ਫੋਕਲ ਪੁਆਇੰਟ ਅਤੇ ਇੰਡਸਟਰੀਅਲ ਅਸਟੇਟ ‘ਚ ਛੇਤੀ ਹੀ ਮਿਲਣਗੀਆਂ ਸਾਰੀਆਂ ਮੁੱਢਲੀਆਂ ਸਹੂਲਤਾਂ
ਲੋਕਲ ਬਾਡੀਜ ਵਿਭਾਗ ਦੇ ਡਾਇਰੈਕਟਰ ਨੇ ਇੰਡਸਟਰੀਅਲ ਅਸਟੇਟ ਅਤੇ ਫੋਕਲ ਪੁਆਇੰਟ ਦੇ ਉਦਮੀਆਂ ਨਾਲ ਕੀਤੀ ਮੁਲਾਕਾਤ
ਪਟਿਆਲਾ, 5 ਮਈ (ਮਧੂਸਾਰ ਬਿਊਰੋ)
ਸ਼ਹਿਰ ਦੇ ਨਗਰ ਨਿਗਮ ਦੇ ਅਧੀਨ ਆਏ ਫੋਕਲ ਪੁਆਇੰਟ ਅਤੇ ਸਰਹਿੰਦ ਰੋਡ ਸਥਿਤ ਇੰਡਸਟਰੀਅਲ ਅਸਟੇਟ ‘ਚ ਛੇਤੀ ਹੀ ਸਾਰੀਆਂ ਮੁੱਢਲੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋਣਗੀਆਂ ਇਹਨਾਂ ਵਿੱਚ ਸੜਕਾਂ, ਸਟਰੀਟ ਲਾਈਟਾਂ, ਸੀਵਰੇਜ, ਪੀਣ ਵਾਲਾ ਪਾਣੀ, ਫਾਈਰ ਟੈਂਡਰ, ਬਰਸਾਤੀ ਪਾਣੀ ਦੀ ਨਿਕਾਸੀ ਆਦਿ ਵਿਵਸਥਾਵਾਂ ਸ਼ਾਮਲ ਹਨ।
ਕੁਝ ਦਿਨ ਪਹਿਲਾਂ ਪਟਿਆਲਾ ਦੇ ਸਨਅਤਕਾਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤੇ ਜਾਣ ਤੋਂ ਬਾਅਦ ਅੱਜ ਪਟਿਆਲਾ ਪੁੱਜੇ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦੇ ਨਾਲ ਪਟਿਆਲਾ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਹੈ।
ਸਰਹਿੰਦ ਰੋਡ ਸਥਿਤ ਉਦਯੋਗ ਭਵਨ ਵਿਖੇ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਸਨਅਤਕਾਰਾਂ ਵੱਲੋਂ ਦਿੱਤੇ ਗਏ ਮੰਗ ਪੱਤਰ ‘ਚ ਦਰਜ਼ ਇੱਕ-ਇੱਕ ਮੁਦੇ ਨੂੰ ਵਿਸਥਾਰਪੂਰਵਕ ਵਿਚਾਰਿਆ ਗਿਆ ਅਤੇ ਫੈਸਲਾ ਲਿਆ ਗਿਆ ਕਿ ਇੰਡਸਟਰੀਅਲ ਅਸਟੇਟ ਵਿਖੇ ਇੱਕ ਨਵਾਂ ਟਿਊਬਵੈਲ ਲਾਇਆ ਜਾਵੇ ਅਤੇ ਪੀਣ ਵਾਲੇ ਪਾਣੀ ਦੀ ਲਗਾਤਾਰ ਸਪਲਾਈ ਘੱਟੋ ਘੱਟ ਦਿਨ ਵੇਲੇ ਜਰੂਰ ਕੀਤੀ ਜਾਵੇ। ਇਸੇ ਤਰ੍ਹਾਂ ਇੰਡਸਟਰੀਅਲ ਅਸਟੇਟ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾਣ। ਨਵਾਂ ਟਿਊਬਵੈਲ ਲਾਉਣ ਲਈ ਪਬਲਿਕ ਹੈਲਥ ਵਿਭਾਗ ਵੱਲੋਂ ਉਪਲੱਬਧ ਕਰਵਾਏ ਗਏ ਫੰਡ ‘ਤੇ ਨਗਰ ਨਿਗਮ ਪਟਿਆਲਾ ਅਗਲੇ 2-3 ਮਹੀਨਿਆਂ ਵਿੱਚ ਲਗਾ ਦੇਵੇਗਾ ਜਦਕਿ ਸੀਵਰੇਜ ਦੇ ਡਿਸਪੋਜਲ ‘ਚ ਸੁਧਾਰ ਕਰਨ ਲਈ ਅਧਿਕਾਰੀਆਂ ਵੱਲੋਂ ਕੁਝ ਸੁਝਾਅ ਦਿੱਤੇ ਗਏ ਹਨ ਜਿਹਨਾਂ ‘ਤੇ ਵਿਚਾਰ ਕਰਨ ਤੋਂ ਬਾਅਦ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਇਸ ਦਾ ਵੀ ਹੱਲ ਕੱਢ ਲਿਆ ਜਾਵੇਗਾ। ਇੰਡਸਟਰੀਅਲ ਅਸਟੇਟ ਨੂੰ ਸਰਹਿੰਦ ਰੋਡ ਦੇ ਨਾਲ ਮੁੱਖ ਮਾਰਗ ‘ਤੇ ਜੋੜਨ ਲਈ ਜਲਦੀ ਹੀ ਟਰੈਫਿਕ ਲਾਈਟਾਂ ਲਾ ਕੇ ਚਾਲੂ ਕੀਤੀਆਂ ਜਾਣਗੀਆਂ।
ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਫੋਕਲ ਪੁਆਇੰਟ ਦੇ ਸੀਵਰੇਜ ਸਿਸਟਮ ਦਾ ਮੁੜ ਸੁਧਾਰ ਕਰਨ ਲਈ ਪੰਜਾਬ ਸਮਾਲ ਸਕੇਲ ਇੰਡਸਟਰੀਅਲ ਡਿਪੈਲਪਮੈਂਟ ਕਾਰਪੋਰੇਸ਼ਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਟੀਮ ਇਸ ਦਾ ਸਰਵੇਖਣ ਕਰੇਗੀ ਅਤੇ ਲੋੜ ਪੈਣ ‘ਤੇ ਲਾਈਨਾਂ ਵੱਡੀਆਂ ਕੀਤੀਆਂ ਜਾ ਸਕਦੀਆਂ ਹਨ ਜਾਂ ਫਿਰ ਸੀਵਰੇਜ ਡਿਸਪੋਜਲ ਦੇ ਕੰਮ ਨੂੰ ਲਗਾਤਾਰ ਚਲਾਇਆ ਜਾਵੇਗਾ। ਇਸੇ ਤਰ੍ਹਾਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਸਟਰੋਮ ਵਾਟਰ ਡਰੇਨ ਦੀ ਸਫਾਈ ਕਰਕੇ ਬਰਸਾਤਾਂ ਤੋਂ ਪਹਿਲਾਂ ਇਸ ਨੂੰ ਦਰੁਸਤ ਕੀਤਾ ਜਾਵੇਗਾ।
ਡਾਇਰੈਕਟਰ ਨੇ ਦੱਸਿਆ ਕਿ ਫੋਕਲ ਪੁਆਇੰਟ ਪਟਿਆਲਾ ‘ਚ ਲੱਗਭਗ 600 ਫੈਕਟਰੀਆਂ ਚਾਲੂ ਹਾਲਤ ਵਿੱਚ ਹਨ ਅਤੇ 300 ਏਕੜ ਵਿੱਚ ਫੈਲੇ ਇਸ ਸਨਅਤੀ ਇਲਾਕੇ ‘ਚ ਲੱਗਭਗ 12 ਕਿਲੋਮੀਟਰ ਸੜਕਾਂ ਦਾ ਜਾਲ ਫੈਲਿਆ ਹੈ। ਜਿਹਨਾਂ ਨੂੰ ਨਾ ਕੇਵਲ ਨਵਾਂ ਬਣਾਇਆ ਜਾਵੇਗਾ ਬਲਕਿ ਲੋੜ ਪੈਣ ‘ਤੇ ਕੁਝ ਥਾਵਾਂ ‘ਤੇ ਆਰ.