ਪੰਜਾਬਪਟਿਆਲਾ

ਡਾ. ਬਲਬੀਰ ਸਿੰਘ ਨੇ ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ

ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਜ਼ਰੂਰੀ-ਸਿਸੋਦੀਆ
ਡਾ. ਬਲਬੀਰ ਸਿੰਘ ਦੇ ਹੱਕ ‘ਚ ਨਿਕਲੇ ਰੋਡ ਸ਼ੋਅ ‘ਚ ਉਮੜਿਆ ਜਨ ਸੈਲਾਬ
ਪਟਿਆਲਾ 2 ਫਰਵਰੀ, (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ‘ਚ ਇਕ ਵੱਡੇ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ।
ਇਸ ਰੋਡ ਸ਼ੋਅ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਟਿਆਲਾ ਸ਼ਹਿਰੀਆਂ ਨੇ ਸ਼ਮੂਲੀਅਤ ਕਰਕੇ ਪੰਜਾਬ ਵਿਚ 11 ਮਾਰਚ ਨੂੰ ਆਉਣ ਵਾਲੇ ਵੱਡੇ ਬਦਲਾਅ ਨੂੰ ਹਕੀਕਤ ਦਾ ਰੂਪ ਦਿੱਤਾ। ਇਸ ਰੋਡ ਸ਼ੋਅ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਜ਼ ਸਿਸੋਦੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।

