ਪਟਿਆਲਾ

ਸ਼ੁਕਰਾਨਾ ਸਮਾਗਮ : ਹਲਕੇ ਦੇ ਹਿੱਤਾਂ ਤੇ ਵਿਕਾਸ ਲਈ ਹਮੇਸ਼ਾਂ ਡਟ ਕੇ ਪਹਿਰਾ ਦਿਆਂਗਾ : ਵਿਧਾਇਕ ਹਰਿੰਦਰਪਾਲ

ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਸਮੇਤ ਸਮੁੱਚੀ ਲੀਡਰਸ਼ਿਪ ਵਲੋਂ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦਾ ਸਨਮਾਨ
ਪਟਿਆਲਾ, 17 ਮਾਰਚ (ਕੰਵਰ ਬੇਦੀ)
ਵਿਧਾਨ ਸਭਾ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਹੋਈ ਜਿੱਤ ‘ਤੇ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਸਮੁੱਚੇ ਚੰਦੂਮਾਜਰਾ ਪਰਿਵਾਰ ਅਤੇ ਜ਼ਿਲ੍ਹੇ ਦੀ ਸਮੁੱਚੀ ਅਕਾਲੀ ਭਾਜਪਾ ਲੀਡਰਿਸ਼ਪ ਵਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਥਾਨਕ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਪਾਏ ਗਏ।

ਸ਼ੁਕਰਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਕਾਕਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਮਿਲੀ ਜਿੱਤ ਦਾ ਜਿਥੇ ਅਸੀਂ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲੱਈ ਇਕੱਠੇ ਹੋਏ, ਉਥੇ ਹੀ ਇਸ ਜਿੱਤ ਲਈ ਮਿਹਨਤੀ ਆਗੂਆਂ ਅਤੇ ਵਰਕਰਾਂ ਦੇ ਨਾਲ ਨਾਲ ਹਲਕੇ ਦੇ ਸਮੁੱਚੇ ਵੋਟਰਾਂ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਸ ਵਾਰ ਝੁੱਲੀ ਰਾਜਨੀਤਕ ਹਨ੍ਹੇਰੀ ਦੇ ਬਾਵਜੂਦ ਸਨੌਰ ਸੀਟ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਇਆ ਹੈ।
ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦਿਆਂ ਇਸ ਜਿੱਤ ਲਈ ਵਿਸ਼ੇਸ਼ ਧੰਨਵਾਦ ਕੀਤਾ।
ਹਲਕਾ ਸਨੌਰ ਤੋਂ ਚੁਣੇ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਪਣੇ ਸੰਬੋਧਨ ‘ਚ ਸਭ ਤੋਂ ਪਹਿਲਾਂ ਜਿਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਉਥੇ ਹੀ ਉਨ੍ਹਾਂ ਸਮੁੰਚੀ ਅਕਾਲੀ-ਭਾਜਪਾ ਲੀਡਰਸ਼ਿਪ ਅਤੇ ਮਿਹਨਤੀ ਵਰਕਰਾਂ ਦਾ ਧੰਨਵਾਦ ਕੀਤਾ । ਉਨ੍ਹਾਂ ਆਖਿਆ ਕਿ ਇਸ ਚੋਣ ਨੂੰ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਨੇ ਆਪਣੀ ਚੋਣ ਸਮਝ ਕੇ ਲੜੀ ਵੀ ਅਤੇ ਜਿੱਤੀ ਵੀ। ਹਲਕਾ ਸਨੌਰ ਨਾਲ ਉਨ੍ਹਾਂ ਦੇ ਪਰਿਵਾਰ ਦੀ 30 ਸਾਲ ਪੁਰਾਣੀ ਸਾਂਝ ਦਾ ਹੀ ਨਤੀਜਾ ਹੈ ਕਿ ਇਥੋਂ ਦੇ ਲੋਕਾਂ ਨੇ ਇਸ ਚੋਣ ਮੈਦਾਨ ਵਿਚ ਆਪ ਡਟ ਕੇ ਵਿਰੋਧੀਆਂ ਨੂੰ ਧੂੜ ਚਟਾ ਕੇ ਦਹਾਕਿਆਂ ਤੋਂ ਕਾਂਗਰਸੀ ਹਲਕਾ ਕਹਾਉਣ ਵਾਲੇ ਸਨੌਰ ਨੂੰ ਅਕਾਲੀ ਹਲਕਾ ਬਣਾ ਦਿੱਤਾ। ਹਰਿੰਦਰਪਾਲ ਚੰਦੂਮਾਜਰਾ ਨੇ ਆਖਿਆ ਕਿ ਹਲਕਾ ਅੰਦਰ ਜਿਹੜੇ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ, ਉਹ ਹਰ ਹੀਲੇ ਮੁਕੰਮਲ ਵੀ ਕਰਵਾਏ ਜਾਣਗੇ ਅਤੇ ਨਵੇਂ ਵਿਕਾਸ ਕਾਰਜ ਵੀ ਆਰੰਭ ਕਰਵਾਏ ਜਾਣਗੇ। ਉਨ੍ਹਾਂ ਹਲਕਾ ਵਾਸੀਆਂ ਨੂੰ ਆਖਿਆ ਕਿ ਉਹ ਇਹ ਨਾ ਸਮਝਣ ਕਿ ਸੂਬੇ ਅੰਦਰ ਅਕਾਲੀ ਸਰਕਾਰ ਨਾ ਹੋਣ ਕਾਰਨ ਕਿਤੇ ਵਿਕਾਸ ਕਾਰਜ ਰੁਕ ਜਾਣਗੇ, ਕਿਉਂਕਿ ਕੇਂਦਰ ਅੰਦਰ ਆਪਣੀ ਐਨਡੀਏ ਸਰਕਾਰ ਹੋਣ ਕਾਰਨ ਆਪਾਂ ਕੇਂਦਰ ਦੀ ਮਦਦ ਨਾਲ ਵੀ ਹਲਕੇ ਦੀ ਨੁਹਾਰ ਬਦਲਾਂਗੇ।

Leave a Reply

Your email address will not be published. Required fields are marked *