ਰੂਰਲ ਮੈਡੀਕਲ ਅਫ਼ਸਰਾਂ ਨੂੰ ਸਿਹਤ ਕੇਂਦਰਾਂ ਵਿੱਚ ਖੂਨਦਾਨ ਕੈਂਪ ਲਗਾਉਣ ਦੀ ਹਦਾਇਤ
ਪਟਿਆਲਾ, 6 ਜੁਲਾਈ (ਮਧੂਸਾਰ ਬਿਊਰੋ) ਜ਼ਸਪਾਲ ਸਿੰਘ ਕਲਿਆਣ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਪਟਿਆਲਾ ਵੱਲੋ ਸਮੂਹ ਰੂਰਲ ਮੈਡੀਕਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਵਲੋਂ ਸਮੂਹ ਰੂਰਲ ਮੈਡੀਕਲ ਅਫਸਰਾਂ ਨੂੰ ਆਪੋ ਆਪਣੇ ਸਬਸਿਡਰੀ ਹੈਲਥ ਸੈਂਟਰ ਵਿੱਚ ਖੂਨਦਾਨ ਕੈਂਪ ਲਗਾਉਣ ਲਈ ਵਿਸ਼ੇਸ਼ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਇਸ ਮੰਤਵ ਲਈ ਗ੍ਰਾਮ ਪੰਚਾਇਤ, ਸਵੈ ਸੇਵੀ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਮੀਟਿੰਗ ਦੌਰਾਨ ਏ.ਡੀ.ਸੀ. (ਵਿਕਾਸ)-ਕਮ-ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਪ੍ਰੀਸ਼ਦ, ਪਟਿਆਲਾ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਸਮੂਹ ਰੂਰਲ ਮੈਡੀਕਲ ਅਫਸਰਾਂ ਨੂੰ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਲਈ ਹਦਾਇਤ ਕੀਤੀ ਅਤੇ ਤਾੜਨਾਂ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੁਆਰਾ ਚਲਾਏ ਜਾ ਰਹੇ ਨੈਸ਼ਨਲ ਹੈਲਥ ਪ੍ਰੋਗਰਾਮਾਂ ਵਿੱਚ ਉਹਨਾਂ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਹਰ ਤਰ੍ਹਾਂ ਦੀਆਂ ਭੇਜੀਆ ਜਾਣ ਵਾਲੀਆਂ ਰਿਪੋਰਟਾਂ ਵੀ ਸਮੇ ਸਿਰ ਮੁਹੱਈਆ ਕਰਵਾਈਆਂ ਜਾਣ।
ਡਾ. ਹਰੀਸ਼ ਮਲਹੋਤਰਾ ਸਹਾਇਕ ਸਿਵਲ ਸਰਜਨ, ਪਟਿਆਲਾ ਵਲੋਂ ਦੱਸਿਆ ਗਿਆ ਕਿ ਵੱਖ ਵੱਖ ਸਮੇਂ ‘ਤੇ ਡਾਕਟਰਾਂ ਨੂੰ ਟਰੇਨਿੰਗ ਦਾ ਪ੍ਰੋਗਰਾਮ ਵੀ ਸਿਹਤ ਵਿਭਾਗ ਦੁਆਰਾ ਉਲੀਕਿਆ ਜਾਂਦਾ ਹੈ। ਇਸ ਟ੍ਰੇਨਿੰਗ ਵਿੱਚ ਰੂਰਲ ਮੈਡੀਕਲ ਅਫਸਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਵਿੱਚ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆ ਜਾ ਸਕਣ। ਸ੍ਰ: ਕਲਿਆਣ ਵਲੋਂ ਇਹ ਵੀ ਭਰੋਸਾ ਦਿਵਾਇਆ ਗਿਆ ਉਹਨਾਂ ਨੂੰ ਡਿਸਪੈਂਸਰੀ ਵਿੱਚ ਮਰੀਜਾਂ ਦੇ ਚੈਕ ਅਪ ਕਰਨ ਲਈ ਮੁਢਲਾ ਸਾਜੋ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਬਿਲਡਿੰਗ ਦੀ ਮੁਰੰਮਤ ਦਾ ਕੰਮ ਵੀ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ ਅਤੇ ਲੋੜੀਦਾ ਫਰਨੀਚਰ ਆਦਿ ਵੀ ਦਿੱਤਾ ਜਾਵੇਗਾ।
ਪਿੰਡਾਂ ਦੀਆਂ ਡਿਸਪੈਂਸਰੀਆਂ ਨੂੰ ਜੋ ਦਵਾਈਆਂ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਹਨ, ਉਸ ਸਬੰਧ ਵਿੱਚ ਇਸ ਜਿਲ੍ਹੇ ਦੀ ਲੋੜ ਨੂੰ ਧਿਆਨ ਵਿੱਚ ਰਖਦੇ ਹੋਏ ਦਵਾਈਆਂ ਦੀ ਚੋਣ ਕਰਨ ਲਈ ਜਿਲ੍ਹਾ ਪੱਧਰੀ ਕਮੇਟੀ ਦਾ ਗਠਿਨ ਵੀ ਕੀਤਾ ਗਿਆ, ਜਿਸ ਵਿੱਚ ਉਪ ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਪ੍ਰੀਸ਼ਦ, ਡਾ. ਮੋਹਕਮ ਸਿੰਘ ਮਾਨ, ਆਰ.ਐਮ.ਓ. ਆਲੋਵਾਲ, ਡਾ. ਪੂਨਮ ਮਲਹੋਤਰਾ ਆਰ.ਐਮ.ਓ. ਭੁਨਰਹੜੀ, ਸ੍ਰੀ ਰੋਹਿਤ ਕੁਮਾਰ ਫਾਰਮਾਸਿਸਟ ਸੈਂਸਰਵਾਲ ਅਤੇ ਸ੍ਰੀਮਤੀ ਮਿਨਾਕਸੀ ਫਾਰਮਾਸਿਸਟ ਲੰਗ ਨੂੰ ਸ਼ਾਮਲ ਕੀਤਾ ਗਿਆ। ਇਹ ਕਮੇਟੀ ਜਿਲ੍ਹੇ ਵਿੱਚ ਲੋੜਦੀਆਂ ਦਵਾਈਆਂ ਦੀ ਸੂਚੀ ਤਿਆਰ ਕਰਕੇ ਏ.ਡੀ.ਸੀ. (ਵਿਕਾਸ) ਪਟਿਆਲਾ ਨੂੰ ਸੋਂਪੇਗੀ ਅਤੇ ਇਸੇ ਅਨੁਸਾਰ ਦਵਾਈਆਂ ਦੀ ਡਿਮਾਂਡ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਪੇਂਡੂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦਿੱਤੀਆ ਜਾ ਸਕਣ। ਇਸ ਮੀਟਿੰਗ ਵਿੱਚ ਡਾ. ਹਰੀਸ਼ ਮਲਹੋਤਰਾ ਸਹਾਇਕ ਸਿਵਲ ਸਰਜਨ, ਪਟਿਆਲਾ, ਸ੍ਰੀ ਚਰਨਜੋਤ ਸਿੰਘ ਵਾਲੀਆ ਉਪ ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਪ੍ਰੀਸ਼ਦ, ਪਟਿਆਲਾ ਅਤੇ ਰੂਰਲ ਮੈਡੀਕਲ ਅਫਸਰਾਂ ਨੇ ਭਾਗ ਲਿਆ।

