ਪੰਜਾਬ

ਪੀ ਡਬਲਿਊ ਡੀ ਘੁਟਾਲੇ ‘ਚ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਜਗ ਜਾਹਰ ਹੋਣ ਮਗਰੋਂ ਕੇਜਰੀਵਾਲ ਨੈਤਿਕ ਆਧਾਰ ‘ਤੇ ਅਸਤੀਫਾ ਦੇਣ : ਸਿਰਸਾ

ਜਾਅਲੀ ਬਿੱਲਾਂ ‘ਤੇ ਕਰੋੜਾਂ ਰੁਪਏ ਦੀ ਅਦਾਇਗੀ ਮੁੱਖ ਮੰਤਰੀ ਦੀ ਪ੍ਰਵਾਨਗੀ ਬਿਨਾਂ ਸੰਭਵ ਨਹੀਂ
ਨਵੀਂ ਦਿੱਲੀ, 11 ਮਈ (ਅਸ਼ੋਕ ਵਾਸ਼ਿਸ਼ਠ) ਭਾਰਤ ਜਨਤਾ ਪਾਰਟੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪੀ ਡਬਲਿਊ ਡੀ ਵਿਭਾਗ ਘੁਟਾਲੇ ਵਿਚ ਪਰਿਵਾਰਕ ਮੈਂਬਰਾਂ ਦਾ ਨਾਮ ਆਉਣ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਅਸਤੀਫਾ ਦੇਣ ਵਾਸਤੇ ਕਿਹਾ ਹੈ। ਇਸ ਘੁਟਾਲੇ ਵਿਚ ਕੇਜਰੀਵਾਲ ਦੇ ਪਰਿਵਾਰਕ ਮੈਂਬਰਾਂ ਦੀ ਕੰਪਨੀ ਨੂੰ ਕਰੋੜਾਂ ਰੁਪਏ ਦੀ ਅਦਾਇਗੀ ਕੀਤੀ ਗਈ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਮਾਮਲੇ ਵਿਚ ਸ਼ਾਮਲ ਵਿਅਕਤੀ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਹੈ ਪਰ ਹੁਣ ਸਕੈਂਡਲ ਦੇ ਸਾਹਮਣੇ ਆਉਣ ਮਗਰੋਂ ਕੇਜਰੀਵਾਲ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਦੇ ਸਾਂਢੂ ਯਾਨੀ ਉਹਨਾਂ ਦੀ ਧਰਮ ਪਤਨੀ ਦੀ ਭੈਣ ਦੇ ਪਤੀ ਸ੍ਰੀ ਸੁਰੇਂਦਰ ਕੁਮਾਰ ਬਾਂਸਲ ਦੀ ਕੰਪਨੀ ਨੇ ਜਾਅਲੀ ਬਿੱਲ ਪੇਸ਼ ਕੀਤੇ ਸਨ ਜਿਸਦੇ ਬਦਲੇ ਕਰੋੜਾਂ ਰੁਪਏ ਦੀ ਅਦਾਇਗੀ ਕੀਤੀ ਗਈ। ਉਹਨਾਂ ਕਿਹਾ ਕਿ ਇਹ ਅਦਾਇਗੀ ਬਕੋਲੀ ਪਿੰਡ ਦੇ ਡਰੇਨੇਜ ਪ੍ਰਾਜੈਕਟ ਜੋ ਪੱਛਮੀ ਦਿੱਲੀ ਵਿਚ ਰਾਸ਼ਟਰੀ ਰਾਜਮਾਰਗ 44 ਦੇ ਨਾਲ ਨਾਲ ਹੈ ਲਈ ਕੀਤੀ ਗਈ ਤੇ ਇਹ ਪ੍ਰਾਜੈਕਟ 2015 ਵਿਚ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਭਾਵੇਂ ਵਿਭਾਗ ਦੇ ਮੰਤਰੀ ਸਤੇਂਦਰ ਜੈਨ ਇਹ ਦਾਅਵਾ ਕਰ ਰਹੇ ਹਨ ਕਿ ਇਸ ਪ੍ਰਾਜੈਕਟ ਦਾ ਕੰਮ ਕੇਜਰੀਵਾਲ ਸਰਕਾਰ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਦਿੱਤਾ ਗਿਆ ਪਰ ਉਹ ਇਸ ਤੱਥ ਨੂੰ ਅਣਡਿੱਠ ਨਹੀਂ ਕਰ ਸਕਦੇ ਕਿ ਇਸ ਲਈ ਅਦਾਇਗੀਆਂ ਸ੍ਰੀ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੀ ਕੀਤੀਆਂ ਗਈਆਂ ਹਨ।
ਉਹਨਾਂ ਸਵਾਲ ਕੀਤਾ ਕਿ ਕੀ ਇਹ ਸੰਭਵ ਹੈ ਕਿ ਜਦੋਂ ਮੁੱਖ ਮੰਤਰੀ ਦੇ ਪਰਿਵਾਰ ਦੇ ਇਕ ਮੈਂਬਰ ਦੀ ਮਲਕੀਅਤ ਵਾਲੀ ਕੰਪਨੀ ਹੋਵੇ ਤਾਂ ਮੁੱਖ ਮੰਤਰੀ ਨੂੰ ਉਸ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਤੇ ਕੰਪਨੀ ਨੂੰ ਕੀਤੀ ਜਾ ਰਹੀ ਅਦਾਇਗੀ ਬਾਰੇ ਜਾਣਕਾਰੀ ਨਾ ਹੋਵੇ ?
ਸ੍ਰੀ ਸਿਰਸਾ ਨੇ ਹੋਰ ਕਿਹਾ ਕਿ ਇਸ ਘੁਟਾਲੇ ਦੀ ਬਾਰੀਕੀ ਨਾਲ ਜਾਂਚ ਮਗਰੋਂ ਹੀ ਬਿੱਲਾਂ ਬਦਲੇ ਕੀਤੀ ਗਈ ਅਸਲ ਅਦਾਇਗੀ ਦੀ ਰਕਮ ਦਾ ਖੁਲਾਸਾ ਹੋਵੇਗਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਹ ਕੰਪਨੀ ‘ਮਹਾਦੇਵ ਇੰਪੈਕਸ.’ ਜੋ ਵਜੂਦ ਵਿਚ ਹੀ ਨਹੀਂ ਹੈ ਦੇ ਬਿੱਲਾਂ ‘ਤੇ ਅਦਾਇਗੀ ਕੀਤੀ ਗਈ ਤੇ ਉਹਨਾਂ ਨੇ ਖਦਸ਼ਾ ਜਾਹਰ ਕੀਤਾ ਕਿ ਇਸ ਘੁਟਾਲੇ ਵਿਚ ਹੜੱਪੀ ਗਈ ਰਕਮ ਕਿਤੇ ਜ਼ਿਆਦਾ ਹੋ ਸਕਦੀ ਹੈ।
ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨੈਤਿਕ ਆਧਾਰ ‘ਤੇ ਅਸਤੀਫਾ ਦੇਣ ਤੇ ਨਾਲ ਹੀ ਜਨਤਾ ਸਾਹਮਣੇ ਅਦਾਇਗੀਆਂ ਵਿਚ ਤੇ ਹੋਰ ਘੁਟਾਲਿਆਂ ਵਿਚ ਆਪਣੀ ਸ਼ਮੂਲੀਅਤ ਪ੍ਰਵਾਨ ਕਰਨ ਜਿਸ ਤਹਿਤ ਲੋਕਾਂ ਦਾ ਪੈਸਾ ਸਰਕਾਰੀ ਖਜ਼ਾਨੇ ਵਿਚੋਂ ਲੁੱਟਿਆ ਗਿਆ।
ਭਾਜਪਾ ਦੇ ਆਗੂ ਨੇ ਕਿਹਾ ਕਿ ਦਿੱਲੀ ਦੇ ਲੋਕ ਮਾਯੂਸ ਹਨ ਕਿ ਉਹ ਅਜਿਹੇ ਵਿਅਕਤੀ ਨੂੰ ਭ੍ਰਿਸ਼ਟ ਕੰਮਾਂ ਵਿਚ ਲਿਪਤ ਵੇਖ ਰਹੇ ਹਨ ਜੋ ਕਦੇ ਦਿੱਲੀ ਸਰਕਾਰ ਦੇ ਭ੍ਰਿਸ਼ਟਾਚਾਰ ਖਿਲਾਫ ਲੜਦਾ ਸੀ। ਉਹਨਾਂ ਕਿਹਾ ਕਿ ਲੋਕ ਹੁਣ ਇਸ ਵਿਅਕਤੀ ਦੇ ਮੁੱਖ ਮੰਤਰੀ ਵਜੋਂ ਅਸਤੀਫੇ ਦੀ ਉਡੀਕ ਵਿਚ ਹਨ ਤੇ ਉਹਨਾਂ ਨੇ ਆਪਣਾ ਸੰਦੇਸ਼ ਐਮ ਡੀ ਸੀ ਚੋਣਾਂ ਤੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਰਾਹੀਂ ਦੇ ਦਿੱਤਾ ਹੈ ਤੇ ਹੁਣ ਸ੍ਰੀ ਕੇਜਰੀਵਾਲ ਨੂੰ ਬਿਨਾਂ ਦੇਰੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *