ਪੰਜਾਬ

ਪਟਿਆਲਾ ਨੂੰ ਭੀਖ ਰਹਿਤ ਜ਼ਿਲ੍ਹਾ ਬਣਾਉਣ ਲਈ ਧਾਰਮਿਕ ਸੰਸਥਾਵਾਂ ਅਤੇ ਮੀਡੀਆ ਦੇ ਸਹਿਯੋਗ ਦੀ ਲੋੜ

ਭੀਖ ਦੇਣ ਅਤੇ ਦਾਨ ਕਰਨ ਵਿੱਚ ਵੱਡਾ ਫਰਕ ਹੈ ਕਿਹਾ ਵਧੀਕ ਡਿਪਟੀ ਕਮਿਸ਼ਨਰ ਨੇ
ਛੋਟੇ ਬੱਚਿਆਂ, ਔਰਤਾਂ, ਬੁਜ਼ਰਗਾਂ ਜਾਂ ਦੀਵੀਆਂਗ ਲੋਕਾਂ ਦੀ ਤਰਸ ਦੇ ਅਧਾਰ ‘ਤੇ ਨਹੀਂ ਸਗੋਂ ਸੰਸਥਾਵਾਂ ਰਾਹੀਂ ਮੱਦਦ ਕੀਤੀ ਜਾਵੇ: ਸ਼ੌਕਤ ਅਹਿਮਦ ਪਰੇ
ਪਟਿਆਲਾ, 6 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲੇ ਨੂੰ ਭੀਖ ਰਹਿਤ ਜ਼ਿਲ੍ਹਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਮਿਕ ਸੰਸਥਾਵਾਂ ਅਤੇ ਮੀਡੀਆ ਤੋਂ ਸਹਿਯੋਗ ਦੇਣ ਲਈ ਕਿਹਾ ਹੈ।

