ਕਾਂਗਰਸ ਸਰਕਾਰ ਵੱਲੋਂ ਰੋਕੀਆਂ ਗਰਾਂਟਾਂ ਕਾਰਨ ਹੋਇਆ ਬਰਸਾਤ ਕਾਰਨ ਸ਼ਹਿਰ ਅੰਦਰ ਜਲ ਥਲ
ਅਮਲੋਹ, 2 ਅਗਸਤ (ਮਧੂਸਾਰ ਬਿਊਰੋ) ਪਿਛਲੇ 60 ਸਾਲਾਂ ਤੋਂ ਅਮਲੋਹ ਸ਼ਹਿਰ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਸ਼ਹਿਰ ਦੇ ਪਾਣੀ ਦੀ ਨਿਕਾਸੀ ਦੀ ਬਣੀ ਹੋਈ ਹੈ।
ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਵਿਸ਼ੇਸ਼ ਯਤਨਾਂ ਸਦਕਾ ਇਸ ਸਮੱਸਿਆ ਨੂੰ ਹੱਲ ਕਰਨ ਲਈ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਤਾਂ ਗਰਾਂਟ ਦੇ ਰੂਪ ਵਿਚ ਦਿੱਤੇ ਸਨ, ਜਿਨ੍ਹਾਂ ਨਾਲ ਸ਼ਹਿਰ ਦਾ ਮੁਕੰਮਲ ਸੀਵਰੇਜ਼ ਤਾਂ ਕੁਝ ਕੁ ਗਲੀਆਂ ਨੂੰ ਛੱਡ ਕੇ ਪੈ ਚੁੱਕਾ ਹੈ, ਪਰ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਅਕਾਲੀ ਦਲ ਵੱਲੋਂ ਅਮਲੋਹ ਸ਼ਹਿਰ ਨੂੰ ਦਿੱਤੀ ਗਰਾਂਟ ਤੇ ਰੋਕ ਲਗਾ ਕੇ ਚਲਦੇ ਵਿਕਾਸ ਕੰਮਾਂ ਨੂੰ ਰੁਕਵਾ ਦਿੱਤਾ ਹੈ ਜਿਸ ਤਹਿਤ ਅੱਜ ਪਈ ਬਾਰਿਸ਼ ਨੇ ਪੂਰੇ ਸ਼ਹਿਰ ਨੂੰ ਜਲ ਥਲ ਕਰਕੇ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਪੈਦਾ ਕਰ ਦਿੱਤੀ ਹੈ।
ਪੱਤਰਕਾਰਾਂ ਦੀ ਟੀਮ ਵੱਲੋਂ ਸ਼ਹਿਰ ਦਾ ਦੌਰਾ ਕਰਕੇ ਦੇਖਿਆ ਗਿਆ ਕੁਝ ਕੁ ਗਲੀਆਂ ਨੂੰ ਛੱਡ ਕੇ ਹਰ ਗਲੀ ਵਿਚ ਭਾਰੀ ਮਾਤਰਾ ਵਿਚ ਬਰਸਾਤੀ ਪਾਣੀ ਖੜਾ ਸੀ ਜਿਸ ਵਿਚੋਂਦੀ ਲੋਕੀਂ ਆਪਣੀਆਂ ਜੁੱਤੀਆਂ ਹੱਥਾਂ ਵਿਚ ਫੜ ਕੇ ਬਚਦੇ ਬਚਾਉਂਦੇ ਆਪਣੇ ਕੰਮਾਂ ਕਾਰਾਂ ਤੇ ਜਾ ਰਹੇ ਸਨ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਵੀ ਖੜੇ ਪਾਣੀ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਜਦੋਂ ਅੱਜ ਇਸ ਸਬੰਧੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦਾ ਮੁਕੰਮਲ ਵਿਕਾਸ ਕਰਵਾਉਣ ਲਈ ਵੱਡਾ ਹੰਭਲਾ ਮਾਰਦੇ ਹੋਏ ਵੱਡੀ ਗਰਾਂਟ ਸ਼ਹਿਰ ਲਈ ਲਿਆਂਦੀ ਗਈ ਸੀ ਪਰ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਵਿਕਾਸ ਦੇ ਕੰਮ ਰੁਕਵਾ ਕੇ ਮਿਲੀ ਗਰਾਂਟ ਤੇ ਮੁਕੰਮਲ ਰੋਕ ਲਗਾ ਦਿੱਤੀ ਹੈ ਇਸ ਗਰਾਂਟ ਨੂੰ ਜਾਰੀ ਕਰਵਾਉਣ ਲਈ ਉਨ੍ਹਾਂ ਵੱਲੋਂ ਜਿਥੇ ਜਿਲੇ ਦੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਉਥੇ ਉਨ੍ਹਾਂ ਵੱੋਲੋਂ ਐਸ.ਡੀ.