ਕੈਪਟਨ ਸਰਕਾਰ ਖਿਲਾਫ਼ ਭਾਰਤੀ ਮਜਦੂਰ ਸੰਘ ਦੀਆਂ 60 ਯੂਨੀਅਨ ਵੱਲੋਂ ਧਰਨਾ
ਪਟਿਆਲਾ 22 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀਯ ਮਜਦੂਰ ਸੰਘ ਪਟਿਆਲਾ ਦੀਆਂ 60 ਯੂਨੀਅਨਾਂ ਵੱਲੋਂ ਮਿੰਨੀ ਸਕੱਤਰੇਤ ਡੀ.ਸੀ. ਦਫਤਰ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਵਿਸ਼ਾਲ ਧਰਨਾ ਲਗਾਇਆ ਗਿਆ। ਇਹ ਧਰਨਾ ਭਾਰਤੀਯ ਮਜਦੂਰ ਸੰਘ ਜਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਦੀ ਅਗਵਾਈ ਹੇਠ ਦਿੱਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਰਤੀਯ ਮਜਦੂਰ ਸੰਘ ਪੰਜਾਬ ਦੇ ਪ੍ਰਧਾਨ ਸੁਖਮਿੰਦਰ ਸਿੰਘ ਡਿੱਕੀ ਹਾਜ਼ਰ ਹੋਏ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੀਤੀ ਆਯੋਗ ਨੂੰ ਭੰਗ ਕੀਤਾ ਜਾਵੇ। ਮੁਲਾਜਮ ਮਾਰੂ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਨਿਗਮਾਂ/ਨਗਰ ਕੌਂਸਲਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆ ਹਨ ਜਿਸ ਕਰਕੇ ਕਰਮਚਾਰੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਿਸ ਵਿੱਚ 2004 ਤੋਂ ਬਾਅਦ ਕੰਮ ਕਰ ਰਹੇ ਕਰਮਚਾਰੀਆਂ ਦੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਨਵੇਂ ਭਰਤੀ ਕਰਮਚਾਰੀਆਂ ਦੀ ਇਕੱਲੀ ਬੇਸਿਕ ਪੇ ਦਿੱਤੀ ਜਾ ਰਹੀ ਹੈ ਉਨ੍ਹਾਂ ਨੂੰ ਸਾਰੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇ ਅਤੇ ਪਰਖਕਾਲ ਦੀ ਸੀਮਾ ਦਾ ਸਮ੍ਹਾਂ ਇੱਕ ਸਾਲ ਕੀਤਾ ਜਾਵੇ। ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਜਿਨਾਂ ਕਾਮਿਆਂ ਦਾ ਪ੍ਰਮੋਸ਼ਨ ਚੈਨਲ ਨਹੀਂ ਬਣਿਆ ਜਿਵੇਂ ਕਿ ਬੇਲਦਾਰ, ਸਕਿਲਡ ਹੈਲਪਰ, ਬਿਲ ਮੈਸੰਜਰ, ਮੀਟਰ ਰੀਡਰ, ਵਰਕ ਸੁਪਰਵਾਈਜਰ, ਅਤੇ ਦਰੋਗਾ ਵਗੈਰਾ ਦਾ ਪ੍ਰਮੋਸ਼ਨ ਚੈਨਲ ਬਣਾਇਆ ਜਾਵੇ। ਸਤਵਾਂ ਪੇ ਕਮਿਸ਼ਨ ਤੁਰੰਤ ਲਾਗੂ ਕੀਤਾ ਜਾਵੇ। ਮੀਨੀਮਮ ਵੇਜ ਕੇਂਦਰ ਦੇ ਅਨੁਸਾਰ ਸਮੂੰਹ ਕਾਮਿਆਂ ਤੇ ਤੁਰੰਤ ਲਾਗੂ ਕੀਤਾ ਜਾਵੇ। ਠੇਕੇਦਾਰੀ ਪ੍ਰਥਾ/ਆਊਟ ਸੋਰਸਿੰਗ (ਸਰਕਾਰੀ/ਪ੍ਰਾਈਵੇਟ ਖੇਤਰ ਵਿੱਚ) ਮੁਕੰਮਲ ਤੌਰ ਤੇ ਬੰਦ ਕਰਕੇ ਜਿਨ੍ਹਾਂ ਮੁਲਾਜਮਾਂ ਨੂੰ ਤਿੰਨ ਸਾਲ ਦਾ ਸਮਾਂ ਹੋ ਚੁੱਕਾ ਹੈ ਨੂੰ ਰੈਗੂਲਰ/ਪੱਕਾ ਕੀਤਾ ਜਾਵੇ। ਰਿਟਾਇਰਡ ਕਰਮਚਾਰੀਆਂ ਦੇ ਬਕਾਇਆ ਜਾਤ ਗਰੈਚੂਟੀ ਆਦਿ ਤੁਰੰਤ ਦਿੱਤੇ ਜਾਣ ਅਤੇ ਉਨ੍ਹਾਂ ਦਾ ਰਹਿੰਦਾ ਬਕਾਇਆ ਵੀ ਤੁਰੰਤ ਦਿੱਤਾ ਜਾਵੇ। ਸਰਕਾਰੀ ਕਰਮਚਾਰੀ ਦੀ ਮੌਤ ਉਪਰੰਤ ਮਿਲਣ ਵਾਲੀ ਐਕਸਗਰੇਸ਼ੀਆ ਗਰਾਂਟ ਸਮੇਂ ਨੂੰ ਮੁੱਖ ਰੱਖਦੇ ਹੋਏ ਇੱਕ ਲੱਖ ਤੋਂ ਵਧਾ ਕੇ 3 ਲੱਖ ਕੀਤੀ ਜਾਵੇ। ਧਰਨੇ ਤੋਂ ਬਾਅਦ ਮੰਗਾਂ ਪ੍ਰਤੀ ਮਾਨਯੋਗ ਡੀ.ਸੀ. ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮਿਊਂਸਪਲ ਵਰਕਰ ਯੂਨੀਅਨ,ਟੈਕਨੀਕਲ ਇੰਪਲਾਈਜ਼ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਮਹਾ ਸੰਘ, ਸਫਾਈ ਸੇਵਕ, ਠੇਕਾ ਸਫਾਈ ਕਰਮਚਾਰੀ ਯੂਨੀਅਨ, ਟੀ.ਆਈ.ਈ.ਟੀ. ਇੰਪਲਾਈਜ਼ ਐਸੋਸੀਏਸ਼ਨ, ਕੰਟਰੈਕਟ ਵਰਕਰਜ਼ ਯੂਨੀਅਨ ਥਾਪਲ ਯੂਨੀਵਰਸਿਟੀ, ਸਫਾਈ ਮਜਦੂਰ ਸੰਘ ਮਿਲਟਰੀ ਏਰੀਆ ਪਟਿਆਲਾ, ਸਫਾਈ ਮਜਦੂਰ ਸੰਘ ਸਨੌਰ, ਰਿਕਸ਼ਾ ਮਜਦੂਰ ਯੂਨੀਅਨ ਪਟਿਆਲਾ, ਆਗਨਵਾੜੀ ਅਤੇ ਸਹਾਇਤ ਸੰਘ ਪਟਿਆਲਾ, ਟੈਕਨੀਕਲ ਯੂਨੀਅਨ ਨਾਭਾ, ਸਫਾਈ ਮਜਦੂਰ ਸੰਘ ਰਾਜਪੁਰਾ, ਪੀ.ਡਬਲਿਯੂ.ਡੀ. ਲੇਬਰ ਯੂਨੀਅਨ ਸਮਾਣਾ ਅਤੇ ਹੋਰ ਕਈ ਯੂਨੀਅਨਾਂ ਦੇ ਸਮੂੰਹ ਕਰਮਚਾਰੀ ਹਾਜਰ ਸਨ।

