ਖਾਲਸਾ ਕਾਲਜ ਪਟਿਆਲਾ ਦੇ ਕੰਪਿਊਟੌਨਿਕਸ ਕਲੱਬ ਵਲੋਂ ਆਯੋਜਿਤ ਪੇਪਰ ਪ੍ਰਸਤੁਤ ਮੁਕਾਬਲਾ
ਪਟਿਆਲਾ (ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਕੰਪਿਊਟੌਨਿਕਸ ਕਲੱਬ ਵਲੋਂ ਪੇਪਰ ਪ੍ਰੈਜ਼ਨਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬੀ.ਸੀ.ਏ., ਪੀ.ਜੀ.ਡੀ.ਸੀ.ਏ, ਐਮ.ਐਸੀ.ਆਈ.ਟੀ. ਅਤੇ ਬੀ.ਵਾਕ. ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਵੱਖ ਵੱਖ ਆਧੁਨਿਕ ਤਕਨੀਕੀ ਵਿਸ਼ਿਆਂ ‘ਤੇ ਜਿਵੇਂ ਕਿ ਇੰਟਰਨੈੱਟ ਸਕਿਊਰਟੀ, ਡਿਜੀਟਲ ਜਵੈਲਰੀ, ਇਲੈਕਟ੍ਰਾਨਿਕ ਪੇਮੈਂਟ ਸਿਸਟਮ, ਡੀਪ ਐਂਡ ਡਾਰਕ ਵੈਬ ਆਦਿ ਵਿਸ਼ਿਆਂ ‘ਤੇ ਪੇਪਰ ਪੜ੍ਹੇ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਕਾਰਜ ਵਿਦਿਆਰਥੀਆਂ ਦੇ ਸੰਚਾਰ ਹੁਨਰ ਵਿਚ ਵਾਧਾ ਕਰਨ ਤੋਂ ਇਲਾਵਾ ਉਨ੍ਹਾਂ ਵਿਚ ਤਕਨੀਕੀ ਜਾਗਰੂਕਤਾ ਨੂੰ ਵੀ ਵਧਾਉਂਦੇ ਹਨ। ਡਾ. ਉੱਭਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ ਗਈ।
ਪ੍ਰੋ. ਸੁਖਮੀਨ ਕੌਰ, ਮੁੱਖੀ ਕੰਪਿਊਟਰ ਵਿਭਾਗ, ਨੇ ਇਸ ਮੁਕਾਬਲੇ ਦੌਰਾਨ ਪ੍ਰਤੀਯੋਗੀ ਵਿਦਿਆਰਥੀਆਂ ਦੇ ਨਵੀਨ ਵਿਚਾਰਾਂ ‘ਤੇ ਪੇਪਰ ਪੇਸ਼ ਕਰਨ ਦੇ ਉਦਮ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿਚ ਇਸ ਤਰ੍ਹਾਂ ਦੇ ਉੱਚ ਪੱਧਰੀ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਪ੍ਰੋ. ਜਤਿੰਦਰ ਕੌਰ ਕਨਵੀਨਰ ਕੰਪਿਊਟੌਨਿਕਸ ਕਲੱਬ ਅਤੇ ਪ੍ਰੋ. ਇੰਦਰਬੀਰ ਕੌਰ ਕੋਆਰਡੀਨੇਟਰ, ਕੰਪਿਊਟੌਨਿਕਸ ਕਲੱਬ ਨੇ ਦੱਸਿਆ ਕਿ ਵਿਭਾਗ ਵਲੋਂ ਅਜਿਹੇ ਪ੍ਰੋਗਰਾਮਾ ਦਾ ਆਯੋਜਨ ਇਸ ਕਰਕੇ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਅਜੋਕੇ ਸਮੇਂ ਦੇ ਤਕਨੀਕੀ ਯੁੱਗ ਦੇ ਹਾਣੀ ਬਣ ਸਕਣ।
ਪ੍ਰੋ. ਜਸਪ੍ਰੀਤ ਸਿੰਘ ਇਸਾਜ ਅਤੇ ਪ੍ਰੋ. ਜਸਪ੍ਰੀਤ ਸਿੰਘ ਬਜਾਜ ਨੇ ਜੱਜ ਦੀ ਭੂਮਿਕਾ ਨਿਭਾਈ। ਵਿਦਿਆਰਥੀ ਸ਼ਗਨਦੀਪ ਸਿੰਘ (ਬੀ.ਸੀ.ਏ. ਭਾਗ ਪਹਿਲਾ) ਨੇ ਪਹਿਲਾ ਸਥਾਨ, ਪਰਵੀਨ ਗਰਗ (ਬੀ.ਸੀ.ਏ. ਭਾਗ ਤੀਜਾ) ਨੇ ਦੂਜਾ ਸਥਾਨ, ਨਵਦੀਪ ਸਿੰਘ (ਪੀ.ਜੀ.ਡੀ.ਸੀ.ਏ.) ਅਤੇ ਗੁਰਕੀਰਤ ਕੌਰ (ਬੀ.ਵਾਕ. ਭਾਗ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੁਕਾਬਲੇ ਦੌਰਾਨ ਐਮ.ਐਸੀ.ਆਈ.ਟੀ. ਭਾਗ ਦੂਜਾ ਦੇ ਵਿਦਿਆਰਥੀ ਪਲਵੀ ਬਾਂਸਲ ਅਤੇ ਰਜਤ ਕੁਮਾਰ ਬਾਵਾ ਨੇ ਸਟੇਜ ਸੰਚਾਲਨ ਕੀਤਾ।

