ਪੰਜਾਬ ਧਰਮ ਨਿਰਪੱਖਤਾ ਦੀ ਸਭ ਤੋਂ ਵੱਡੀ ਮਿਸਾਲ : ਚਹਿਲ
ਪਟਿਆਲਾ, 17 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਡੇ ਦੇਸ਼ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਅਨੇਕਤਾ ਵਿੱਚ ਏਕਤਾ ਹੈ ਜਦੋਂ ਕਿ ਪੰਜਾਬ ਧਰਮ ਨਿਰਪੱਖਤਾ ਦੀ ਸਭ ਤੋਂ ਵੱਡੀ ਮਿਸਾਲ ਹੈ।
ਪੰਜਾਬੀ ਲੋਕ ਹਰ ਧਰਮ ਦਾ ਤਿਓਹਾਰ ਮਿਲ ਜੁਲ ਕੇ ਮਨਾਉਂਦੇ ਹਨ। ਜਦੋਂ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ ਪੰਜਾਬ ਵਿਚ ਆਪਸੀ ਭਾਈਚਾਰਾ, ਸਦਭਾਵਨਾ ਅਤੇ ਅਮਨ ਸ਼ਾਂਤੀ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਹਿਲ ਨੇ ਇਥੇ ਸ਼ੇਰਾਂਵਾਲਾ ਗੇਟ ਬਾਜ਼ਾਰ ਵਿੱਚ ਸ਼ਿਵ ਮੰਦਰ ਵਿਖੇ ਹੋਏ ਮੂਰਤੀ ਸਥਾਪਨਾ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਆਯੋਜਿਤ ਸਮਾਗਮ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਮੰਦਰ ਕਮੇਟੀ ਅਤੇ ਇਲਾਕੇ ਨੂੰ ਮੰਦਰ ਵਿੱਚ ਮੂਰਤੀ ਸਥਾਪਨਾ ਕਰਨ ‘ਤੇ ਮੰਦਰ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਨਰਿੰਦਰਪਾਲ ਲਾਲੀ ਅਤੇ ਸਮੁੱਚੇ ਇਲਾਕੇ ਨੂੰ ਮੁਬਾਰਕਬਾਦ ਦਿੱਤੀ।
ਉਨ੍ਹਾਂ ਕਿਹਾ ਕਿ ਪਟਿਆਲਾ ਦੇ ਜਿਹੜੇ ਲੋਕ ਸਾਧਨਾ ਦੀ ਘਾਟ ਕਾਰਨ ਪਟਿਆਲਾ ਰਿਆਸਤ ਦੇ ਬਦਰੀਨਾਥ, ਕੇਦਾਰਨਾਥ ਜਾਂ ਭਗਵਾਨ ਸ਼ਿਵ ਦੇ ਹੋਰ ਧਾਮਾਂ ‘ਤੇ ਨਹੀਂ ਜਾ ਸਕਦੇ ਸਨ, ਉਨ੍ਹਾਂ ਲਈ ਪਟਿਆਲਾ ਵਿਖੇ ਹੀ ਬਦਰੀਨਾਥ, ਕੇਦਾਰਨਾਥ, ਤੁੰਗਨਾਥ ਸਮੇਤ ਹੋਰ ਕਈ ਪ੍ਰਾਚੀਨ ਮੰਦਰਾਂ ਦਾ ਨਿਰਮਾਣ ਕਰਵਾਇਆ। ਇਸ ਦੇ ਨਾਲ ਹੀ ਪਟਿਆਲਾ ਦੇ ਕਿਲ੍ਹੇ ਵਿੱਚ ਜਿਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਉਥੇ ਹੀ ਪ੍ਰਾਚੀਨ ਮੰਦਰ ਵੀ ਹੈ। ਮੁੱਖ ਮੰਤਰੀ ਦੇ ਪੂਰਵਜਾਂ ਨੇ ਜਿਥੇ ਪਟਿਆਲਾ ਵਿਚ ਉਤਰੀ ਭਾਰਤ ਦੇ ਪ੍ਰਸਿੱਧ ਸ੍ਰੀ ਕਾਲੀ ਮਾਤਾ ਮੰਦਰ ਦੀ ਸਥਾਪਨਾ ਕਰਵਾਈ, ਉਥੇ ਹੀ ਕਈ ਮਸਜਿਦਾਂ ਦਾ ਨਿਰਮਾਣ ਵੀ ਕਰਵਾਇਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਨਰਿੰਦਰਪਾਲ ਲਾਲੀ ਦੀ ਅਗਵਾਈ ਹੇਠ ਭਰਤਇੰਦਰ ਸਿੰਘ ਚਹਿਲ ਅਤੇ ਉਨ੍ਹਾਂ ਦੇ ਸਪੁੱਤਰ ਸ. ਬਿਕਰਮਜੀਤਇੰਦਰ ਸਿੰਘ ਚਹਿਲ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਰਿੰਦਰਪਾਲ ਲਾਲੀ ਨੇ ਕਿਹਾ ਕਿ ਸ਼ੇਰਾਂਵਾਲਾ ਗੇਟ ਦਾ ਇਹ ਪ੍ਰਾਚੀਨ ਮੰਦਰ ਪਟਿਆਲਾ ਦਾ ਪਹਿਲਾ ਮੰਦਰ ਬਣ ਗਿਆ ਹੈ, ਜਿਥੇ ਵਰੁਨ ਦੇਵਤਾ ਅਤੇ ਨਵ ਗ੍ਰਹਿ ਦੀ ਮੂਰਤੀ ਦੀ ਸਥਾਪਨਾ ਹੋਈ ਹੈ। ਇਸ ਮੌਕੇ ਨਰਿੰਦਰਪਾਲ ਲਾਲੀ ਤੋਂ ਇਲਾਵਾ ਐਚ. ਪੀ. ਐਸ. ਵਰਮਾ, ਅਨਿਲ ਬੱਬੀ, ਮਹਿੰਦਰ ਕੁਮਾਰ, ਰਜਿੰਦਰ ਸ਼ਰਮਾ, ਅਮਿਤ, ਅਸ਼ਵਨੀ, ਸੁਰਿੰਦਰ ਕੁਮਾਰ, ਨਰੇਸ਼ ਕੁਮਾਰ, ਸਰਬਜੀਤ ਸਿੰਘ, ਅਮਰਜੀਤ ਸਿੰਘ, ਰਾਜੂ, ਸ਼ਿਵ ਕੁਮਾਰ, ਮੇਘ ਰਾਜ, ਜਗਜੀਤ ਸੱਗੂ, ਰਾਜੀਵ ਕੌਸ਼ਲ, ਸਮਸ਼ੇਰ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ।