ਸੀ.ਸੀ. ਦੀ ਸੜਕਾਂ ਵੀ ਬਣਾਈਆਂ ਜਾਣਗੀਆਂ। ਇਸ ਤਰ੍ਹਾਂ ਫੋਕਲ ਪੁਆਇੰਟ ਇਲਾਕੇ ‘ਚ ਬਣੇ ਪਾਰਕਾਂ ਨੂੰ ਪ੍ਰਸ਼ਾਸ਼ਨ ਦੇ ਬਾਗਵਾਨੀ ਵਿਭਾਗ ਦੀ ਮੱਦਦ ਨਾਲ ਦਰੁਸਤ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਫੋਕਲ ਪੁਆਇੰਟ ਇੰਡਸਟਰੀ ਐਸੋਸ਼ੀਏਸ਼ਨ ਅਤੇ ਐਨ.ਜੀ.ਓ. ਵੱਲੋਂ ਇਹਨਾਂ ਗਰੀਨ ਬੈਲਟ ਵਾਲੇ ਇਲਾਕਿਆਂ ਦੀ ਦੇਖ ਭਾਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਫੋਕਲ ਪੁਆਇੰਟ ਦਾ ਫਾਇਰ ਬ੍ਰਿਗੇਡ ਸਭ ਸਟੇਸ਼ਨ ਨੂੰ ਮੁੜ ਕਾਰਜਸ਼ੀਲ ਕੀਤਾ ਜਾਵੇਗਾ ਅਤੇ ਇੱਥੇ ਇੱਕ ਗੱਡੀ ਹਮੇਸ਼ਾ ਤਾਇਨਾਤ ਰੱਖੀ ਜਾਵੇਗੀ। ਇਲਾਕੇ ਦੀ ਸਫਾਈ ਲਈ ਨਗਰ ਨਿਗਮ ਵੱਲੋਂ ਤਾਇਨਾਤ ਕੀਤੇ ਗਏ ਸੇਵਕਾਂ ਦੀ ਗਿਣਤੀ 3 ਤੋਂ ਵਧਾ ਕੇ 10 ਕਰ ਦਿੱਤੀ ਗਈ ਹੈ।
ਮੀਟਿੰਗ ਤੋਂ ਬਾਅਦ ਡਾਇਰੈਕਟਰ ਸ਼੍ਰੀ ਕਮਲ ਕਿਸ਼ੋਰ ਯਾਦਵ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਇੰਡਸਟਰੀਅਲ ਅਸਟੇਟ ਅਤੇ ਫੋਕਲ ਪੁਆਇੰਟ ਦਾ ਦੌਰਾ ਕਰਕੇ ਮੌਕੇ ਦਾ ਜਾਇਜਾ ਵੀ ਲਿਆ। ਇਸ ਮੌਕੇ ਉਹਨਾਂ ਨਾਲ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਾਹਲ, ਜ਼ਿਲ੍ਹਾ ਮੈਨੇਜਰ ਇੰਡਸਟਰੀ ਸ਼੍ਰੀ ਟਹਿਲ ਸਿੰਘ ਧਾਲੀਵਾਲ, ਸਨਅਤਕਾਰਾਂ ਵੱਲੋਂ ਸ਼੍ਰੀ ਐਨ.ਐਸ. ਖੁਰਾਣਾ, ਸ਼੍ਰੀ ਐਸ.ਡੀ. ਭਰਤ, ਸ਼੍ਰੀ ਐਚ.ਪੀ. ਐਸ.ਲਾਂਬਾ, ਇੰਜਨੀਅਰ ਗੁਰਵਿੰਦਰ ਸਿੰਘ ਸ਼ਕਤੀਮਾਨ, ਸ਼੍ਰੀ ਵਿਨੋਦ ਮਿੱਤਲ ਅਤੇ ਵੱਡੀ ਗਿਣਤੀ ਵਿੱਚ ਸਨਅਤਕਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

