ਕਾਂਗਰਸ ਹਾਈ ਕਮਾਂਡ ਦੇ ਦਬਾਅ ਥੱਲੇ ਆ ਕੇ ਪੰਜਾਬ ਅਤੇ ਪੰਜਾਬੀਆਂ ਦੇ ਖਿਲਾਫ ਕੰਮ ਨਾ ਕਰੇ: ਹਰਸਿਮਰਤ
ਚੰਡੀਗੜ• 19 ਅਪ੍ਰੈਲ (ਮਧੂਸਾਰ ਬਿਊਰੋ)
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਹੈ ਕਿ ਐਨਡੀਏ ਸਰਕਾਰ 1984 ਦੇ ਸਮੂਹਿਕ ਕਤਲੇਆਮ ਨੂੰ ਜਨਤਕ ਤੌਰ ਤੇ ‘ਨਸਲਕੁਥਸ਼ੀ’ ਐਲਾਨ ਚੁੱਕੀ ਹੈ ਅਤੇ ਇਸ ਘਿਨੌਣੇ ਕਾਰਜ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੇਂਦਰ ਸਰਕਾਰ ਜੀਅ-ਜਾਨ ਨਾਲ ਕੰਮ ਕਰਦੀ ਰਹੇਗੀ। ਉਹਨਾਂ ਪੰਜਾਬ ਕਾਂਗਰਸ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਹਾਈ ਕਮਾਂਡ ਦੇ ਦਬਾਅ ਥੱਲੇ ਆ ਕੇ ਪੰਜਾਬ ਅਤੇ ਪੰਜਾਬੀਆਂ ਦੇ ਖਿਲਾਫ ਕੰਮ ਨਾ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਓਂਟਾਂਰੀਓ ਮਤਾ ਸਵੀਕਾਰਯੋਗ ਨਹੀਂ ਸੀ, ਕਿਉਂਕਿ ਇਸ ਵਿਚ ਭਾਰਤ ਬਾਰੇ, ਖਾਸ ਕਰਕੇ ਇਸ ਦੇ ਲੋਕਤੰਤਰੀ ਅਕਸ ਅਤੇ ਇਸ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਬਾਰੇ ਨੁਕਤਾਚੀਨੀ ਵਾਲੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਭਾਰਤ ਇੱਕ ਬਹੁ-ਭਾਂਤੀ ਸਮਾਜ ਵਾਲਾ ਮੁਲਕ ਹੈ ਅਤੇ ਸੰਵਿਧਾਨ ਵੱਲੋਂ ਇਸ ਦੀ ਵਿਭਿੰਨਤਾ ਦੀ ਰਾਖੀ ਦਾ ਭਰੋਸਾ ਦਿੱਤਾ ਗਿਆ ਹੈ। ਓਂਟਾਂਰੀਓ ਮਤੇ ਨੇ ਸਿਰਫ 1984 ਦੇ ਕਤਲੇਆਮ ਉੱਤੇ ਫੋਕਸ ਕਰਨ ਦੀ ਥਾਂ, ਭਾਰਤ ਅੰਦਰ ਫਿਰਕੂ ਹਿੰਸਾ, ਨਫਰਤ, ਵੈਰ-ਭਾਵ, ਵਿਤਕਰਾ, ਨਸਲੀ ਵਿਵਹਾਰ ਅਤੇ ਅਸਹਿਣਸ਼ੀਲਤਾ ਦੀ ਨਿਖੇਧੀ ਕਰਕੇ ਪੂਰੀ ਦੁਨੀਆਂ ਦੀ ਨਜ਼ਰ ਵਿਚ ਸਾਡੇ ਮੁਲਕ ਦਾ ਤਿਰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਬੀਬੀ ਬਾਦਲ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਇਸ ਬਾਰੇ ਕਿਸੇ ਕੋਲੋਂ ਵੀ, ਖਾਸ ਕਰਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ 1984 ਦੇ ਕਤਲੇਆਮ ਦੀ ਸਿਜਸ਼ ਰਚਣ ਵਾਲੀ ਕਾਂਗਰਸ ਪਾਰਟੀ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਕਾਂਗਰਸ ਨੇ ਕੈਨੇਡਾ ਦੇ ਰੱਖਿਆ ਮੰਤਰੀ ਸ਼ ਹਰਜੀਤ ਸਿੰਘ ਸੱਜਣ ਦੇ ਦੌਰੇ ਸੰਬੰਧੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ, ਉਸ ਤੋਂ ਇਸ ਪਾਰਟੀ ਦੇ ਨਜ਼ਰੀਏ ਤੋਂ ਸਮਝਿਆ ਜਾ ਸਕਦਾ ਹੈ। ਇਹ ਪਾਰਟੀ ਇਸ ਗੱਲ ਤੋਂ ਦੁਖੀ ਹੈ ਕਿ ਹੁਣ ਦੁਨੀਆਂ ਭਰ ਵਿਚ ਇਹ ਪਾਰਟੀ ਨਸਲਕੁਸ਼ੀ ਕਰਨ ਵਾਲੇ ਸੰਗਠਨ ਵਜੋਂ ਪਹਿਚਾਣੀ ਜਾਵੇਗੀ। ਇਸ ਲਈ ਕਾਂਗਰਸ ਸ਼ ਸੱਜਣ ਅਤੇ ਓਂਟਾਂਰੀਓ ਵਿਧਾਨ ਸਭਾ ਵਿਚ ਮਤੇ ਦਾ ਸਮਰਥਨ ਕਰਨ ਵਾਲੇ ਪੰਜਾਬੀ ਨੁੰਮਾਇਦਿਆਂ ਦਾ ਤਿਰਸਕਾਰ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇੱਕ ਸਿੱਖ ਵਜੋਂ ਮੈਨੂੰ ਸ਼ ਸੱਜਣ ਅਤੇ ਸਮੁੱਚੇ ਭਾਈਚਾਰੇ ਦੀਆਂ ਪ੍ਰਾਪਤੀਆਂ ਉੱਤੇ ਮਾਣ ਹੈ। ਇਸ ਰਿਸ਼ਤੇ ਵਿੱਚੋਂ ਪੰਜਾਬ ਅਤੇ ਭਾਰਤ ਦੁਵੱਲੇ ਰੂਪ ਵਿਚ ਕੁੱਝ ਖੱਟ ਸਕਦੇ ਹਨ। ਸ਼ ਸੱਜਣ ਦਾ ਬਾਈਕਾਟ ਕਰਕੇ ਪੰਜਾਬ ਸਰਕਾਰ ਇਸ ਮੌਕੇ ਨੂੰ ਗਵਾ ਰਹੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਮੇਂ ਸਮੇਂ ਰਹੀਆਂ ਐਨਡੀਏ ਸਰਕਾਰਾਂ ਵੱਲੋਂ 1984 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੀਤੇ ਉਪਰਾਲੇ ਲੋਕਾਂ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਨਾਨਾਵਤੀ ਕਮਿਸ਼ਨ ਦੀ ਸਥਾਪਨਾ ਕਰਨਾ,ਮੌਜੂਦਾ ਸਰਕਾਰ ਵੱਲੋਂ ਸਿੱਟ ਦਾ ਗਠਨ ਕਰਨਾ, ਸਿੱਖਾਂ ਖਿਲਾਫ ਹਿੰਸਾ ਦੇ 250 ਕੇਸਾਂ ਨੂੰ ਦੁਬਾਰਾ ਖੋਲ•ਣਾ, ਪੀੜਤਾਂ ਨੂੰ ਮੁਆਵਜ਼ਾ ਦੇਣਾ, ਸੀਬੀਆਈ ਕੇਸਾਂ ਨੂੰ ਦੁਬਾਰਾ ਖੋਲ•ਣਾ ਅਤੇ ਦੋਸ਼ੀ ਜਗਦੀਸ਼ ਟਾਇਟਲਰ ਦੇ ‘ਲਾਈ ਡਿਟੈਕਟਰ ਟੈਸਟ’ ਲਈ ਕਹਿਣਾ ਆਦਿ ਸਭ ਕੁੱਝ ਐਡੀਏ ਦੁਆਰਾ ਕੀਤਾ ਗਿਆ ਹੈ।
ਬੀਬੀ ਬਾਦਲ ਨੇ ਇਹ ਸਪੱਸ਼ਟ ਕੀਤਾ ਕਿ ਉਹ 1984 ਦੇ ਸਮੂਹਿਕ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੰਮ ਕਰਨਾ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਮੈਂ ਇਹ ਦੁਖਾਂਤ ਬਹੁਤ ਨੇੜੇ ਤੋਂ ਵੇਖਿਆ ਹੈ, ਇਸ ਲਈ ਇਹ ਮੇਰੀ ਨਿੱਜੀ ਵਚਨਵੱਧਤਾ ਵੀ ਹੈ। ਆਪਣਾ ਕੰਮ ਕਰਦੇ ਹੋਏ ਮੈਂ ਉਹਨਾਂ ਸਾਰੇ ਲੋਕਾਂ ਦਾ ਸਵਾਗਤ ਕਰਦੀ ਹਾਂ, ਜਿਹੜੇ ਨਸਲਕੁਥਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਇਕਜੁੱਟ ਹੋਣਾ ਚਾਹੁੰਦੇ ਹਨ।
ਕੇਂਦਰੀ ਮੰਤਰੀ ਨੇ ਪੰਜਾਬ ਕਾਂਗਰਸ ਨੂੰ ਆਪਣੀ ਹਾਈ ਕਮਾਂਡ ਦੀ ਰਾਖੀ ਕਰਨ ਵਾਸਤੇ ਬਹਾਨੇ ਘੜਣ ਦੀ ਥਾਂ ਇਸ ਮੁੱਦੇ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਵੰਗਾਰਿਆ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਇਸ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ 84 ਦੇ ਕਤਲੇਆਮ ਨੂੰ ਨਸਲਕੁਸ਼ੀ ਮੰਨਦੀ ਹੈ ਜਾਂ ਨਹੀਂ?

