ਪੰਜਾਬਪਟਿਆਲਾ

ਨਿਗਮ ਜਨਰਲ ਹਾਊਸ : ਨਜਾਇਜ਼ ਬਿਲਡਿੰਗਾਂ ਦਾ ਮੁੱਦਾ ਰਿਹਾ ਭਾਰੂ

ਸ਼ਹਿਰ ਦੇ ਵਿਕਾਸ ਲਈ ਪਹਿਲਾਂ ਨਾ ਕਸਰ ਛੱਡੀ ਤੇ ਨਾ ਹੁਣ ਛੱਡਾਂਗੇ : ਮੇਅਰ
ਪਟਿਆਲਾ, 17 ਜੁਲਾਈ (ਮਧੂਸਾਰ ਬਿਊਰੋ) ਨਗਰ ਨਿਗਮ ਦਾ ਅੱਜ ਜਨਰਲ ਇਜਲਾਸ ਨਿਗਮ ਦੇ ਡਾ. ਅੰਬੇਦਕਰ ਹਾਲ ਵਿਚ ਹੋਇਆ। ਇਸ ਦੌਰਾਨ ਨਜਾਇਜ਼ ਬਿਲਡਿੰਗਾਂ ਦਾ ਮੁੱਦਾ ਭਾਰੂ ਰਿਹਾ। ਇਸ ਮੁੱਦੇ ‘ਤੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਲਗਭਗ ਸਾਰੇ ਕੌਂਸਲਰਾਂ ਨੇ ਇਕਜੁੱਟਤਾ ਵਿਖਾਉਣÎ ਦੀ ਕੋਸ਼ਿਸ਼ ਕੀਤੀ।

ਮੀਟੰਗ ਵਿਚ ਮੇਅਰ ਅਮਰਿੰਦਰ ਸਿੰਘ ਬਜਾਜ, ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਵਿਧਾਇਕ ਹਲਕਾ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਹਾਇਕ ਕਮਿਸ਼ਨਰ, ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ ਅਤੇ ਡਿਪਟੀ ਮੇਅਰ ਹਰਿੰਦਰ ਕੋਹਲੀ ਸਮੇਤ ਵੱਡੀ ਗਿਣਤੀ ਵਿਚ ਕੌਂਸਲਰ ਅਤੇ ਨਿਗਮ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਏਜੰਡੇ ਵਿਚ ਸ਼ਾਮਲ ਇੱਕਾ-ਦੁੱਕਾ ਮਤਿਆਂ ਨੂੰ ਛੱਡ ਕੇ ਲਗਭਗ ਸਾਰੇ ਮਤੇ ਪਾਸ ਕਰ ਦਿੱਤੇ ਗਏ।
ਇਸ ਦੌਰਾਨ ਨਜਾਇਜ਼ ਬਿਲਡਿੰਗਾਂ ਦੇ ਮਾਮਲੇ ‘ਤੇ ਨਿਗਮ ਕਮਿਸ਼ਨਰ ਸ੍ਰੀ ਖਹਿਰਾ ਨੇ ਵੀ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਦੇ ਉਹ ਇਥੇ ਆਏ ਹਨ, ਲਗਭਗ 70 ਫੀਸਦੀ ਸ਼ਿਕਾਇਤਾਂ ਉਨ੍ਹਾਂ ਕੋਲ ਨਜਾਇਜ਼ ਬਿਲਡਿੰਗਾਂ ਦੀਆਂ ਹੀ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਨਾਲ ਨਿਪਟਣ ਲਈ ਏਜੰਡਾ ਤੈਅ ਕਰ ਲਿਆ ਹੈ ਅਤੇ ਇਸ ਨੂੰ ਜਲਦੀ ਹੀ ਅਮਲ ਵਿਚ ਲਿਆਂਦਾ ਜਾ ਰਿਹਾ ਹੈ।
ਖਹਿਰਾ ਨੇ ਦੱਸਿਆ ਕਿ ਹਰ ਇਕ ਬਣਨ ਵਾਲੀ ਬਿਲਡਿੰਗ ਲਈ ਹੁਣ ਸਬੰਧਤ ਇੰਸਪੈਕਟਰ ਅਤੇ ਆਰਕੀਟੈਕਟ ਜ਼ਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਹਰ ਇਕ ਉਹ ਬਿਲਡਿੰਗ ਜਿਸ ਦਾ ਨਕਸ਼ਾ ਪਾਸ ਹੋਵੇਗਾ, ਉਸੀ ਸਮੇਂ ਤੋਂ ਉਸ ਇਲਾਕੇ ਦੇ ਇੰਸਪੈਕਟਰ ਦਾ ਨਾਮ ਉਸ ਨਕਸ਼ੇ ਵਿਚ ਤੈਅ ਕਰ ਦਿੱਤਾ ਜਾਵੇਗਾ ਅਤੇ ਉਹ ਨੀਹਾਂ ਤੋਂ ਲੈ ਕੇ ਛੱਤ ਤੱਕ ਜ਼ਿੰਮੇਵਾਰ ਹੋਵੇਗਾ, ਬੇਸ਼ੱਕ ਇਲਾਕਾ ਕਿਉਂ ਨਾ ਬਦਲ ਦਿੱਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਨਜਾਇਜ਼ ਬਿਲਡਿੰਗਾਂ ‘ਤੇ ਸ਼ਿਕੰਜਾ ਕੱਸਣ ਲਈ ਜੁਰਮਾਨਾ 500 ਰੁਪਏ ਤੋਂ ਵਧਾ ਕੇ 20 ਹਜ਼ਾਰ ਰੁਪਏ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਜੋ ਜੁਰਮਾਨਾ ਪਹਿਲਾਂ 20 ਰੁਪਏ ਲਿਆ ਜਾਂਦਾ ਸੀ, ਉਹ 500 ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਨਜਾਇਜ਼ ਬਿਲਡਿੰਗਾਂ ਬਣਾਉੁਣ ਵਾਲਿਆਂ ਖਿਲਾਫ਼ ਪਰਚਾ ਦਰਜ ਕਰਕੇ ਸਜ਼ਾ ਕਰਵਾਉੁਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਲਈ ‘ਪਟਿਆਲਾ ਮਿਊਂਸੀਪਲ ਬਿਲਡਿੰਗ ਬਾਇਲਾਜ਼ 2010’ ਵਿਚ ਅਮੈਂਡਮੈਂਟ ਕੀਤੀ ਗਈ ਹੈ। ਬਿਲਡਿੰਗ ਬ੍ਰਾਂਚ ਵੱਲੋਂ ਨਜਾਇਜ਼ ਬਿਲਡਿੰਗਾਂ ਢਾਹੁਣ ਦੇ ਕੰਮ ਨੂੰ ਹੋਰ ਤੇਜ਼ ਕਰਨ ਲਈ ਜਿਨ੍ਹਾਂ ਇਲਾਕਿਆਂ ਵਿਚ ਜੇ.ਸੀ.ਬੀ. ਨਹੀਂ ਪਹੁੰਚਦੀਆਂ, ਉੁਥੇ ਇਲੈਕਟ੍ਰਿਕ ਹੈਮਰ ਅਤੇ ਦੋ ਇਲੈਕਟ੍ਰਿਕ ਬਾਰ ਕਟਰ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ।
ਇਸੀ ਦੌਰਾਨ ਸ਼ਹਿਰ ਅੰਦਰ ਬੰਦ ਪਈਆਂ ਸਟਰੀਟ ਲਾਈਟਾਂ ਦਾ ਮੁੱਦਾ ਜਮ ਕੇ ਉਠਾਇਆ ਗਿਆ। ਇਸ ਮੁੱਦੇ ‘ਤੇ ਕਾਂਗਰਸੀ ਅਤੇ ਅਕਾਲੀ ਕੌਂਸਲਰ ਇਕਮੁੱਠ ਵਿਖਾਈ ਦਿੱਤੇ। ਕੌਂਸਲਰਾਂ ਨੇ ਕਿਹਾ ਕਿ ਅੰਦਰਲੇ ਅਤੇ ਬਾਹਰਲੇ ਖੇਤਰਾਂ ਸਮੇਤ ਸ਼ਹਿਰ ਦੀਆਂ ਸੜਕਾਂ ‘ਤੇ ਲੱਗੀਆਂ ਸਟਰੀਟ ਲਾਈਟਾਂ ਬੰਦ ਪਾਈਆਂ ਹਨ। ਉਨ੍ਹਾਂ ਕਿਹਾ ਕਿ ਕਈਆਂ ਸੜਕਾਂ ‘ਤੇ ਤਾਂ ਪੂਰੀ ਲਾਈਨ ਹੀ ਲਾਈਟਾਂ ਦੀ ਖਰਾਬ ਪਈ ਹੈ। ਕਈ ਥਾਵਾਂ ‘ਤੇ ਤਾਂ ਮੁੱਖ ਚੌਕ ਦੀ ਕੋਈ ਵੀ ਲਾਈਟ ਨਹੀਂ ਜਗਦੀ। ਇਸ ਮਾਮਲੇ ‘ਤੇ ਕਮਿਸ਼ਨਰ ਨੇ ਖੁਦ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਸਟਰੀਟ ਲਾਈਟਾਂ ਬਾਰੇ ਉਹ ਖੁਦ ਸਬੰਧਤ ਅਧਿਕਾਰੀਆਂ ਤੋਂ ਫੀਡ ਬੈਕ ਲੈ ਕੇ ਕੰਮ ਕਰਾਉਣਗੇ। ਇਸ ਮੀਟਿੰਗ ਦੌਰਾਨ ਹੋਰਨਾਂ ਮਤਿਆਂ ਵਿਚ ਮੇਅਰ ਤੇ ਕਮਿਸ਼ਨਰ ਵਾਸਤੇ 2 ਨਵੀਆਂ ਇਨੋਵਾ ਗੱਡੀਆਂ ਖਰੀਦਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇਨ੍ਹਾਂ ਗੱਡੀਆਂ ਦੀ ਖਰੀਦ ‘ਤੇ 29 ਲੱਖ 51 ਹਜ਼ਾਰ 580 ਰੁਪਏ ਖਰਚ ਆਵੇਗਾ, ਇਸ ਦੇ ਨਾਲ ਹੀ ਵਾਟਰ ਸਪਲਾਈ ਬ੍ਰਾਂਚ ਦੀ ਰਿਕਵਰੀ ਲਈ ਵੀ ਬਲੈਰੋ ਗੱਡੀਆਂ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ। ਇਸ ‘ਤੇ 7 ਲੱਖ 41 ਹਜ਼ਾਰ 428 ਰੁਪਏ ਖਰਚ ਹੋਣਗੇ, ਨਗਰ ਨਿਗਮ ਦੀ ਹੈਲਥ ਐਂਡ ਸੈਨੀਟੇਸ਼ਨ ਬ੍ਰਾਂਚ ਲਈ ਨਵੇਂ ਟਿੱਪਰ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ। ਇਹ 5 ਟਿੱਪਰ 29 ਲੱਖ 38 ਹਜ਼ਾਰ 815 ਰੁਪਏ ਦੇ ਖਰੀਦੇ ਜਾਣਗੇ। ਨਗਰ ਨਿਗਮ ਦੇ ਮੌਜੂਦਾ ਜਨਰਲ ਹਾਊਸ ਦੀ ਮਿਆਦ ਸਤੰਬਰ ਮਹੀਨੇ ਵਿਚ ਖਤਮ ਹੋਣ ਜਾ ਰਹੀ ਹੈ। ਸ਼ਹਿਰ ਦੇ 50 ਤੋਂ ਵੱਧ ਕੇ 60 ਵਾਰਡ ਹੋਣਗੇ। ਨਗਰ ਨਿਗਮ ਦਾ ਮੌਜੂਦਾ ਮੀਟਿੰਗ ਹਾਲ ਕਾਫੀ ਛੋਟਾ ਹੈ, ਜਿਸ ਵਿਚ 60 ਕੌਂਸਲਰ ਤੇ ਨਿਗਮ ਦੇ ਅਧਿਕਾਰੀ ਬੈਠ ਕੇ ਮੀਟਿੰਗ ਨਹੀਂ ਕਰ ਸਕਦੇ। ਇਸ ਲਈ ਨਗਰ ਨਿਗਮ ਨੇ ਪ੍ਰਪੋਜ਼ਲ ਬਣਾਈ ਸੀ ਕਿ ਨਵਾਂ ਮੀਟਿੰਗ ਹਾਲ ਬਣਾਇਆ ਜਾਵੇ, ਨਵਾਂ ਮੀਟਿੰਗ ਹਾਲ ਬਣਾਉੁਣ ਲਈ ਕਰੋੜਾਂ ਰੁਪਏ ਖਰਚ ਹੋਣਗੇ ਜਦੋਂ ਨਗਰ ਨਿਗਮ ਦੀ ਵਿੱਤੀ ਹਾਲਤ ਇਹ ਇਜਾਜ਼ਤ ਨਹੀਂ ਦਿੰਦੀ। ਇਸ ਲਈ ਨਗਰ ਨਿਗਮ ਦੇ ਆਡੀਟੋਰੀਅਮ ਨੂੰ ਮੀਟਿੰਗ ਹਾਲ ਦੇ ਰੂਪ ਵਿਚ ਕਨਵਰਟ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਤੋਂ ਇਲਾਵਾ ਸ਼ਹਿਰ ਵਿਚ ਮੌਜੂਦਾ ਸਮੇਂ ਜਗ੍ਹਾ-ਜਗ੍ਹਾ ‘ਤੇ ਕੂੜੇ ਦੇ ਖੁੱਲ੍ਹੇ ਕੂੜਦਾਨ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਵਿਚ ਅੰਡਰ ਗਰਾਊਂਡ ਕੂੜੇ ਦੇ ਡੰਪ ਬਣਾਉੁਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਨਗਰ ਨਿਗਮ ਨੇ 24 ਥਾਵਾਂ ਦੀ ਪਛਾਣ ਕੀਤੀ ਹੈ, ਜਿਥੇ ਇਹ ਡੰਪ ਬਣਾਏ ਜਾਣਗੇ। ਜਦਕਿ ਪਾਇਲਟ ਪ੍ਰੋਜੈਕਟ ਲਈ ਨਾਭਾ ਗੇਟ ਕੋਲ ਅੰਡਰਗਰਾਊਂਡ ਡਸਟਬਿਨ ਬਣਾ ਦਿੱਤੇ ਹਨ। ਜੇਕਰ ਇਹ ਪ੍ਰੋਜੈਕਟ ਸਫਲ ਰਿਹਾ ਤਾਂ ਸਾਰੇ ਸ਼ਹਿਰ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸੀ ਤਰ੍ਹਾਂ ਸ਼ਹਿਰ ਵਿਚ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਾਫੀ ਕਮੀ ਰਹਿੰਦੀ ਹੈ। ਇਸ ਸਬੰਧੀ ਪਾਣੀ ਦੀਆਂ ਟੈਂਕੀਆਂ ਦੀ ਦੇਖ-ਰੇਖ ਸਹੀ ਤਰੀਕੇ ਨਾਲ ਕੀਤੀ ਜਾਵੇਗੀ। ਜਿਹੜੀਆਂ ਟੈਂਕੀਆਂ ਦੀ ਮਿਆਦ ਲੰਘ ਚੁੱਕੀ ਹੈ, ਉਨ੍ਹਾਂ ਨੂੰ ਢਾਹਿਆ ਜਾਵੇਗਾ ਅਤੇ ਜਿਹੜੀਆਂ ਕੰਮ ਆ ਸਕਦੀਆਂ ਹਨ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਲੋਕਾਂ ਨੂੰ ਪਾਣੀ ਪਹੁੰਚ ਸਕੇ। ਪੰਜਾਬ ਸਰਕਾਰ ਵੱਲੋਂ ਸਟਰੀਟ ਵੈਂਡਰ ਸਬੰਧੀ ਬਣਾਏ ਗਏ ਕਾਨੂੰਨ ਤਹਿਤ ਪਟਿਆਲਾ ਨਗਰ ਨਿਗਮ ਨੇ ਸਟਰੀਟ ਵੈਂਡਰ ਦਾ ਸਰਵੇ ਮੁਕੰਮਲ ਕਰ ਲਿਆ ਹੈ। ਇਸ ਲਈ ਸਮੂਹ ਸਟਰੀਟ ਵੈਂਡਰ ਨੂੰ ਪਛਾਣ ਪੱਤਰ ਜਾਰੀ ਕੀਤੇ ਜਾਣਗੇ। ਇਸ ਸਮੁੱਚੇ ਕੰਮ ਦੀ ਪਲਾਨਿੰਗ ਲਈ ਕੰਸਲਟੈਂਟ ਹਾਇਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ ਐਡਵਰਟਾਈਜ਼ਮੈਂਟ ਦੀ ਪਲਾਨਿੰਗ ਕਰਨ ਲਈ ਵੀ ਕੰਸਲਟੈਂਟ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿਗਮ ਮੁਲਾਜ਼ਮਾਂ ਦੇ ਕਈ ਹੋਰ ਮਤਿਆਂ ਸਮੇਤ ਸੀਵਰਮੈਨਾਂ ਅਤੇ ਸਟਰੀਟ ਲਾਈਟਾਂ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਹੋਰ ਭਰਤੀ ਕਰਨ ਨੂੰ ਵੀ ਹਰੀ ਝੰਡੀ ਦਿੱਤੀ ਗਈ।

Leave a Reply

Your email address will not be published. Required fields are marked *