ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਮਨਾਇਆ
ਪਟਿਆਲਾ 18 ਜੁਲਾਈ (ਮਧੂਸਾਰ ਬਿਊਰੋ) ਕਾਲਜ ਕੈਂਪਸ ਵਿਖੇ ‘ਗੁਰਮਤਿ ਚੇਤਨਾ ਸਭਾ’ ਵਲੋਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।
ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਅਤੇ ਸਮੂਹ ਸਟਾਫ਼ ਨੇ ਸ਼ਰਧਾਪੂਰਵਕ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕੀਤੇ ਅਤੇ ਕਾਲਜ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਡਾ. ਹਰਮੀਤ ਕੌਰ ਆਨੰਦ ਨੇ ਸਮੂਹ ਸਟਾਫ਼ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਨਾਲ ਹੀ ਰੋਗੀਆਂ ਦੇ ਰੋਗ ਕੱਟੇ ਜਾਂਦੇ ਸਨ ਅਤੇ ਦੁੱਖੀਆਂ ਨੂੰ ਸੁੱਖ ਆਰਾਮ ਮਿਲਦਾ ਸੀ। ਇਸ ਲਈ ਸਾਨੂੰ ਵੀ ਗੁਰੂ ਸਾਹਿਬਾਨ ਜੀ ਦੇ ਦਰਸਾਏ ਹੋਏ ਮਾਰਗ ਤੇ ਚਲ ਕੇ ਦੀਨ-ਦੁੱਖੀਆਂ ਦੀ ਸੇਵਾ ਕਰਕੇ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ। ਗੁਰੂ ਜੀ ਨੇ ਪਹਿਲੇ ਗੁਰੂ ਸਾਹਿਬਾਨਾਂ ਦੀਆਂ ਸਿਖਿਆਵਾਂ ਨੂੰ ਅਪਣਾਉਂਦੇ ਹੋਏ ਇਸ ਵੱਡਮੁੱਲੀ ਪ੍ਰੰਪਰਾ ਨੂੰ ਅੱਗੇ ਤੋਰਿਆ। ਪਾਠ ਉਪਰੰਤ ਵਿਦਿਆਰਥਣਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਆਈ ਹੋਈ ਸਮੂਹ ਸੰਗਤ ਨੂੰ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਸ. ਬਲਵਿੰਦਰ ਸਿੰਘ ਬਰਸਟ (ਐਡੀਸ਼ਨਲ ਸਕੱਤਰ, ਲੋਕਲ ਮੈਨੇਜਿੰਗ ਕਮੇਟੀ) , ਸ. ਹਰਬੰਸ ਸਿੰਘ ਗਿੱਲ (ਮੈਂਬਰ, ਲੋਕਲ ਮੈਨੇਜਿੰਗ ਕਮੇਟੀ)) ਅਤੇ ਸਮੂਹ ਸਟਾਫ਼ ਨੇ ਆਪਣੀ ਹਾਜ਼ਰੀ ਲਗਵਾਈ।

