ਕੇਂਦਰੀ ਸਭਾ ਵਲੋਂ ਉਪ ਕੁਲਪਤੀ ਪ੍ਰੋ. ਅਰਵਿੰਦ ਨਾਲ਼ ਗੰਭੀਰ ਮੁੱਦਿਆਂ ਤੇ ਕੀਤੀ ਮੀਟਿੰਗ.
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਵਲੋਂ ਅੱਜ ਮਿਤੀ 23-6-2023 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ.ਅਰਵਿੰਦ ਨਾਲ਼ ਯੂਨੀਵਰਸਿਟੀ ਅੰਦਰ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਗੰਭੀਰ ਮੁੱਦਿਆਂ ਤੇ ਅਹਿਮ ਵਿਚਾਰ ਚਰਚਾ ਕੀਤੀ ਗਈ ਜਿਸ ਅੰਦਰ ਕੇਂਦਰੀ ਪੰਜਾਬੀ ਵਲੋਂ ਭੇਜੇ ਗਏ ਮੰਗ ਪੱਤਰ ਅਨੁਸਾਰ ਢੁੱਕਵੇਂ ਫੈਸਲੇ ਲਏ ਗਏ ਜਿਸ ਅੰਦਰ ਤਕਨੀਕੀ ਅਤੇ ਕਿੱਤਾਮਈ ਕੋਰਸਾਂ ਅੰਦਰ ਛੇ ਸਮੈਸਟਰਾਂ ਲਈ ਲਾਜ਼ਮੀ ਪੰਜਾਬੀ ਲਾਗੂ ਕਰਨ ਲਈ ਅਕੈਡਮਿਕ ਕੌਂਸਿਲ ਦੀ ਇਕੱਤਰਤਾ ਮੁੜ ਬੁਲਾਉਣ ਲਈ ਅਤੇ ਇਸ ਉਪਰੰਤ ਕੇਂਦਰੀ ਸਭਾ ਦੇ ਨੁਮਾਇੰਦੇ ਬੁਲਾਉਣ ਲਈ ਸਹਿਮਤੀ ਹੋਈ।ਇਸ ਤੋਂ ਪਹਿਲਾਂ ਹੋਈ ਕੌਂਸਿਲ ਮੀਟਿੰਗ ਵਿੱਚ ਚਾਰ ਸਮੈਸਟਰਾਂ ਚ ਲਾਜ਼ਮੀ ਪੰਜਾਬੀ ਪੜ੍ਹਾਉਣ ਦਾ ਫੈਸਲਾ ਹੋਇਆ ਸੀ।ਪ੍ਰੋ ਅਰਵਿੰਦ ਨੇ ਦੱਸਿਆ ਪੰਜਾਬੀ ਬੀ ਏ ਆਨਰਜ ਸਕੂਲ ਨੂੰ ਖਤਮ ਨਹੀਂ ਕੀਤਾ ਗਿਆ।ਨਾ ਹੀ ਇਸ ਦੀਆਂ ਸੀਟਾਂ ਘਟਾਈਆਂ ਗਈਆਂ।ਮੀਟਿੰਗਾਂ ਅੰਦਰ ਸਾਰੇ ਵਿਸ਼ਿਆਂ ਵਿਚ ਪੰਜਾਬੀ ਲਾਗੂ ਕਰਨ ਲਈ ਵੀ ਸਾਂਝੀਆਂ ਗੰਭੀਰ ਵਿਚਾਰਾਂ ਕੀਤੀਆਂ ਗਈਆਂ।ਪੰਜਾਬੀ ਕੰਪਿਊਟਰ ਸੈਂਟਰ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਦਾ ਵੀ ਭਰੋਸਾ ਦਿੱਤਾ ਗਿਆ।