ਇਹ ਰੋਡ ਸ਼ੋਅ ਪੀ ਆਰ ਟੀ ਸੀ ਵਰਕਸ਼ਾਪ ਨਾਭਾ ਰੋਡ ਤੋਂ ਸਵੇਰੇ 11 ਵਜੇ ਸ਼ੁਰੂ ਹੋਇਆ। ਜੋ ਸਿਵਲ ਲਾਈਨ ਥਾਣਾ, ਢਿੱਲੋਂ ਮਾਰਗ, ਮਾਡਲ ਟਾਊਨ, ਲੀਲ੍ਹਾ ਭਵਨ ਮਾਰਕੀਟ, ਫੁਆਰਾ ਚੌਕ, ਮੋਦੀ ਕਾਲਜ, ਅਫਸਰ ਕਲੋਨੀ, ਐਨ ਆਈ ਐਸ ਤੋਂ ਹੁੰਦਾ ਹੋਇਆ ਸਨੌਰੀ ਅੱਡਾ, ਲੱਕੜ ਮੰਡੀ, ਸਰਹੰਦੀ ਗੇਟ ਤੋਂ ਬਾਅਦ ਬੱਸ ਸਟੈਂਡ ਜਾ ਕੇ ਸਮਾਪਤ ਹੋਇਆ। ਇਸ ਰੋਡ ਸ਼ੋਅ ਦੌਰਾਨ ਪਟਿਆਲਾ ਨਿਵਾਸੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਮ ਆਦਮੀ ਪਾਰਟੀ ਪ੍ਰਤੀ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਪੰਜਾਬ ‘ਚ ਕਾਂਗਰਸ ਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਗਰੀਬਾਂ ਦਾ ਪੈਸਾ ਲੁੱਟ ਕੇ ਆਪਣੀਆਂ ਤਿਜੋਰੀਆਂ ਭਰਨ ਦਾ ਹੀ ਕੰਮ ਕੀਤਾ ਹੈ। ਬਾਦਲਾਂ ਨੇ ਪੰਜਾਬ ਦੇ ਮੁਨਾਫੇ ਵਾਲੇ ਸਾਰੇ ਕਾਰੋਬਾਰਾਂ ‘ਤੇ ਕਬਜ਼ਾ ਕਰਕੇ ਵਪਾਰੀਆਂ ਦਾ ਲੱਕ ਤੋੜ ਦਿੱਤਾ ਹੈ। ਪੰਜਾਬ ਦੀ ਕਿਸਾਨੀ ਕਰਜ਼ਈ ਹੋਣ ਕਾਰਨ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ। ਅਕਾਲੀਆਂ ਦੇ ਰਾਜ ਵਿਚ ਸੂਬੇ ਦੀ ਅਮਨ ਤੇ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਮਿਲੀ ਭੁਗਤ ਨਾਲ ਪੰਜਾਬ ਉਤੇ ਰਾਜ ਕਰਨ ਦੀ ਰਾਜਨੀਤੀ ਕਰ ਰਹੇ ਹਨ। ਪੰਜਾਬ ਦੀ ਭਲਾਈ ਲਈ ਕਾਂਗਰਸ ਤੇ ਅਕਾਲੀਆਂ ਦਾ ਗੱਠਜੋੜ ਤੋੜਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਪਰਿਵਾਰ ਦਹਾਕਿਆਂ ਤੋਂ ਪੰਜਾਬ ਦੀ ਭੋਲੀਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਵੋਟਾਂ ਬਅੋਰ ਰਹੇ ਹਨ। ਇਹ ਗੱਠਜੋੜ ਕੇਵਲ ਪੰਜਾਬ ਨੂੰ ਲੱਟਣ ਤੱਕ ਹੀ ਨਹੀਂ ਬਲਕਿ ਇਨਸਾਫ ਮੰਗਣ ਵਾਲਿਆਂ ਦੇ ਸੰਘਰਸ਼ਾਂ ਦੀਆਂ ਆਵਾਜਾਂ ਨੂੰ ਦਬਾਉਣ ਲਈ ਜਾਲਮਾਨਾਂ ਰੂਪ ਧਾਰਦਾ ਰਿਹਾ ਹੈ। ਉਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਹੁਣ ਤੱਕ ਕਾਬੂ ਕਰਨ ਵਿਚ ਨਾਕਾਮ ਰਹੀ ਹੈ। ਜਦੋਂ ਕਿ ਇਸ ਪ੍ਰਤੀ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਨਿਹੱਥਿਆਂ ‘ਤੇ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ‘ਤੇ ਹੋਏ ਅੱਤਿਆਚਾਰਾਂ ਦਾ ਇਨਸਾਫ ਦਿਵਾਇਆ ਜਾਵੇਗਾ। ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਜੇਲ੍ਹ ਵਿਚ ਡੱਕਿਆ ਜਾਵੇਗਾ।
ਇਸ ਮੋਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਸਾਕਾਰ ਕਰਨ ਜਾ ਰਹੀ ਹੈ। ਪੰਜਾਬ ਦੇ ਬੱਚਿਆਂ ਨੂੰ ਸਸਤੀ ਸਿੱਖਿਆ, ਸਿਹਤ ਸਹੂਲਤਾਂ, ਪਿੰਡਾਂ ਦਾ ਸ਼ਹਿਰ ਦੀ ਤਰਜ਼ ‘ਤੇ ਵਿਕਾਸ, ਵਾਤਾਵਰਣ ਦੀ ਸਾਂਭ ਸੰਭਾਲ ਲਈ ਉਚੇਚੇ ਕਦਮ ਚੁੱਕ ਕੇ ਹਵਾ ਤੇ ਪਾਣੀ ਨੂੰ ਸਾਫ ਕਰਨ ਲਈ ਪ੍ਰੋਜੈਕਟ ਲਾਉਣ ਅਤੇ ਸੂਬੇ ਦੀ ਆਰਥਿਕਤਾ ਦੇ ਨਾਲ ਨਾਲ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਆਮ ਆਦਮੀ ਪਾਰਟੀ ਦਿੱਲੀ ਦੀ ਤਰਜ਼ ‘ਤੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੇਲੇ ਸਰਕਾਰੀ ਨੌਕਰੀਆਂ ਉਤੇ ਪਾਬੰਦੀ ਲਾ ਕੇ ਲੱਖਾਂ ਨੌਜਵਾਨਾਂ ਦਾ ਭਵਿੱਖ ਹਨ੍ਹੇਰੇ ਵਿਚ ਧੱਕ ਦਿੱਤਾ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਝੂਠਾ ਵਾਅਦਾ ਕਰਕੇ ਕੈਪਟਨ ਵੋਟਾਂ ਬਟੋਰਨੀਆਂ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕਣ ਵਾਲਿਆਂ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਨਹੀਂ ਕਰ ਸਕੀ। ਜਿਸ ਕਾਰਨ ਨਸ਼ੇ ਦੇ ਵਪਾਰੀਆਂ ਦੇ ਹੌਸਲੇ ਵਧੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਅਣਖੀ ਲੋਕ ਹੁਣ ਕਾਂਗਰਸ ਤੇ ਅਕਾਲੀ ਦਲ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਤੇ ਇਸ ਵਾਰ ਝਾੜੂ ਦਾ ਬਟਨ ਦਬਾ ਕੇ ਨਵਾਂ ਇਨਕਲਾਬ ਲਿਆਉਣਗੇ। ਉਨ੍ਹਾਂ ਇਸ ਮੌਕੇ ਉਨ੍ਹਾਂ ਲੋਕਾਂ ਨੂੰ 4 ਫਰਵਰੀ ਨੂੰ ਬੇਖੌਫ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਰਿਵਾਇਤੀ ਪਾਰਟੀਆਂ ਨੂੰ ਪੰਜਾਬ ‘ਚੋਂ ਚਲਦਾ ਕਰਨ ਦੀ ੰ ਅਪੀਲ ਕੀਤੀ।

Leave a Reply

Your email address will not be published. Required fields are marked *