਚ ਨਾ ਮਹਾਰਾਜੇ ਰਹੇ ਤੇ ਨਾ ਹੀ ਮਹਾਰਾਣੀਆਂ, ਇਸ ਲਈ ਇਨ੍ਹਾਂ ਮਹਿਲਾਂ ਵਾਲਿਆਂ ਨੂੰ ਜਨਤਾ ਤੋਂ ਡਰਨਾ ਚਾਹੀਦਾ ਹੈ ਕਿਉਂਕਿ ਜਨਤਾ ਇਨ੍ਹਾਂ ਦੇ ਧੋਖਿਆਂ ਬਾਬਤ ਸਭ ਕੁਝ ਜਾਣਦੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਮਹਾਰਾਜਿਆਂ ਨੇ ਸਿੱਖ ਫ਼ੌਜਾਂ ਨੂੰ ਹਰਾਉਣ ਲਈ ਅੰਗਰੇਜਾਂ ਨਾਲ ਸੰਧੀ ਕੀਤੀ ਤੇ ਇਸ ਤੋਂ ਪਹਿਲਾਂ ਮੁਗਲਾਂ ਨਾਲ ਵੀ ਹੱਥ ਮਿਲਾਇਆ ਤੇ ਸਿੱਖ ਮਿਸਲਾਂ ਦੇ ਖ਼ਿਲਾਫ਼ ਲੜਾਈ ਲੜੀ। ਇਸ ਮੌਕੇ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ-2 ਪ੍ਰਧਾਨ ਹਰਪਾਲ ਜੁਨੇਜਾ, ਕੌਂਸਲਰ, ਅਮੀਤ ਸਿੰਘ, ਭੁਪਿੰਦਰ ਸਿੰਘ, ਭਗਵਾਨ ਦਾਸ ਜੁਨੇਜਾ, ਚੇਅਰਮੈਨ ਵਿਸ਼ਨੂੰ ਸ਼ਰਮਾ, ਚੇਅਰਮੈਨ ਨਰਦੇਵ ਸਿੰਘ ਆਕੜੀ, ਮੇਅਰ ਅਮਰਿੰਦਰ ਸਿੰਘ ਬਜਾਜ, ਇੰਦਰ ਮੋਹਨ ਸਿੰਘ ਬਜਾਜ, ਸੁਖਬੀਰ ਸਿੰਘ ਸਨੌਰ ਕੌਮੀ ਸੀ. ਪ੍ਰਧਾਨ, ਜੋਨੀ ਕੋਹਲੀ, ਜੋਗਿੰਦਰ ਸਿੰਘ ਛਾਂਗਾ ਸਾਬਕਾ ਕੌਂਸਲਰ, ਚਰਨਜੀਤ ਸਿੰਘ ਭਾਟੀਆ ਆਦਿ ਵੱਡੀ ਗਿਣਤੀ ਵਿਚ ਨੇਤਾ ਹਾਜਰ ਸਨ।

