ਪੰਜਾਬੀ ਯੂਨੀਵਰਸਿਟੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੇ ਵਿਸ਼ੇਸ਼ ਭਾਸ਼ਣ
ਪਟਿਆਲਾ 2 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵਲੋਂ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ “ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਫਿਲਾਸਫੀ ਅਤੇ ਸ਼ਹਾਦਤ“ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।
ਇਹ ਭਾਸ਼ਣ ਉਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਵਲੋਂ ਦਿਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕੀਤੀ।
ਡਾ. ਰਤਨ ਸਿੰਘ ਜੱਗੀ ਨੇ ਵਿਸ਼ੇਸ਼ ਭਾਸ਼ਣ ਦਿੰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਸ਼ਵ ਇਤਿਹਾਸ ਵਿੱਚ ਬੇਮਿਸਾਲ ਕੁਰਬਾਨੀ ਹੈ ਜਿਸ ਨੇ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ, ਜੋ ਜ਼ਬਰਦਸਤੀ ਮੁਸਲਮਾਨ ਬਣਾਉਣ ਤੇ ਤੁਲੇ ਹੋਏ ਸ਼ਾਸਕਾਂ ਤੋਂ ਡਰੇ ਹੋਏ ਸਨ। ਡਾ. ਜੱਗੀ ਨੇ ਅੱਗੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਆਪਣੇ ਨਿਜੀ ਹਿਤਾਂ ਲਈ ਨਹੀਂ ਲੜ ਰਹੇ ਸਨ ਸਗੋਂ ਉਨ੍ਹਾਂ ਨੇ ਮੁਗਲ ਸ਼ਾਸਕ ਔਰੰਗਜ਼ੇਬ ਦੁਆਰਾ ਮੁਸਲਮਾਨ ਬਣਨ ਲਈ ਮਜਬੂਰ ਕੀਤੇ ਜਾ ਰਹੇ ਕਸ਼ਮੀਰੀ ਪੰਡਿਤਾਂ ਨੂੰ ਬਚਾਉਣ ਲਈ ਅਨੰਦਪੁਰ ਸਾਹਿਬ ਤੋਂ ਦਿੱਲੀ ਪਹੁੰਚ ਕੇ ਆਪਣਾ ਬਲਿਦਾਨ ਦਿੱਤਾ ਜਿੱਥੇ ਵਰਤਮਾਨ ਸਮੇਂ ਗੁਰਦੁਆਰਾ ਸੀਸ ਗੰਜ ਸਥਿਤ ਹੈ। ਉਨ੍ਹਾਂ ਕਿਹਾ ਕਿ “ਪਿਆਰ ਨਾਲ ਜੁੜੀ ਪੂਜਾ“ ਦੇ ਸੰਕਲਪ ਨਾਲ ਚੇਤਨਤਾ ਪੈਦਾ ਕਰਦਿਆਂ ਗੁਰੂ ਸਾਹਿਬ ਨੇ ਆਤਮਾ ਦੇ ਅੰਦਰੂਨੀ ਦਬਾਵਾਂ ਅੱਗੇ ਝੁੱਕਣ ਦੀ ਬਜਾਏ ਦ੍ਰਿੜਤਾ ਨਾਲ ਕੱਟੜਪੰਥਤਾ, ਬੇਰਹਿਮੀ ਅਤੇ ਦਮਨ ਦੇ ਵਿਰੁੱਧ ਲੜਨ ਦੀ ਸ਼ਕਤੀ ਨੂੰ ਅਪਣਾਇਆ। ਡਾ. ਜੱਗੀ ਨੇ ਹੋਰ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਆਪ ਤੇ ਲਗਾਈਆਂ ਹੋਈਆਂ ਦੁਬਿਧਾਵਾਂ ਅਤੇ ਪੱਖਪਾਤ ਦੇ ਝੜਪਾਂ ਵਿਚ ਫਸੇ ਲੋਕਾਂ ਨੂੰ ਵੀ ਛੁਡਾਇਆ।
ਵਾਈਸ-ਚਾਂਸਲਰ ਡਾ. ਘੁੰਮਣ ਨੇ ਕਿਹਾ ਕਿ ਰਾਸ਼ਟਰੀ ਏਕਤਾ ਦਾ ਸੰਕਲਪ ਗਤੀਸ਼ੀਲ ਅਤੇ ਸ਼ਕਤੀਸ਼ਾਲੀ ਹੈ ਅਤੇ ਇਸ ਲਈ ਸਮੇਂ ਅਤੇ ਸਥਿਤੀ ਅਨੁਸਾਰ ਬਦਲਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨਕ ਵਿਆਖਿਆਵਾਂ, ਖਾਸ ਤੌਰ ਤੇ ਤੇਜੀ ਨਾਲ ਬਦਲ ਰਹੇ ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਮਾਪਦੰਡਾਂ ਦੇ ਮੱਦੇਨਜ਼ਰ ਨਵੇਂ ਅਰਥਾਂ ਅਤੇ ਤਰਕਾਂ ਲਈ ਜਰੂਰੀ ਹਨ। ਉਨ੍ਹਾਂ ਪਵਿੱਤਰ ਸੰਦੇਸ਼ਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ‘ਆਊਟਰੀਚ ਪ੍ਰੋਗਰਾਮਾਂ’ ਦਾ ਸਹਾਰਾ ਲੈਣ ਦੀ ਵਕਾਲਤ ਵੀ ਕੀਤੀ। ਇਸ ਮੌਕੇ ਤੇ ਡਾ. ਘੁੰਮਣ ਵਲੋਂ ਡਾ. ਰਤਨ ਸਿੰਘ ਜੱਗੀ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
ਇਸ ਤੋਂ ਪਹਿਲਾਂ ਚੇਅਰ ਦੇ ਇੰਚਾਰਜ ਡਾ ਦਲਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਲੈਕਚਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਡੀਨ ਕਾਲਜਾਂ ਡਾ. ਕੁਲਬੀਰ ਸਿੰਘ ਢਿਲੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