ਡਿਪਟੀ ਕਮਿਸ਼ਨਰ ਵਿਕਾਸ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਵਿੱਚ ਮੀਡੀਆ, ਧਾਰਮਿਕ ਸੰਸਥਾਵਾਂ ਅਤੇ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਚਲਾਈ ਜਾ ਰਹੀਂ ਐਨ.ਜੀ.ਓ “ਹਰ ਹਾਥ ਕੋ ਕਾਮ ਫਾਊਡੇਸ਼ਨ” ਦੇ ਪ੍ਰਤੀਨਿਧੀਆਂ ਨਾਲ ਹੋਈ ਮੀਟਿੰਗ ਵਿੱਚ ਉਹਨਾਂ ਕਿਹਾ ਕਿ ਇਕ ਪਾਸੇ ਜਿੱਥੇ ਮੀਡੀਆ ਸਮਾਜ ਨੂੰ ਭੀਖ ਰਹਿਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਭੀਖਾਰੀਆਂ ਦੀ ਅਸਲੀਅਤ ਬਾਰੇ ਜਾਗਰੂਕ ਕਰੇ ਉਥੇ ਹੀ ਭੀਖ ਮੰਗਣ ਦੀ ਸਮੱਸਿਆ ਨੂੰ ਹਲ ਕਰਨ ਲਈ ਕੀਤੇ ਜਾ ਰਹੇ ਅਸਰਦਾਰ ਉਪਰਾਲੇ ਵੀ ਲੋਕਾਂ ਦੇ ਸਾਹਮਣੇ ਰੱਖੇ ਜਿਸ ਨਾਲ ਬੱਚਿਆਂ ਦਾ ਬਚਪਨ ਬਚਾਇਆ ਜਾ ਸਕੇ।
ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭੀਖ ਦੇਣ ਅਤੇ ਦਾਨ ਕਰਨ ਵਿੱਚ ਵੱਡਾ ਫਰਕ ਹੈ । ਉਹਨਾਂ ਕਿਹਾ ਕਿ ਆਪਣੇ ਸਰੋਤਿਆਂ, ਦਰਸ਼ਕਾਂ ਅਤੇ ਪਾਠਕ ਵਰਗ ਨੂੰ ਉਤਸ਼ਾਹਿਤ ਕਰਨ ਲਈ ਮੀਡੀਆ ਚਾਹੇ ਤਾਂ ਆਪਣੇ ਵੱਲੋਂ ਸਲੋਗਨ,ਪੇਟਿੰਗ, ਕਵਿਤਾ ਆਦਿ ਦੇ ਮੁਕਾਬਲੇ ਕਰਵਾ ਕੇ ਭੀਖ ਮੰਗਣ ਦੀ ਸਮੱਸਿਆ ਨੂੰ ਉਜਾਗਰ ਕਰ ਸਕਦਾ ਹੈ ਅਤੇ ਇਸ ਕੁਰੀਤੀ ਬਾਰੇ ਲੋਕਾਂ ਨੂੰ ਦੱਸ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਕਿਤੇ ਸਤਿਸੰਗ ਜਾਂ ਪ੍ਰਵਚਨ ਹੋਣ ਉਥੇ ਕੁਝ ਮਿੰਟ ਭੀਖ ਮੰਗਣ ਦੀ ਬੁਰਾਈ ‘ਤੇ ਵੀ ਲਗਾਉਣ ਉਹਨਾਂ ਕਿਹਾ ਕਿ ਲਾਊਂਡ ਸਪੀਕਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜੇਕਰ ਇਹ ਕੰਮ ਸਾਡੇ ਧਰਮ ਗੁਰੂ ਕਰਨ ਤਾਂ ਲੋਕਾਂ ਤੇ ਛੇਤੀ ਅਤੇ ਵਧੀਆ ਪ੍ਰਭਾਵ ਪਵੇਗਾ। ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਛੋਟੇ ਬੱਚਿਆਂ, ਬੇਸਹਾਰਾ ਔਰਤਾਂ, ਬੁਜ਼ਰਗਾਂ ਜਾਂ ਦੀਵੀਆਂਗ ਲੋਕਾਂ (ਅੰਗਹੀਣ) ਦੀ ਤਰਸ ਦੇ ਅਧਾਰ ‘ਤੇ ਨਹੀਂ ਸਗੋਂ ਸੰਸਥਾਵਾਂ ਰਾਹੀਂ ਮੱਦਦ ਕੀਤੀ ਜਾਵੇ।