ਐਮ. ਅਮਲੋਹ ਨਾਲ ਵੀ ਗੱਲਬਾਤ ਕੀਤੀ ਗਈ ਹੈ ਇਸ ਤੋਂ ਇਲਾਵਾ ਕਾਂਗਰਸ ਵੱਲੋਂ ਰੋਕੀ ਗਈ ਇਸ ਗਰਾਂਟ ਦਾ ਮੁੱਦਾ ਉਨ੍ਹਾਂ ਵੱਲੋਂ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਤਾਂ ਜੋ ਸ਼ਹਿਰ ਦੇ ਵਿਕਾਸ ਕਾਰਜ ਮੁੜ ਸ਼ੁਰੂ ਕਰਵਾਏ ਜਾ ਸਕਣ। ਪਾਣੀ ਦੀ ਇਸ ਸਮੱਸਿਆ ਸਬੰਧੀ ਜਦੋਂ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਮੁੱਖ ਕਾਰਨ ਕਾਂਗਰਸ ਸਰਕਾਰ ਵੱਲੋਂ ਰੋਕੀ ਗਰਾਂਟ ਹੈ ਕਿਉਂਕਿ ਜੇਕਰ ਵਿਕਾਸ ਦੇ ਕਾਰਜ ਲਗਾਤਾਰ ਚੱਲਦੇ ਰਹਿੰਦੇ ਤਾਂ ਅੱਜ ਸ਼ਹਿਰ ਅੰਦਰ ਪਾਣੀ ਦੀ ਇੱਕ ਬੂੰਦ ਵੀ ਦਿਖਾਈ ਨਹੀਂ ਦੇਣੀ ਸੀ। ਜਦੋਂ ਇਸ ਸਬੰਧੀ ਕਾਰਜ ਸਾਧਕ ਅਫਸਰ ਅਮਲੋਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਗਰਾਂਟ ਜਾਰੀ ਕਰਨ ਤੇ ਸ਼ਹਿਰ ਦੀ ਇਸ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ। ਜਦੋਂ ਸੀਵਰੇਜ਼ ਦੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਨਗਰ ਕੋਂਸਲ ਦੇ ਨਕਸ਼ੇ ਮੁਤਾਬਿਕ ਸੀਵਰੇਜ਼ ਪਾ ਦਿੱਤਾ ਗਿਆ ਹੈ ਪਰ ਇਸ ਠੇਕੇ ਮੁਤਾਬਿਕ ਸੀਵਰੇਜ਼ ਪਾਉਣ ਉਪਰੰਤ ਉਨ੍ਹਾਂ ਵੱਲੋਂ 8 ਲੱਖ ਟਾਇਲ ਗਲੀਆਂ ਵਿਚ ਲਗਾਈ ਜਾਣੀ ਸੀ ਪਰ ਗਰਾਂਟ ਤੇ ਰੋਕ ਲੱਗਣ ਕਾਰਨ ਉਨ੍ਹਾਂ ਦਾ ਇਹ ਕਾਰਜ ਅੱਧ ਵਿਚਕਾਰ ਹੀ ਲਟਕਿਆ ਹੋਇਆ ਹੈ ਗਰਾਂਟ ਜਾਰੀ ਹੋਣ ਤੇ ਤੁਰੰਤ ਹੀ ਉਹ ਗਲੀਆਂ ਵਿਚ ਇੰਟਰਲਾਕਿੰਗ ਟਾਇਲਾਂ ਲਗਾ ਦੇਣਗੇ। ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵਾਸੀਆਂ ਨਾਲ ਜਦੋਂ ਅੱਜ ਇਸ ਖੜੇ ਬਰਸਾਤੀ ਪਾਣੀ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਰਾਜੂ ਖੰਨਾ ਦੀ ਅਗਵਾਈ ਵਿਚ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਸੀ ਪਰ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਇਹ ਵਿਕਾਸ ਕਾਰਜ ਰੁਕਵਾ ਦਿੱਤੇ ਹਨ ਜਿਸ ਲਈ ਰਾਜੂ ਖੰਨਾ ਦੀ ਅਗਵਾਈ ਵਿਚ ਸ਼ਹਿਰ ਵਾਸੀ ਕਾਂਗਰਸ ਸਰਕਾਰ ਖਿਲਾਫ ਧਰਨਾ ਵੀ ਲਗਾ ਚੁੱਕੇ ਹਨ ਪਰ ਅਜੇ ਤੱਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਕਾਂਗਰਸ ਸਰਕਾਰ ਦੇ ਕੰਨਾਂ ਤੱਕ ਜੂੰ ਤੱਕ ਨਹੀਂ ਸਰਕੀ ਜੇਕਰ ਆਉਣ ਵਾਲੇ ਦਿਨਾਂ ਵਿਚ ਇਸੇ ਤਰ੍ਹਾਂ ਹਰ ਗਲੀ ਅਤੇ ਮੁਹੱਲੇ ਵਿਚ ਪਾਣੀ ਦਾ ਜਲ ਥਲ ਹੁੰਦਾ ਰਿਹਾ ਤਾਂ ਸ਼ਹਿਰ ਵਾਸੀ ਇੱਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਸ਼ਾਸ਼ਨ ਅਤੇ ਕਾਂਗਰਸ ਸਰਕਾਰ ਖਿਲਾਫ ਵੱਡਾ ਸੰਘਰਸ਼ ਵਿੱਢਣਗੇ ਜਿਸ ਦੀ ਜਿੰਮੇਵਾਰੀ ਮੌਜੂਦਾ ਵਿਧਾਇਕ ਤੇ ਪ੍ਰਸ਼ਾਸ਼ਨ ਦੀ ਹੋਵੇਗੀ।

