ਪਟਿਆਲਾ

ਰਾਸ਼ਟਰੀ ਵਿਗਿਆਨ ਦਿਵਸ : ਅਪਾਹਜ ਰੋਗਾਂ ਨਾਲ ਪੀੜਤ ਬੱਚਿਆਂ ਲਈ ਸਪੈਸ਼ਲ ਸੈਲ ਜਾਂ ਵਿਭਾਗ ਖੋਲ੍ਹਣ ਦੀ ਪੇਸ਼ਕਸ਼ : ਡਾ. ਜਸਪਾਲ ਸਿੰਘ

ਪਟਿਆਲਾ, 28 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਵਲੋਂ ਸਾਲਾਨਾ ਦਿਵਸ ਵਜੋਂ ਮਨਾਇਆ ਜਾ ਰਿਹਾ ਰਾਸ਼ਟਰੀ ਵਿਗਿਆਨ ਦਿਵਸ ਅੱਜ ਇਥੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਭਾਰੀ ਗਿਣਤੀ ਵਿੱਚ ਅਧਿਆਪਕਾਂ, ਰਿਸਰਚ ਸਕਾਲਰਾਂ ਅਤੇ ਸਾਇੰਸ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ।

ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਸਮਾਰੋਹ ਦੇ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਅਪਾਹਜ ਵਿਅਕਤੀਆਂ ਲਈ ਵਿਗਿਆਨ ਅਤੇ ਤਕਨਾਲੋਜੀ“ ਵਿਸ਼ੇ ਤੇ ਆਯੋਜਿਤ ਕੀਤੇ ਗਏ ਇਸ ਸਮਾਰੋਹ ਦਾ ਮੁੱਖ ਫੋਕਸ ਸਮਾਜ ਦੇ ਇਸ ਵਰਗ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਛੁੱਪੀਆਂ ਨਿਪੁੰਨਤਾਵਾਂ ਅਤੇ ਸਮਰੱਥਾ ਭਰਪੂਰ ਯੋਗਤਾਵਾਂ ਦੁਆਰਾ ਮੁੱਖ ਧਾਰਾ ਵਿੱਚ ਲਿਆਉਣਾ ਹੈ।
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ.ਜਸਪਾਲ ਸਿੰਘ ਨੇ ਯੂਨੀਵਰਸਿਟੀ ਵਿੱਚ ਅਪਾਹਜ ਰੋਗਾਂ ਨਾਲ ਪੀੜਤ ਬੱਚਿਆਂ ਨੂੰ ਵਿਸ਼ੇਸ਼ ਸਿਖਲਾਈ ਦੇਣ ਲਈ ਸਪੈਸ਼ਲ ਸੈੱਲ ਜਾਂ ਵਿਭਾਗ ਖੋਲਣ ਦੀ ਪੇਸ਼ਕਸ਼ ਕੀਤੀ।
ਉਨ੍ਹਾਂ ਡਾ. ਕੇ.ਵੀ.ਐਸ. ਰਾਓ, ਡਾਇਰੈਕਟਰ, ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮੰਤਰਾਲਾ ਅਤੇ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਸਮਾਜ ਸੇਵਕ ਕਰਨਲ ਕਰਮਿੰਦਰ ਸਿੰਘ ਨੂੰ ਇਸ ਸੰਦਰਭ ਵਿੱਚ ਇੱਕ ਪ੍ਰਸਤਾਵ ਬਣਾਉਣ ਲਈ ਕਿਹਾ। ਡਾ. ਜਸਪਾਲ ਸਿੰਘ ਨੇ ਅੱਗੇ ਕਿਹਾ ਕਿ ਇਨ੍ਹਾਂ ਬੱਚਿਆਂ ਲਈ ਤਕਨਾਲੋਜੀ ਦੇ ਪਰਿਪੇਖ ਤੋਂ ਸਾਡੇ ਸਾਰਿਆਂ ਲਈ ਨਵੇਂ ਰਾਹ ਖੁੱਲ ਗਏ ਹਨ ਜਦ ਕਿ ਪਹਿਲਾਂ ਕੇਵਲ ਸਾਹਿਤ ਜਾਂ ਸੰਗੀਤ ਹੀ ਸੁਰਖੀਆਂ ਵਿੱਚ ਰਹਿੰਦੇ ਸਨ। ਡਾ. ਜਸਪਾਲ ਸਿੰਘ ਨੇ ਹੋਰ ਕਿਹਾ ਕਿ ਇਸ ਖੇਤਰ ਵਿੱਚ ਇੱਕ ਨਵਾਂ ਚੈਪਟਰ ਖੁੱਲ ਗਿਆ ਹੈ ਜਿਸ ਨਾਲ ਨਵੇਂ ਮੀਲ ਪੱਥਰ ਅਤੇ ਨਵੀਂਆਂ ਸੰਭਾਵਨਾਵਾਂ ਪੈਦਾ ਹੋਣਗੀਆਂ।
ਡਾ. ਸੁਜੋਇ ਕੇ. ਗੁਹਾ, ਸਕੂਲ ਆਫ ਮੈਡੀਕਲ ਸਾਇੰਸ ਐਂਡ ਟੈਕਨਾਲੋਜੀ, ਆਈ.ਆਈ.ਟੀ, ਖੜਗਪੁਰ ਨੇ ਕਿਹਾ ਕਿ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਮੁੱਦਿਆਂ ਨੂੰ ਸੁਲਝਾਉਣ ਦੇ ਪੱਖ ਤੋਂ ਮਨੁੱਖਾਂ ਦੇ ਖੁਫੀਆ ਅਤੇ ਅੰਦਰੂਨੀ ਤੰਤਰ ਬੌਧਿਕ ਗਿਆਨ ਦੇ ਭੰਡਾਰ ਨਾਲੋਂ ਵੱਧ ਮਹੱਤਵਪੂਰਨ ਹਨ। ਉਨਾਂ ਅੱਗੇ ਕਿਹਾ ਕਿ ਵੱਖਰੇ ਅਪਾਹਜ ਵਿਅਕਤੀ ਆਪਣੀ ਸਰੀਰਕ ਅਪੰਗਤਾ ਹੋਣ ਦੇ ਬਾਵਜੂਦ ਮਸ਼ੀਨਾਂ ਅਤੇ ਤਕਨਾਲੋਜੀ ਯੰਤਰ ਨੂੰ ਵਧੀਆ ਢੰਗ ਨਾਲ ਚਲਾਉਂਦੇ ਹਨ। ਡਾ. ਗੁਹਾ ਨੇ ਮੰਚ ਤੇ ਦੋ ਅਜਿਹੇ ਵਿਅਕਤੀਆਂ ਨੂੰ ਬੁਲਾਇਆ ਜੋ ਆਟੋਮੋਬਾਇਲ ਖੇਤਰ ਵਿੱਚ ਇੰਜੀਨੀਅਰ ਵਜੋਂ ਕਾਰਜਸ਼ੀਲ ਹਨ।
ਨਿਊਰੋ-ਮੋਟਰ ਡੀਜਨਰੇਸ਼ਨ ਕੰਡੀਸ਼ਨ ਨਾਲ ਪੀੜਤ ਉਘੇ ਲੇਖਕ ਸਟੀਫਨ ਹਾਕਿੰਗ ਦੀ ਮਿਸਾਲ ਦਿੰਦਿਆਂ ਡਾ. ਰਾਓ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਮੰਤਰਾਲੇ ਦੁਆਰਾ ਲਗਾਤਾਰ ਵਿਤੀ ਮਦਦ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਸੰਸਦ ਵਿੱਚ ਇੱਕ ਬਿਲ ਪਾਸ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਸਮਾਜ ਦੇ ਇਸ ਪੱਛੜੇ ਵਰਗ ਦੀ ਹਰ ਸੰਭਵ ਸਹਾਇਤਾ ਕਰਨ ਲਈ ਤਿਆਰ ਹੈ।
ਡਾ. ਦੇਵਿੰਦਰ ਸਿੰਘ ਨੇ ਅਪਾਹਜ ਵਿਅਕਤੀਆਂ ਦੁਆਰਾ ਆਮ ਵਿਅਕਤੀਆਂ ਨਾਲ ਮੁਕਾਬਲਾ ਲਈ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਡਾ. ਵਿਸ਼ਾਲ ਗੋਇਲ, ਐਸੋਸ਼ੀਏਟ ਪ੍ਰੋਫੈਸਰ, ਕੰਪਿਊਟਰ ਸਾਇੰਸ ਵਿਭਾਗ ਨੇ ਵੱਖਰੇ ਅਪਾਹਜ ਵਿਅਕਤੀਆਂ ਲਈ ਤਿਆਰ ਕੀਤੇ ਆਪਣੇ ਸਾਫਟਵੇਅਰ ਦੀ ਨੁਮਾਇਸ਼ ਕੀਤੀ ਜਿਸ ਨੂੰ ਸਰੋਤਿਆਂ ਵਲੋਂ ਬਹੁਤ ਸਲਾਹਿਆ ਗਿਆ। ਡਾ. ਕਿਰਨ, ਅਸਿਸਟੈਂਟ ਪ੍ਰੋਫੈਸਰ, ਸਮਾਜ ਵਿਗਿਆਨ ਵਿਭਾਗ ਨੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੂੰ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉਸ ਨੂੰ ਪੰਜ ਸਾਲ ਪਹਿਲਾਂ ਯੂਨੀਵਰਸਿਟੀ ਵਿਚ ਨੌਕਰੀ ਦਿਆਉਣ ਵਿੱਚ ਮਦਦ ਕੀਤੀ। ਡਾ. ਕਿਰਨ ਹੁਣ ਤਿੰਨ ਪੀ.ਐਚ.ਡੀ ਅਤੇ ਸੱਤ ਐਮ.ਫਿਲ ਵਿਦਿਆਰਥੀਆਂ ਨੂੰ ਕਲਾਸਾਂ ਲੈਣ ਤੋਂ ਇਲਾਵਾ ਗਾਈਡ ਕਰ ਰਹੀ ਹੈ।
ਇਸ ਤੋਂ ਪਹਿਲਾਂ ਸਮਾਰੋਹ ਦੇ ਕੋ-ਕੋਆਰਡੀਨੇਟਰ ਡਾ. ਏ.ਜੀ.ਕੇ. ਸਿਨਹਾ, ਡੀਨ ਫੈਕਲਟੀ ਆਫ ਮੈਡੀਸਨ ਨੇ ਆਏ ਮਹਿਮਾਨਾਂ ਲਈ ਸੁਆਗਤੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਤੇ ਇੱਕ ਪੋਸਟਰ-ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਗੌਰਵ ਸ਼ਰਮਾ, ਫਰੈਂਕਿਨ, ਅੰਗਨਾ ਅਤੇ ਰੀਮਾ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਪੁਰਸਕਾਰ ਪ੍ਰਾਪਤ ਕੀਤੇ।

Leave a Reply

Your email address will not be published. Required fields are marked *