ਉਹਨਾਂ ਕਿਹਾ ਕਿ ਅਜਿਹਾ ਦੇਖਣ ਵਿੱਚ ਆਉਂਦਾ ਹੈ ਕਿ ਧਾਰਮਿਕ ਸਥਾਨਾਂ ਦੇ ਨੇੜੇ ਜਿੰਨਾ ਵਿੱਚ ਔਰਤਾਂ ਦੀ ਗੋਦ ਵਿੱਚ ਦੋ ਤੋਂ ਛੇ ਮਹੀਨੇ ਦੇ ਬੱਚੇ ਵੀ ਭੀਖ ਮੰਗਦੇ ਹਨ ਉਹਨਾਂ ਦੱਸਿਆ ਕਿ ਹਰ ਹਾਥ ਕੋ ਕਾਮ ਫਾਊਂਡੇਸ਼ਨ ਵੱਲੋਂ ਕੀਤੇ ਗਏ ਸਰਵੇ ਵਿੱਚ ਸਾਹਮਣੇ ਆਈਆਂ ਹੈ ਕਿ ਜਿੱਥੇ ਭੀਖ ਮੰਗਣ ਵਾਲੇ ਛੋਟੇ ਬੱਚੇ ਨਸ਼ੇ ਦੇ ਆਦਿ ਹੋ ਜਾਂਦੇ ਹਨ ਉਥੇ ਹੀ ਗੋਦੀ ਵਿੱਚ ਦੋ ਤਿੰਨ ਘੰਟੇ ਰੱਖਣ ਦੇ ਬਾਵਜੂਦ ਵੀ ਕੋਈ ਬੱਚਾ ਰੋਂਦਾ ਨਹੀਂ ਸਿਰਫ ਸੁੱਤਾ ਰਹਿੰਦਾ ਹੈ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਵੀ ਨਸ਼ਾ ਦਿੱਤਾ ਹੁੰਦਾ ਹੈ ਇਸ ਤੋਂ ਇਲਾਵਾ ਇਹ ਲੋਕ ਜੁਰਮ ਦੇ ਰਾਹ ‘ਤੇ ਵੀ ਤੁਰ ਪੈਂਦੇ ਹਨ ਜਿਸ ਦਾ ਵੀ ਸਮਾਜ ਨੂੰ ਨੁਕਸਾਨ ਹੁੰਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਮਿਸਾਲ ਦਿੱਤੀ ਕਿ ਧਰਮ ਸਥਾਨਾਂ ‘ਚ ਸਰੋਵਰ ਹੋਣ ਦੇ ਬਾਵਜੂਦ ਇਹਨਾਂ ਦੇ ਨੇੜੇ ਰਹਿਣ ਵਾਲੇ ਭਿਖਾਰੀ ਨਹਾਉਂਦੇ ਨਹੀਂ ਹਨ ਕਿਉਂਕਿ ਸਾਫ ਸੁਥਰਾ ਰਹਿਣ ‘ਤੇ ਇਹਨਾਂ ਨੂੰ ਭੀਖ ਨਹੀਂ ਮਿਲਦੀ। ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਭੀਖਾਰੀ ਦਿਨ ਵਿੱਚ ਪੰਦਰਾਂ ਸੌ ਤੋਂ ਦੋ ਹਜ਼ਾਰ ਰੁਪਏ ਇਕੱਠੇ ਕਰ ਲੈਂਦੇ ਹਨ ਜਦ ਕਿ ਇਹਨਾਂ ਨੂੰ ਭੀਖ ਦੇਣ ਵਾਲੇ ਕਈ ਲੋਕ ਇੰਨਾ ਵੀ ਨਹੀਂ ਕਮਾਉਂਦੇ ਇਸ ਤੋਂ ਘੱਟ ਕਮਾਉਂਦੇ ਹਨ। ਉਹਨਾਂ ਕਿਹਾ ਕਿ ਇਹਨਾਂ ਢੋਗੀ ਭੀਖਾਰੀਆਂ ਬਾਰੇ ਲੋਕਾਂ ਨੂੰ ਦੱਸਿਆ ਜਾਣਾ ਬਹੁਤ ਜ਼ਰੂਰੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਅਗਲੇ ਇੱਕ ਸਾਲ ਦੀ ਯੋਜਨਾ ਉਲੀਕੀ ਗਈ ਹੈ ਜਿਸ ਵਿੱਚ ਭੀਖ ਮੰਗਣ ਦੇ ਪੇਸ਼ੇ ਤੋਂ ਬਾਹਰ ਕੱਢ ਇਹਨਾਂ ਲੋਕਾਂ ਦਾ ਪੁਨਰਵਾਸ ਕੀਤਾ ਜਾਵੇ। ਇਸ ਵਿੱਚ ਬੱਚਿਆਂ ਨੂੰ ਸਕੂਲ ‘ਚ ਦਾਖਿਲ ਕਰਵਾਉਣਾ, ਰੁਜ਼ਗਾਰ ਦੇ ਉਪਰਾਲੇ ਕਰਨਾ ਅਤੇ ਵਿਸ਼ੇਸ਼ ਫੰਡ ਬਣਾ ਕੇ ਇਹਨਾਂ ਲੋਕਾਂ ਦੀ ਮਦੱਦ ਕਰਨ ਦੇ ਉਪਾਅ ਸ਼ਾਮਿਲ ਹਨ ਇਸ ਤੋਂ ਇਲਾਵਾ ਜਿਹੜੇ ਲੋਕ ਦਾਨ ਕਰਨਾ ਚਾਹੁੰਦੇ ਹਨ ਉਹ ਵੀ ਸੰਸਥਾਵਾਂ ਰਾਹੀਂ ਪੁਰਾਣੇ ਕੱਪੜੇ, ਰਾਸ਼ਨ, ਕਿਤਾਬਾਂ, ਖਿਡੌਣੇ, ਪੈਸੇ ਜਾਂ ਹੋਰ ਜ਼ਰੂਰੀ ਵਸਤਾਂ ਦੇ ਸਕਣ, ਇਸ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਸਾਈਨਾ ਕਪੂਰ, ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਪੱਤਰਕਾਰ ਮੌਜੂਦ ਸਨ।

Leave a Reply

Your email address will not be published. Required fields are marked *