ਪਟਿਆਲਾ

ਖ਼ਾਲਸਾ ਕਾਲਜ, ਪਟਿਆਲਾ ਵਿਖੇ ‘ਬਾਇਓਡਾਇਵਰਸਿਟੀ ਐਂਡ ਸਸਟੇਨੇਬਲ ਟੂਰਿਜ਼ਮ’ ਸੈਮੀਨਾਰ

ਪਟਿਆਲਾ 1 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਖ਼ਾਲਸਾ ਕਾਲਜ, ਪਟਿਆਲਾ ਦੇ ਪੋਸਟ ਗ੍ਰੈਜੂਏਟ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਇੱਕ ਰੋਜ਼ਾ ਰਾਜ ਪੱਧਰੀ ਸੈਮੀਨਾਰ ‘ਬਾਇਓਡਾਇਵਰਸਿਟੀ ਐਂਡ ਸਸਟੇਨੇਬਲ ਟੂਰਿਜ਼ਮ’ ਦਾ ਉਦਘਾਟਨ ਕੀਤਾ। ਕਾਲਜ ਵੱਲੋਂ ਇੰਟਰਨੈਸ਼ਨਲ ਡੇ ਫ਼ਾਰ ਬਾਇਓਲੌਜੀਕਲ ਡਾਇਵਰਸਿਟੀ 2017 ਨੂੰ ਸਮਰਪਿਤ ਇਹ ਸੈਮੀਨਾਰ ਨੈਸ਼ਨਲ ਬਾਇਓ ਡਾਇਵਰਸਿਟੀ ਅਥਾਰਟੀ ਆਫ਼ ਇੰਡੀਆ ਦੁਆਰਾ ਅਤੇ ਪੰਜਾਬ ਬਾਇਓਡਾਇਵਰਸਿਟੀ ਬੋਰਡ ਵੱਲੋਂ ਸਪਾਂਸਰਡ ਸੀ। ਇਸ ਸੈਮੀਨਾਰ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਪ੍ਰੋ. ਮਨਰੁਚੀ ਕੌਰ ਅਤੇ ਡਾ. ਅਵਨੀਤਪਾਲ ਸਿੰਘ ਨੇ ਬਤੌਰ ਵਿਸ਼ਾ ਮਾਹਿਰ ਸ਼ਿਰਕਤ ਕੀਤੀ।

ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਸੈਮੀਨਾਰ ਦੇ ਉਦਘਾਟਨੀ ਭਾਸ਼ਣ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਰਾਹੀਂ ਦਿੱਤੇ ਗਏ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।।’ ਦੇ ਸੰਕਲਪ ਰਾਹੀਂ ਪ੍ਰਕ੍ਰਿਤੀ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਅੱਜ ਤੋਂ ਕਈ ਸਦੀਆਂ ਪਹਿਲਾਂ ਹੀ ਪ੍ਰਕ੍ਰਿਤੀ ਦੇ ਮਹੱਤਵ ਨੂੰ ਸਮਝ ਲਿਆ ਸੀ।
ਪ੍ਰੋ. ਬਡੂੰਗਰ ਨੇ ਇਹ ਵੀ ਕਿਹਾ ਕਿ ਪ੍ਰਕ੍ਰਿਤੀ ਤੋਂ ਬਿਨਾਂ ਮਨੁੱਖਾ ਸਰੀਰ ਦੀ ਹੋਂਦ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਭਾਈ ਪੀਪਾ ਜੀ ਦੀ ਬਾਣੀ ‘ਜੋ ਬ੍ਰਹਮੰਡੇ ਸੋਈ ਪਿੰਡੇ’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਨੁੱਖਾ ਸਰੀਰ, ਬ੍ਰਹਿਮੰਡ ਦਾ ਇੱਕ ਅੰਗ ਹੈ। ਪਰ ਜੇ ਮਨੁੱਖ ਇਸ ਬ੍ਰਹਿਮੰਡ ਨੂੰ ਹੀ ਪ੍ਰਦੂਸ਼ਿਤ ਕਰੀ ਜਾਵੇਗਾ ਤਾਂ ਉਸ ਦੇ ਸਰੀਰ ਦਾ ਇਸ ਪ੍ਰਦੂਸ਼ਨ ਤੋਂ ਨਿਰਲੇਪ ਰਹਿਣਾ ਅਸੰਭਵ ਹੋਵੇਗਾ। ਪ੍ਰੋ. ਬਡੂੰਗਰ ਨੇ ਇਹ ਵੀ ਕਿਹਾ ਕਿ ਧਰਤੀ ਉੱਤੇ ਫੈਲ ਰਹੇ ਪ੍ਰਦੂਸ਼ਨ ਵਿੱਚ ਸਭ ਤੋਂ ਵੱਡਾ ਹਿੱਸਾ ਮਨੁੱਖ ਦਾ ਹੈ, ਜਿਸ ਨੇ ਕੁਦਰਤ ਦੁਆਰਾ ਸਿਰਜੇ ਗਏ ਅਣਮੁੱਲੇ ਸੋਮਿਆਂ ਹਵਾ, ਪਾਣੀ, ਧਰਤੀ ਅਤੇ ਉਸ ਉੱਤੇ ਰਹਿ ਰਹੇ ਜੀਵ ਜੰਤੂਆਂ ਅਤੇ ਪੇੜ ਪੌਦਿਆਂ ਆਦਿ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਦੇ ਖ਼ਤਰਨਾਕ ਸਿੱਟੇ ਹਰ ਪਾਸੇ ਨਜ਼ਰ ਆਉਂਦੇ ਹਨ। ਪ੍ਰੋ. ਬਡੂੰਗਰ ਨੇ ਸਾਰਿਆਂ ਨੂੰ ਪ੍ਰਾਕ੍ਰਿਤਕ ਸੋਮਿਆਂ ਦੀ ਸਾਂਭ-ਸੰਭਾਲ ਕਰਨ ਅਤੇ ਸੰਜਮ ਨਾਲ ਵਰਤਣ ਲਈ ਵੀ ਪ੍ਰੇਰਿਤ ਕੀਤਾ।
ਕਾਲਜ ਪ੍ਰਿੰਸੀਪਲ, ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਜੈਵਿਕ ਵਿਭਿੰਨਤਾ ਕੁਦਰਤ ਦੁਆਰਾ ਬਖ਼ਸ਼ਿਆ ਗਿਆ ਇੱਕ ਅਣਮੁੱਲਾ ਤੋਹਫ਼ਾ ਹੈ, ਜਿਹੜਾ ਕਿ ਭੋਜਨ ਲੜੀ ਰਾਹੀਂ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ। ਇਸ ਲਈ ਮਨੁੱਖ ਦੀਆਂ ਬੇਪਰਵਾਹੀਆਂ ਅਤੇ ਨਿੱਜੀ ਸਵਾਰਥਾਂ ਕਾਰਨ ਇਹ ਭੋਜਨ ਲੜੀ ਜੇ ਕਿਤਿਉਂ ਟੁੱਟਦੀ ਹੈ ਤਾਂ ਇਸ ਅਣਮੁੱਲੇ ਤੋਹਫ਼ੇ ਵਿਚੋਂ ਕਈ ਵਿਭਿੰਨਤਾਵਾਂ ਖ਼ਾਰਜ ਹੋ ਜਾਂਦੀਆਂ ਹਨ।
ਡਾ. ਉੱਭਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਨੁੱਖਾ ਹੋਂਦ ਦਾ ਵਾਜ਼ੂਦ ਪ੍ਰਕ੍ਰਿਤੀ ‘ਤੇ ਹੀ ਨਿਰਭਰ ਹੈ। ਇਸ ਲਈ ਸਾਨੂੰ ਪ੍ਰਕਿਤੀ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਗੁਰਬਾਣੀ ਦੇ ਹਵਾਲੇ, ‘ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲੁ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।।’ ਰਾਹੀਂ ਸਾਰਿਆਂ ਨੂੰ ਗੁਰੂ ਸਾਹਿਬਾਨ ਦੁਆਰਾ ਪ੍ਰਕ੍ਰਿਤੀ ਦੇ ਮਹੱਤਵ ਸੰਬੰਧੀ ਦਰਸਾਏ ਗਏ ਸਿਧਾਂਤ ਨੂੰ ਸਮਝਣ ਅਤੇ ਵਿਹਾਰਕ ਜ਼ਿੰਦਗੀ ਵਿੱਚ ਅਪਣਾਉਣ ਦੀ ਤਾਕੀਦ ਕੀਤੀ।
ਡਾ. ਮਨੁਰੁਚੀ ਕੌਰ ਨੇ ਸਸਟੇਨੇਬਲ ਟੂਰਿਜ਼ਮ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ ਟੂਰਿਜ਼ਮ ਤੇ ਵਾਤਾਵਰਨ ਦਾ ਆਪਸੀ ਰਿਸ਼ਤਾ ਹੈ ਤੇ ਇਸ ਦਾ ਸਾਡੀ ਆਰਥਿਕਤਾ ਤੇ ਕੀ ਅਸਰ ਪੈਂਦਾ ਹੈ। ਸਸਟੇਨੇਬਲ ਟੂਰਿਜ਼ਮ ਅਤੇ ਈਕੋ ਟੂਰਿਜ਼ਮ ਵਿਚ ਸਾਡਾ ਤੇ ਲੋਕਲ ਆਬਾਦੀ ਦਾ ਕੀ ਰੋਲ ਹੈ ਤੇ ਟੂਰਿਜ਼ਮ ਕਿਵੇਂ ਲੋਕਲ ਆਬਾਦੀ ਨੂੰ ਪ੍ਰਭਾਵਿਤ ਕਰਦਾ ਹੈ। ਪ੍ਰੋ. ਮਨਰੁਚੀ ਕੌਰ ਨੇ ਇਸ ਸੰਬੰਧੀ ਫੈਕਲਟੀ ਤੇ ਵਿਦਿਆਰਥੀਆਂ ਨੂੰ ਡੂੰਘਾਈ ਵਿਚ ਜਾਣਕਾਰੀ ਦਿੱਤੇ ਤੇ ਇਸ ਵਿਸ਼ੇ ‘ਤੇ ਫੈਕਲਟੀ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਡਾ. ਅਵਨੀਤ ਪਾਲ ਸਿੰਘ ਨੇ ਆਪਣੇ ਭਾਸ਼ਣ ਵਿਚ ਜੈਵਿਕ ਵਿਭਿੰਨਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ ਇਹ ਹੋਂਦ ਵਿਚ ਆਈ ਤੇ ਮਨੁੱਖੀ ਜੀਵਨ ਵਿੱਚ ਇਸ ਦੀ ਕੀ ਭੂਮਿਕਾ ਹੈ।ਉਨ੍ਹਾਂ ਨੇ ਕਿਹਾ ਕਿ ਹਵਾ, ਪਾਣੀ ਤੇ ਮਿੱਟੀ ਦੇ ਦੂਸ਼ਿਤ ਹੋਣ ਤੇ ਵਾਤਾਵਰਨ ਦੇ ਬਦਲਣ (ਗਲੋਬਲ ਵਾਰਨਿੰਗ) ਕਾਰਣ ਇਸ ਦਾ ਮਨੁੱਖੀ ਜੀਵਨ, ਪਸ਼ੂ-ਪੰਛੀਆਂ ਅਤੇ ਪੌਦਿਆਂ ਤੇ ਬਹੁਤ ਮਾਰੂ ਅਸਰ ਹੋ ਰਿਹਾ ਹੈ ਤੇ ਇਸ ਨੂੰ ਸੰਭਾਲਣ ਦੀ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ।
