ਪਟਿਆਲਾ

ਮਿਸ਼ਨ ਲਾਲੀ ਤੇ ਹਰਿਆਲੀ ਦੇ ਵਲੰਟੀਅਰਾਂ ਨੂੰ ਪੱਗਾਂ ਨਾਲ ਕੀਤਾ ਸਨਮਾਨਤ

ਪਟਿਆਲਾ, 15 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸਿਰਮੌਰ ਸਮਾਜ ਸੇਵੀ ਜਥੇਬੰਦੀ ਯੂਨੀਵਰਸਲ ਵੈਲਫੇਅਰ ਕਲੱਬ ਮਿਸ਼ਨ ਲਾਲੀ ਤੇ ਹਰਿਆਲੀ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਪਗੜੀ ਐਂਡ ਮੈਚਿੰਗ ਸੈਂਟਰ ਤ੍ਰਿਪੜੀ ਦੇ ਭਾਈ ਤਰਵਿੰਦਰ ਸਿੰਘ ਜੌਹਲ ਨੇ ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ, ਵਲੰਟੀਅਰ ਗੁਰਬਚਨ ਸਿੰਘ ਠੇਕੇਦਾਰ ਤੇ ਹਰਮੀਤ ਸਿੰਘ ਪਟਿਆਲਾ ਨੂੰ 11 ਪੱਗਾਂ ਨਾਲ ਸਨਮਾਨਤ ਕੀਤਾ।

ਭਾਈ ਜੌਹਲ ਨੇ ਸੰਸਥਾ ਵਲੋਂ ਮਨੁੱਖਤਾ ਦੇ ਭਲੇ ਲਈ ਲਗਾਏ ਜਾਂਦੇ ਖੂਨਦਾਨ ਕੈਂਪਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਇਹ ਸੇਵਾ ਜਾਰੀ ਰੱਖਣ ਲਈ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਕਸਰ ਅਖਬਾਰਾਂ ਵਿਚ ਖਬਰਾਂ ਪੜਦੇ ਰਹਿੰਦੇ ਹਨ ਤੇ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਇਸ ਸੰਸਥਾ ਦੇ ਵਲੰਟੀਅਰਾਂ ਨੂੰ ਪੱਗਾਂ ਦੇ ਕੇ ਸਨਮਾਨਤ ਕੀਤਾ ਜਾਵੇ। ਕਿਉਂਕਿ ਪੱਗ ਪੰਜਾਬੀਆਂ ਦੀ ਮੁੱਖ ਪਹਿਚਾਣ ਹੈ, ਇਸ ਲਈ ਮੈਂ ਵਲੰਟੀਅਰਾਂ ਦਾ ਪੱਗਾਂ ਨਾਲ ਸਨਮਾਨ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਪੱਗ ਬੰਨਣ ਦੀ ਅਪੀਲ ਕਰਦਿਆਂ ਸੰਸਥਾ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਨਮਾਨ ਹਾਸਲ ਕਰਨ ਉਪਰੰਤ ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਭਾਈ ਤਰਵਿੰਦਰ ਸਿੰਘ ਜੌਹਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਖੂਨਦਾਨ ਅਤੇ ਬੂਟੇ ਲਾਉਣ ਦੀ ਸੇਵਾ ਮੁੱਖ ਤੌਰ ਤੇ ਕੀਤੀ ਜਾਂਦੀ ਹੈ ਜਿਸ ਤਹਿਤ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਬਲੱਡ ਬੈਂਕ ਰਜਿੰਦਰਾ ਹਸਪਤਾਲ ਵਿਖੇ, ਪੰਚਮੀ ਦੇ ਦਿਹਾੜੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਸ੍ਰੀ ਸਨੌਰ ਨੇ ਸਮੂਹ ਵਾਤਾਵਰਣ ਪ੍ਰੇਮੀਆਂ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ 20 ਜੁਲਾਈ ਦਾ ਦਿਨ ਪੰਜਾਬ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਵੇ ਅਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਇਸ ਮੌਕੇ ਬਲਵੀਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *