ਰਿਟਾਇਰੀ ਮੁਲਾਜ਼ਮਾਂ ਨੂੰ ਰਿਲੀਵ ਕਰਵਾ ਕੇ ਦਮ ਲਵਾਂਗੇ : ਐਡਹਾਕ ਕਮੇਟੀ
ਯੂਨੀਵਰਸਿਟੀ ਘੇਸਲ ਵੱਟ ਕੇ ਮਾਮਲੇ ਨੂੰ ਠੰਡੇ ਬਸਤੇ ‘ਚ ਪਾਉਣਾ ਚਾਹੁੰਦੀ
ਪਟਿਆਲਾ 22 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ‘ਚ ਵੀ.ਸੀ. ਦਫਤਰ ਦੇ ਬਾਹਰ ਇਕ ਮਹੀਨਾ ਟੱਪ ਜਾਣ ਤੋਂ ਬਾਅਦ ਵੀ ਰਿਟਾਇਰੀ ਮੁਲਾਜ਼ਮਾਂ ਨੂੰ ਰਿਲੀਜ਼ ਕਰਨ ਖਿਲਾਫ਼ ਐਡਹਾਕ ਕਮੇਟੀ ਦਾ ਲਗਾਤਾਰ ਧਰਨਾ ਜਾਰੀ ਹੈ।
ਧਰਨਾਕਾਰੀਆਂ ਵੱਲੋਂ ਇਹ ਧਰਨਾ ਰੋਜ਼ਮਰਾ ਦੋ ਘੰਟੇ ਲਈ ਲਗਾ ਯੂਨੀਵਰਸਿਟੀ ਅਥਾਰਿਟੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪ੍ਰੰਤੂ ਯੂਨੀਵਰਸਿਟੀ ਅਥਾਰਿਟੀ ਰਿਟਾਇਰੀ ਮੁਲਾਜ਼ਮਾਂ ਨੂੰ ਬਚਾਉਣ ਦੇ ਚੱਕਰ ‘ਚ ਘੇਸਲ ਵੱਟੀ ਬੈਠਾ ਨਜ਼ਰ ਆ ਰਿਹਾ ਹੈ।
ਧਰਨੇ ਦੌਰਾਨ ਨਾਅਰੇਬਾਜ਼ੀ ਕਰਦਿਆਂ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਅਥਾਰਿਟੀ ਕੋਰਟ ‘ਚ ਜਾਣ ਬੁੱਝ ਕੇ ਆਪਣਾ ਪੱਖ ਰੱਖਣ ਤੋਂ ਟਾਲਾ ਵੱਟ ਕੇ ਮਾਮਲੇ ਨੂੰ ਠੰਡੇ ਬਸਤੇ ‘ਚ ਪਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਰਟ ‘ਚ ਆਪਣਾ ਪੱਖ ਨਾ ਰੱਖ ਕੇ ਅਥਾਰਿਟੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਿਟਾਇਰੀ ਮੁਲਾਜ਼ਮਾਂ ਦੇ ਨਾਲ ਸਿੱਧੇ ਤੌਰ ‘ਤੇ ਖੜੀ ਹੈ।
ਆਗੂਆਂ ਨੇ ਕਿਹਾ ਕਿ ਰਿਟਾਇਰੀ ਮੁਲਾਜ਼ਮਾਂ ਵਿਰੁੱਧ ਇਹ ਲੜਾਈ ਜਾਰੀ ਰਹੇਗੀ, ਜਦੋਂ ਤੱਕ ਯੂਨੀਵਰਸਿਟੀ ਅਥਾਰਿਟੀ ਕੀਤੇ ਫੈਸਲੇ ਨੂੰ ਲਾਗੂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ‘ਚ ਵਾਈਸ ਚਾਂਸਲਰ ਕੋਈ ਵੀ ਆਵੇ, ਪ੍ਰੰਤੂ ਉਹ ਆਪਣੀ ਮੰਗ ‘ਤੇ ਕਾਇਮ ਰਹਿਣਗੇ।