ਸੈਮੀਨਾਰ ਦੇ ਕਨਵੀਨਰ ਅਤੇ ਸਥਾਨਕ ਵਿਭਾਗ ਦੇ ਮੁਖੀ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਨੇ ਪ੍ਰਧਾਨ ਜੀ ਅਤੇ ਪਹੁੰਚੀਆਂ ਸਮੂਹ ਸਖ਼ਸ਼ੀਅਤਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨੇ ਕਿਹਾ ਕਿ ਮਨੁੱਖ ਦੁਆਰਾ ਪ੍ਰਕ੍ਰਿਤੀ ਨਾਲ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਛੇੜ ਛਾੜ ਹੀ ਵੱਡੀਆਂ ਕੁਦਰਤੀ ਆਫ਼ਤਾਂ ਦਾ ਕਾਰਨ ਬਣਦੀ ਹੇ, ਜਿਸ ਦੇ ਸਾਰਿਆਂ ‘ਤੇ ਬੜੇ ਮਾਰੂ ਅਸਰ ਪੈਂਦੇ ਹਨ। ਉਨ੍ਹਾਂ ਨੇ ਇਹ ਸੈਮੀਨਾਰ ਸਪਾਂਸਰ ਕਰਨ ਲਈ ਪੰਜਾਬ ਬਾਇਓਡਾਇਵਰਸਿਟੀ ਬੋਰਡ ਅਤੇ ਨੈਸ਼ਨਲ ਬਾਇਓਡਾਇਵਰਸਿਟੀ ਅਥਾਰਟੀ ਆਫ਼ ਇੰਡੀਆ ਦੇ ਇਸ ਯਤਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਸਲੋਗਨ ਲਿਖਣ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ ਜਿਸ ਦੀ ਜੱਜਮੈਂਟ ਡਾ. ਅਕਸ਼ਿਤਾ ਧਾਲੀਵਾਲ, ਡਾ. ਸੁਖਵੀਰ ਕੌਰ ਅਤੇ ਪ੍ਰੋ. ਮਨਦੀਪ ਕੌਰ ਨੇ ਕੀਤੇ।ਨਤੀਜਿਆਂ ਦੌਰਾਨ ਪੋਸਟਰ ਮੇਕਿੰਗ ਮੁਕਾਬਲੇ ਵਿਚ ਰਮਨਪ੍ਰੀਤ ਕੌਰ ਨੇ ਪਹਿਲਾ, ਹਰਮਨਬੀਰ ਕੌਰ ਨੇ ਦੂਜਾ ਅਤੇ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਪ੍ਰਤੀਯੋਗਤਾ ਮੁਕਾਬਲੇ ਵਿੱਚ ਉਪਿੰਦਰ ਕੌਰ, ਲਵਪ੍ਰੀਤ ਸਿੰਘ, ਨਵੀਨ ਕੁਮਾਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਸਲੋਗਨ ਲਿਖਣ ਮੁਕਾਬਲੇ ਵਿੱਚ ਹਰਮਨਪ੍ਰੀਤ ਕੌਰ ਪਹਿਲੇ, ਮਨਦੀਪ ਕੌਰ ਦੂਜੇ ਅਤੇ ਰੂਪਾਲੀ ਤੀਸਰੇ ਸਥਾਨ ‘ਤੇ ਰਹੇ। ਇਹ ਮੁਕਾਬਲੇ ਡਾ. ਸੁਖਵੀਰ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ। ਸੈਮੀਨਾਰ ਦੌਰਾਨ ਮੰਚ ਦਾ ਸੰਚਾਲਨ ਡਾ. ਅਕਸ਼ਿਤਾ ਧਾਲੀਵਾਲ ਨੇ ਕੀਤਾ।

Leave a Reply

Your email address will not be published. Required fields are marked *