ਪੰਜਾਬੀ ਵਿਭਾਗਾਂ ਵਿਚ ਖੋਜ ਕਰਨ ਅਤੇ ਕਰਵਾਉਣ ਦਾ ਭਰੋਸਾ ਦਿੱਤਾ ਗਿਆ।ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਅੰਦਰ ਪੰਜਾਬੀ ਰੰਗ ਮੰਚ ਵਿਸ਼ਾ ਲਾਗੂ ਕਰਾਉਣ ਲਈ ਡੀ ਪੀ ਆਈ( ਕਾਲਜਾਂ) ਚੰਡੀਗੜ੍ਹ ਨੂੰ ਚਿੱਠੀ ਲਿਖਣ ਅਤੇ ਲਾਗੂ ਕਰਾਉਣ ਦਾ ਵਿਸ਼ਵਾਸ਼ ਦਿਵਾਇਆ ਗਿਆ।
ਅਕਾਲ ਡਿਗਰੀ ਕਾਲਜ ਸੰਗਰੂਰ ਅੰਦਰ ਬੀ ਏ ਪੜ੍ਹਾਉਣ ਲਈ ਅਕੈਡਮਿਕ ਕੌਂਸਿਲ ਵੱਲੋਂ ਮਤਾ ਪਾਸ ਕਰਨ ਦੀ ਜਾਣਕਾਰੀ ਦਿੱਤੀ ਗਈ।ਤਕਨੀਕੀ ਵਿਸ਼ਿਆਂ ਦੀਆਂ ਪੰਜਾਬੀ ਸ਼ਬਦਾਵਲੀਆਂ ਵਿੱਚ ਲੋੜੀਂਦੀ ਸੁਧਾਈ ਕਰਵਾ ਕੇ ਛਾਪਣ ਦਾ ਵਿਸ਼ਵਾਸ਼ ਵੀ ਦਿੱਤਾ ਗਿਆ।ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਸਹਾਇਤਾ ਪ੍ਰਬੰਧ ਚਲਾਉਣ ਲਈ ਕਾਫ਼ੀ ਹੈ ਪ੍ਰੰਤੂ ਯੂਨੀਵਰਸਿਟੀ ਸਿਰ ਚੜ੍ਹਿਆ 150 ਕਰੋੜ ਦੇ ਕਰਜ਼ੇ ਦੀ ਕੋਈ ਕਿਸ਼ਤ ਇਸ ਵਿੱਚੋਂ ਨਹੀਂ ਮੋੜੀ ਜਾ ਸਕਦੀ ਇਸ ਲਈ ਇਹ ਕਰਜ਼ਾ ਪੰਜਾਬ ਸਰਕਾਰ ਵਲੋਂ ਅਦਾ ਕਰਕੇ ਕਰਜ਼ ਮੁਕਤ ਕਰਵਾਇਆ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਇਸ ਵਫ਼ਦ ਵਿੱਚ ਪਵਨ ਹਰਚੰਦਪੁਰੀ ਪ੍ਰਧਾਨ, ਪ੍ਰੋ ਸੰਧੂ ਵਰਿਆਣਵੀ ਜਨ ਸਕੱਤਰ, ਡਾ.ਭਗਵੰਤ ਸਿੰਘ,ਗੁਲਜ਼ਾਰ ਸਿੰਘ ਸ਼ੌਂਕੀ,ਕੇ ਸਾਧੂ ਸਿੰਘ,ਜਗਦੀਸ਼ ਰਾਣਾ,ਬਲਬੀਰ ਬੱਲੀ, ਦਰਸ਼ਨ ਸਿੰਘ ਪ੍ਰੀਤੀਮਾਨ ,ਨੱਕਾਸ਼ ਚਿੱਤੇਵਾਣੀ,ਗੁਰਦੀਪ ਸਿੰਘ ਸੈਣੀ ਅਤੇ ਅੰਮ੍ਰਿਤ ਅਜ਼ੀਜ਼ ਆਦਿ ਸ਼ਾਮਿਲ ਸਨ।

