ਕੈਪਟਨ ਦੇ ਟਰੱਕ ਯੂਨੀਅਨਾ ਨੂੰ ਤੋੜਨ ਦੇ ਫੈਸਲੇ ਨਾਲ, ਲੱਖਾਂ ਪਰਿਵਾਰ ਬੇਰੁਜ਼ਗਾਰ ਤੇ ਬਰਬਾਦ ਹੋ ਜਾਣਗੇ : ਬੀਰ ਦਵਿੰਦਰ ਸਿੰਘ
ਪਟਿਆਲਾ 29 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਪੰਜਾਬ ਵਿੱਚ ਟਰੱਕ ਯੂਨੀਅਨਾ ਤੋੜਨ ਦਾ ਫੈਸਲਾ ਸਰਾਸਰ ਗਲਤ ਤੇ ਮਨਮਾਨੀ ਭਰਿਆ ਹੈ। ਕੈਪਟਨ ਦੇ ਇਸ ਆਪਹੁਦਰੇ ਅਤੇ ਇੱਕ ਪਾਸੜ ਦੇ ਫੈਸਲੇ ਨਾਲ, ਟਰੱਕ ਟਰਾਂਸਪੋਰਟ ਤੇ ਅਧਾਰਤ, ਪੰਜਾਬ ਦੇ ਲੱਖਾਂ ਹੀ ਪਰਿਵਾਰ ਬੇਰੁਜ਼ਗਾਰ ਤੇ ਬਰਬਾਦ ਹੋ ਜਾਣਗੇ ।
ਇਹ ਪ੍ਰਗਟਾਵਾ ਸਾਬਕਾ ਵਿਧਾਇਕ ਅਤੇ ਸਪੀਕਰ ਬੀਰਦਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੈਪਟਨ ਨੇ ਬਿਨਾਂ ਸੋਚੇ-ਸਮਝੇ, ਵੱਡੇ ਉਦਯੋਗਪਤੀਆਂ, ਬਹੁ-ਕਰੋੜੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦਾ ਪੱਖ ਪੂਰਨ ਲਈ, ਢੋ-ਢੁਆਈ ਲਈ ਵਰਤੀ ਜਾਣ ਵਾਲੀ ਟਰੱਕ ਟਰਾਂਸਪੋਰਟ ਨੂੰ ਬਰਬਾਦ ਕਰਨ ਲਈ ਵੱਡੀ ਸੱਟ ਮਾਰੀ ਹੈ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 134 ਟਰੱਕ ਯੂਨੀਅਨਾਂ ਹਨ। ਇਨ੍ਹਾਂ ਟਰੱਕ ਯੂਨੀਅਨਾਂ ਵਿੱਚ ਲਗਪਗ 93000 ਟਰੱਕ, ਬਾਕਾਇਦਗੀ ਨਾਲ ਜੁੜੇ ਹੋਏ ਹਨ। ਇੰਝ ਇਕ ਸ੍ਰਵੇਖਣ ਅਨੁਸਾਰ ਲਗਪਗ ਪੰਜਾਹ ਹਜ਼ਾਰ ਟਰੱਕ ਓਪਰੇਟਰਾਂ ਦਾ ਇਸ ਢੋ-ਢੁਆਈ ਲਈ ਵਰਤੀ ਜਾਣ ਵਾਲੀ ਟਰੱਕ ਟਰਾਂਸਪੋਰਟ ਨਾਲ ਸਿੱਧਾ ਸਬੰਧ ਹੈ। ਇਸ ਤੋਂ ਬਿਨਾਂ ਵੀ ਇੱਕ ਟਰੱਕ ਤੇ ਘੱਟੋ-ਘੱਟ ਚਾਰ ਪਰਿਵਾਰਾਂ ਦੀ ਰੋਜ਼ੀ ਰੋਟੀ ਨਿਰਭਰ ਹੈ, ਇੰਝ ਇਨ੍ਹਾਂ ਪਰਿਵਾਰਾਂ ਦੀ ਗਿਣਤੀ 3,72,000 ( ਤਿੰਨ ਲੱਖ ਬਹੱਤਰ ਹਜ਼ਾਰ ) ਬਣਦੀ ਹੈ ਤੇ ਜੇ ਇੱਕ ਪਰਿਵਾਰ ਦੇ ਪੰਜ ਮੈਂਬਰ ਵੀ ਮਿਥ ਲਈਏ ਤਾਂ ਪ੍ਰਭਾਵਤ ਪੰਜਾਬੀਆਂ ਦੀ ਗਿਣਤੀ 18,60,000 ( ਅਠਾਰਾਂ ਲੱਖ ਸੱਠ ਹਜ਼ਾਰ ) ਬਣਦੀ ਹੈ, ਜਿਨ੍ਹਾਂ ਵਿੱਚ ਬੁਢਾਪੇ ਨੂੰ ਪੁੱਜੇ ਮਰਦ ਤੇ ਔਰਤਾਂ,ਘਰੇਲੂ ਸੁਆਣੀਆਂ ਤੇ ਬੱਚੇ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟਰੱਕ ਯੂਨੀਅਨਾਂ ਨੂੰ ਤੋੜਨ ਦ ‘ਤੁਗਲਕੀ’ ਫੁਰਮਾਨ ਜਾਰੀ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ, ਟਰੱਕ ਟਰਾਂਸਪੋਰਟ ਨਾਲ ਜੁੜੇ ਸਾਰੇ ਪਹਿਲੂਆਂ ਤੇ, ਦੂਰਦ੍ਰਿਸ਼ਟੀ ਨਾਲ ਵਿਚਾਰ ਕਰਨੀ ਚਾਹੀਦੀ ਸੀ।

