ਵਿਧਾਨ ਸਭਾ ਦੀ 5 ਮੈਂਬਰੀ ਕਮੇਟੀ ਨੇ ਕੀਤਾ ਘਨੌਰ ਕਸਬੇ ਅਤੇ ਸਲੇਮਪੁਰ ਸੇਖਾਂ ਪਿੰਡ ਦਾ ਦੌਰਾ
ਵਿਧਾਨ ਸਭਾ ਕਮੇਟੀ ਵਿਕਾਸ ਕਾਰਜਾਂ ‘ਚ ਸਰਕਾਰੀ ਪੈਸੇ ਦੀ ਹੋਈ ਦੁਰਵਰਤੋਂ ਬਾਰੇ ਥਰਡ ਪਾਰਟੀ ਆਡਿਟ ਦੀ ਸ਼ਿਫਾਰਿਸ਼ ਕਰੇਗੀ
ਸੀਵਰੇਜ ਦੀਆਂ ਲਾਈਨਾਂ ਅਤੇ ਪਿੰਡ ਦੀਆਂ ਗਲੀਆਂ ਦੇ ਵਿਕਾਸ ਕੰਮਾਂ ਅਣਗਹਿਲੀ ਦਾ ਲਿਆ ਸਖਤ ਨੋਟਿਸ
ਘਨੌਰ/ਰਾਜਪੁਰਾ (ਪਟਿਆਲਾ), 21 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ 5 ਮੈਂਬਰੀ ਵਿਧਾਇਕਾਂ ਦੀ ਕਮੇਟੀ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਕਸਬਾ ਘਨੌਰ ਅਤੇ ਸਲੇਮਪੁਰ ਸੇਖਾਂ ਦਾ ਦੌਰਾ ਕਰਕੇ ਉੱਥੇ ਸੀਵਰੇਜ, ਗਲੀਆਂ ਅਤੇ ਨਾਲੀਆਂ ਦੇ ਹੋਏ ਕੰਮ ਦੀ ਪੜਤਾਲ ਕੀਤੀ।
ਵਿਧਾਇਕ ਸ਼ੀ੍ਰ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁੱਜੀ ਇਸ ਕਮੇਟੀ ਜਿਸ ਵਿੱਚ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ, ਸ਼੍ਰੀ ਰਜਿੰਦਰ ਬੇਰੀ, ਸ਼੍ਰੀ ਬੁੱਧ ਰਾਮ ਅਤੇ ਸ਼੍ਰੀ ਅਮਨ ਅਰੋੜਾ (ਸਾਰੇ ਵਿਧਾਇਕ) ਸ਼ਾਮਲ ਸਨ, ਨੇ ਕਸਬਾ ਘਨੌਰ ਦੇ ਪਿੰਡ ਸਲੇਮਪੁਰ ਸੇਖਾਂ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਪੜਤਾਲ ਕਰਨ ਉਪਰੰਤ ਮੀਡੀਆ ਨੂੰ ਦੱਸਿਆ ਕਿ ਉਹ ਵਿਕਾਸ ਕਾਰਜਾਂ ਦੇ ਮਾੜੇ ਮਿਆਰ ਤੇ ਵਰਤੀਆਂ ਗਈਆਂ ਅਣਗਹਿਲੀਆਂ ਅਤੇ ਸਰਕਾਰੀ ਪੈਸੇ ਦੀ ਕੀਤੀ ਦੁਰਵਰਤੋਂ ਸਬੰਧੀ ਥਰਡ ਪਾਰਟੀ ਆਡਿਟ ਕਰਾਉਣ ਦੀ ਸਿਫਾਰਸ਼ ਵਿਧਾਨ ਸਭਾ ਦੇ ਸਪੀਕਰ ਰਾਹੀਂ ਮੁੱਖ ਮੰਤਰੀ ਨੂੰ ਭੇਜਣਗੇ।
ਇਸ ਮੌਕੇ ਮੌਜੂਦ ਘਨੌਰ ਹਲਕੇ ਦੇ ਵਿਧਾਇਕ ਠੇਕੇਦਾਰ ਸ਼੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਉਹ ਘਨੌਰ ਕਸਬੇ ਅਤੇ ਬਲਾਕ ਘਨੌਰ ਦੇ 116 ਪਿੰਡਾਂ ਵਿੱਚ ਕਰਵਾਏ ਗਏ ਗਲੀਆਂ ਨਾਲੀਆਂ ਅਤੇ ਹੋਰ ਵਿਕਾਸ ਕੰਮਾਂ ਤੋਂ ਬਿਲਕੁਲ ਸੰਤੁਸ਼ਟ ਨਹੀਂ ਹਨ। ਉਹਨਾਂ ਇਨ੍ਹਾਂ ਕੰਮਾਂ ਦੀ ਗੁਣਵੰਤਾ ਪ੍ਰਤੀ ਸਵਾਲ ਕਰਦਿਆਂ ਕਿਹਾ ਕਿ ਕਈ ਥਾਵਾਂ ‘ਤੇ ਸੀਵਰੇਜ਼ ਲਾਈਨਾਂ ਵਿਛਾਉਣ ਲੱਗੇ ਤਕਨੀਕੀ ਮਾਪਦੰਡਾਂ ਦੀ ਉਲੰਘਣਾ ਕੀਤੀ ਗਈ ਅਤੇ ਰਾਤ ਦੇ ਸਮੇ ਦੌਰਾਨ ਹੀ ਪਾਈਪਾਂ ਵਿਛਾ ਕੇ ਮੇਨ ਹੋਲ ਨਾਲ ਕੁਨੈਕਸ਼ਨ ਜੋੜ ਦਿੱਤੇ ਗਏ। ਸੀਵਰੇਜ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਜਵਾਬ ਪ੍ਰਤੀ ਨਾਰਾਜਗੀ ਪ੍ਰਗਟ ਕਰਦਿਆਂ ਸ਼੍ਰੀ ਜਲਾਲਪੁਰ ਨੇ ਕਿਹਾ ਕਿ ਜੇਕਰ ਉਹ ਸੰਤੁਸ਼ਟ ਹੁੰਦੇ ਤਾਂ ਵਿਧਾਨ ਸਭਾ ਦੀ ਕਮੇਟੀ ਇੱਥੇ ਕਿਉਂ ਬੁਲਾਈ ਜਾਂਦੀ ਅਤੇ ਹਲਕੇ ਦਾ ਮਸਲਾ ਵਿਧਾਨ ਸਭਾ ‘ਚ ਕਿਉਂ ਚੁੱਕਦੇ।
ਵਿਧਾਨ ਸਭਾ ਦੀ ਕਮੇਟੀ ਵੱਲੋਂ ਪਹਿਲਾਂ ਬੀ.ਡੀ.ਪੀ.ਓ ਦਫ਼ਤਰ ਘਨੌਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦੇ ਰਿਕਾਰਡ ਦੀ ਪੜਤਾਲ ਕੀਤੀ। ਉਸ ਉਪਰੰਤ ਹਲਕਾ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ ਨਾਲ ਜਾ ਕੇ ਕਸਬਾ ਘਨੌਰ ਵਿਖੇ ਨਵੇਂ ਪਾਏ ਗਏ ਸੀਵਰੇਜ਼ ਅਤੇ ਬਣਾਈਆਂ ਗਈਆਂ ਗਲੀਆਂ ਨਾਲੀਆਂ ਦਾ ਮੁਆਇਨਾ ਕੀਤਾ ਅਤੇ ਸੀਵਰੇਜ਼ ਲੀਕ ਹੋਣ ਕਾਰਨ ਟੁੱਟੀਆਂ ਸੜਕਾਂ ਅਤੇ ਮਕਾਨਾਂ ਵਿੱਚ ਆਈਆਂ ਦਰਾੜਾਂ ਵੀ ਵੇਖੀਆਂ ਤੇ ਇਸ ਉਪਰੰਤ ਕਮੇਟੀ ਵੱਲੋਂ ਘਨੌਰ ਸੰਭੂ ਸੜਕ ‘ਤੇ ਪੈਂਦੇ ਪਿੰਡ ਸਲੇਮਪੁਰ ਸ਼ੇਖਾਂ ਦੇ ਬੰਦ ਪਏ ਸੀਵਰੇਜ਼ ਅਤੇ ਟੁੱਟੀਆਂ ਗਲੀਆਂ ਨਾਲੀਆਂ ਦਾ ਮੁਆਇਨਾ ਵੀ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਸੰਦੀਪ ਕੁਮਾਰ, ਐਸ.ਪੀ. ਹੈਡ ਕੁਆਟਰ ਸ਼੍ਰੀ ਅਮਰਜੀਤ ਸਿੰਘ ਘੁੰਮਣ, ਡੀ.ਐਸ.ਪੀ. ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ, ਡੀ.ਡੀ.ਪੀ.ਓ ਸ਼੍ਰੀ ਸੁਰਿੰਦਰ ਸਿੰਘ ਢਿੱਲੋਂ, ਸੀ.ਡੀ.ਪੀ.ਓ ਸ਼੍ਰੀ ਅਜਾਇਬ ਸਿੰਘ, ਸ਼ਗੀ ਗਗਨਦੀਪ ਸਿੰਘ ਜਲਾਲਪੁਰ, ਸ਼ਗੀ ਗੁਰਦੀਪ ਸਿੰਘ ਊਂਟਸਰ, ਸ਼੍ਰੀ ਹਰਵਿੰਦਰ ਕਾਮੀ, ਸ਼੍ਰੀ ਲਾਲੀ ਰਾਮਪੁਰ, ਸ਼੍ਰੀ ਇੰਦਰਜੀਤ ਸਿਘ ਬਿੱਟੂ ਮਹਿਦੂਦਾਂ, ਚੇਅਰਮੈਨ ਬਲਾਕ ਸੰਮਤੀ ਸ਼੍ਰੀ ਦਰਬਾਰਾ ਸਿੰਘ ਹਰਪਾਲਪੁਰ, ਸ਼੍ਰੀ ਨਰਪਿੰਦਰ ਸਿੰਘ ਭਿੰਦਾ, ਸ਼੍ਰੀ ਬਲਜੀਤ ਸਿੰਘ ਗਿੱਲ, ਮਾਸਟਰ ਮੋਹਨ ਸਿੰਘ, ਸ਼੍ਰੀ ਗਗਨਦੀਪ ਸਿੰਘ ਹਸਨਪੁਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

