ਸਭ ਤੋਂ ਸੁਰੱਖਿਅਤ ਖੂਨ ਹੀ ਜ਼ਰੂਰੀ ਮਰੀਜ਼ਾਂ ਲਈ : ਡਾ. ਕੰਚਨ
ਪਟਿਆਲਾ: 4 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
”ਸਵੈ-ਇੱਛੁਕ ਖੂਨਦਾਨੀ ਹੀ ਸਭ ਤੋਂ ਸੁਰੱਖਿਅਤ ਖੂਨਦਾਨੀ ਹੁੰਦੇ ਹਨ ਅਤੇ ਸਾਨੂੰ ਸਿਰਫ ਸਵੈ-ਇਛੁੱਕ ਖੁਨਦਾਨੀਆਂ ਤੋਂ ਹੀ ਖੂਨ ਇਕੱਤਰ ਕਰਨਾ ਚਾਹੀਦਾ ਹੈ ਕਿਉਂ ਕਿ ਨਾ ਸਿਰਫ ਇਹ ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਦਾ ਟੀਚਾ ਹੈ ਬਲਕਿ ਮਰੀਜਾਂ ਲਈ ਵੀ ਖੂਨ ਦਾ ਸਭ ਤੋਂ ਸੁਰੱਖਿਅਤ ਸ੍ਰੋਤ ਹੁੰਦੇ ਹਨ। ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਟੀਚਾ ਪੂਰਾ ਕਰ ਲਿਆ ਹੈ”।
ਇਹ ਪ੍ਰਗਟਾਵਾ ਅੱਜ ਡਾ. ਕੰਚਨ ਭਾਰਦਵਾਜ, ਮੁਖੀ ਬਲੱਡ ਬੈਂਕ (ਇਮਿਊਨੋਹਿਮੋਟੋਲੋਜੀ ਅਤੇ ਬਲੱਡ ਟਰਾਂਸਫਿਊਜ਼ਨ ਵਿਭਾਗ) ਨੇ ਬਲੱਡ ਬੈਂਕ ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਦੇ ਸਹਿਯੋਗ ਨਾਲ ਅੱਜ ਰਜਿੰਦਰਾ ਹਸਪਤਾਲ ਵਿੱਚ ਕਰਵਾਈ ਤੀਜੀ ਅਤੇ ਅੰਤਿਮ ਵਰਕਸ਼ਾਪ ਦੌਰਾਨ ਕੀਤਾ।
ਡਾ. ਬੀ.ਐਲ. ਭਾਰਦਵਾਜ, ਸਾਬਕਾ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੇ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ ਜਿਸ ਵਿੱਚ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਦੇ ਪ੍ਰਤੀਨਿਧੀਆਂ, ਖੂਨਦਾਨ ਸਬੰਧੀ ਪ੍ਰੇਰਕਾਂ ਅਤੇ ਖੂਨਦਾਨੀਆਂ ਨੇ ਭਾਗ ਲਿਆ।
ਡਾ. ਕੰਚਨ ਭਾਰਦਵਾਜ ਨੇ ਕਿਹਾ ਕਿ ਖੂਨਦਾਨ ਕੈਂਪਾਂ ਵਿੱਚ ਖੂਨਦਾਨੀਆਂ ਦੀ ਗਿਣਤੀ ਤੋਂ ਜ਼ਿਆਦਾ ਮਹੱਤਵਪੂਰਨ ਖੂਨ ਦੀ ਗੁਣਵੱਤਾ ਮਾਅਨੇ ਰੱਖਦੀ ਹੈ ਕਿਉਂਕਿ ਸਾਨੂੰ ਆਪਣੇ ਮਰੀਜਾਂ ਲਈ ਸਭ ਤੋਂ ਸੁਰੱਖਿਅਤ ਖੂਨ ਲੋੜੀਂਦਾ ਹੁੰਦਾ ਹੈ। ਉਹਨਾਂ ਸੰਸਥਾਵਾਂ ਨੂੰ ਗਰਮੀਆਂ ਦੇ ਮਹੀਨਿਆਂ ਵਿੱਚ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣ ਦੀ ਅਪੀਲ ਕੀਤੀ ਕਿਉਂ ਕਿ ਉਸ ਸਮੇਂ ਖੂਨ ਦੀ ਜ਼ਿਆਦਾ ਲੋੜ ਹੁੰਦੀ ਹੈ।
ਡਾ. ਕੁਸਮ ਠਾਕੁਰ ਨੇ ਕਿਹਾ ਕਿ ਖੂਨਦਾਨ ਕੈਂਪਾਂ ਵਿੱਚ ਸਭ ਤੋਂ ਸੁਰੱਖਿਅਤ ਖੂਨ ਇਕੱਤਰ ਕਰਨ ਲਈ ਕੈਂਪ ਪ੍ਰਬੰਧਕਾਂ ਨੂੰ ਡਾਕਟਰਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਡਾ. ਰਜਨੀ ਬੱਸੀ ਨੇ ਕਿਹਾ ਕਿ ਕਿਉਂਕਿ 90 ਫੀਸਦੀ ਤੋਂ ਵੱਧ ਸਵੈ-ਇਛੁੱਕ ਖੂਨਦਾਨੀ ਖੂਨਦਾਨ ਕੈਂਪਾਂ ਰਾਹੀਂ ਖੂਨਦਾਨ ਕਰਦੇ ਹਨ ਇਸ ਲਈ ਆਦਰਸ਼ਕ ਖੂਨਦਾਨ ਕੈਂਪ ਲਗਾਉਣ ਚਾਹੀਦੇ ਹਨ।
ਇਸ ਮੌਕੇ ਡਾ. ਸ਼ੈਲੀ ਜੇਤਲੀ ਅਤੇ ਡਾ. ਅੰਕਿਤਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

