ਰੈਕੇਟ ਸਪੋਰਟਸ ਨੇ ਕਰਵਾਇਆ ਲੀਗ ਕਮ ਨਾਕ ਆਊਟ ਟੇਬਲ ਟੈਨਿਸ ਟੂਰਨਾਮੈਂਟ
ਲਗਭਗ 70 ਖਿਡਾਰੀਆਂ ਨੇ ਲਿਆ ਭਾਗ
ਪਟਿਆਲਾ 11 ਸਤੰਬਰ (ਮਧੂਸਾਰ ਬਿਊਰੋ) ਟੇਬਲ ਟੈਨਿਸ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਰੈਕੇਟ ਸਪੋਰਟਸ ਨੇ ਮਿਤੀ 10 ਸਤੰਬਰ ਨੂੰ ਡੀ.ਐਮ.ਡਬਲਿਯੂ. ਰੀਕ੍ਰਿਏਸ਼ਨ ਕਲੱਬ ਪਟਿਆਲਾ ਵਿਖੇ ਇਕ ਰੋਜ਼ਾ ਲੀਗ ਕਮ ਨਾਕ ਆਊਟ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ।
ਸ਼੍ਰੀ ਮਾਣਿਕ ਰਾਜ ਸਿੰਗਲਾ, ਪ੍ਰਧਾਨ ਅਤੇ ਸ. ਪ੍ਰਿੰਸਇੰਦਰ ਸਿੰਘ ਘੁੰਮਣ, ਸਕੱਤਰ ਰੈਕੇਟ ਸਪੋਰਟਸ ਦੀ ਅਗਵਾਈ ਵਿਚ ਹੋਏ ਇਹਨਾਂ ਖੇਡ ਮੁਕਾਬਲਿਆਂ ਵਿਚ ਰਾਜਪੁਰਾ, ਨਾਭਾ, ਚੰਡੀਗੜ੍ਹ, ਪੰਚਕੁਲਾ, ਗੋਬਿੰਦਗੜ੍ਹ ਅਤੇ ਰੋਪੜ ਤੋਂ ਆਏ ਟੇਬਲ ਟੈਨਿਸ ਦੇ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿਚ ਭਾਗ ਲਿਆ।
ਇਸ ਮੌਕੇ ਸ. ਪ੍ਰਿੰਸਇੰਦਰ ਸਿੰਘ ਨੇ ਕਿਹਾ ਕਿ ਇਹਨਾਂ ਖੇਡ ਮੁਕਾਬਲਿਆਂ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਖੇਡ ਮੁਕਾਬਲਿਆਂ ਵਿਚ ਸ਼੍ਰੀ ਮਾਣਿਕ ਰਾਜ ਸਿੰਗਲਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਰੈਕੇਟ ਸਪੋਰਟਸ ਦੁਆਰਾ ਨੇੜਲੇ ਭਵਿੱਖ ਵਿੱਚ ਇਕ ਵੱਡੇ ਖੇਡ ਮੁਕਾਬਲੇ ਦਾ ਆਯੋਜਨ ਕਰਨ ਦਾ ਵੀ ਰਸਮੀ ਐਲਾਨ ਕੀਤਾ।
ਇਸ ਮੌਕੇ ਰੈਕੇਟ ਸਪੋਰਟਯ ਵੱਲੋਂ ਖਿਡਾਰੀਆਂ ਨੂੰ ਦੁੱਧ ਅਤੇ ਫਲ ਵੀ ਵੰਡੇ ਗਏ। ਇਹਨਾਂ ਖੇਡ ਮੁਕਾਬਲਿਆਂ ਵਿਚ ਹੋਰਨਾਂ ਤੋਂ ਇਲਾਵਾ ਸ. ਯਸ਼ੂਵਿੰਦਰ ਸਿੰਘ ਸਕੱਤਰ ਡੀ.ਐਮ.ਡਬਲਿਯੂ ਸਪੋਰਟਸ ਕਲੱਬ, ਸ਼੍ਰੀਮਤੀ ਮੇਘਾ ਕੌਲ ਟੇਬਲ ਟੈਨਿਸ ਕੋਚ ਪੰਜਾਬ ਖੇਡ ਵਿਭਾਗ, ਸ. ਹਰਮੀਤ ਸਿੰਘ ਟੇਬਲ ਟੈਨਿਸ ਕੋਚ ਪੀ.ਪੀ.ਐਸ. ਨਾਭਾ, ਸ਼੍ਰੀ ਵਿਸ਼ਾਲ ਸ਼ਰਮਾ ਵਿਸ਼ਾਲ ਅਸਟੇਟ, ਸ਼੍ਰੀ ਅਮਿਤ ਸਿੰਗਲਾ, ਸ਼੍ਰੀ ਗੌਰਵ ਉੱਪਲ ਅਤੇ ਸ. ਗੁਰਿੰਦਰ ਸਿੰਘ ਸਨੌਰ ਖਾਸ ਤੌਰ ਤੇ ਮੌਜੂਦ ਰਹੇ।
ਨਤੀਜੇ: ਅੰਡਰ-14 ਦੇ ਫਾਈਨਲ ਮੁਕਾਬਲਿਆਂ ਵਿਚ ਡੀ.ਐਮ.ਡਬਲਿਯੂ ਦੇ ਜਤਿਨ ਨੇ ਪੀ.ਪੀ.ਐਸ. ਨਾਭਾ ਦੇ ਹਰਜੋਤ ਸਿੰਘ ਨੂੰ 3-2 ਦੇ ਸੈੱਟ ਸਕੋਰਾਂ ਨਾਲ ਸੰਘਰਸ਼ਪੂਰਣ ਮੈਚ ਵਿਚ ਹਰਾਉਂਦਿਆਂ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦੋਂਕਿ ਡੀ.ਐਮ.ਡਬਲਿਯੂ ਦੇ ਪੀਯੂਸ਼ ਨੇ ਡੀ.ਐਮ.ਡਬਲਿਯੂ ਦੀ ਹੀ ਆਸਥਾ ਨੂੰ 3-1 ਨਾਲ ਕਰਾਰੀ ਸਿਕਸ਼ਤ ਦਿੰਦਿਆਂ ਤੀਜਾ ਸਥਾਨ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ।
ਦੂਜੇ ਪਾਸੇ ਅੰਡਰ-17 ਵਿਚ ਚੰਡੀਗੜ੍ਹ ਦੇ ਵੰਸ਼ ਨੇ ਡੀ.ਐਮ.ਡਬਲਿਯੂ ਦੇ ਕੁਸ਼ਾਗਰ ਨੂੰ 3-1 ਦੇ ਸੈੱਟ ਸਕੋਰਾਂ ਰਾਹੀਂ ਮਾਤ ਦਿੰਦਿਆਂ ਪਹਿਲਾ ਸਥਾਨ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਜਦੋਂਕਿ ਤੀਜੇ ਸਥਾਨ ਲਈ ਡੀ.ਐਮ.ਡਬਲਿਯੂ ਦੇ ਨਿਤਿਸ਼ ਨੇ ਡੀ.ਐਮ.ਡਬਲਿਯੂ ਦੀ ਹੀ ਜਯੋਤੀ ਨੂੰ 3-0 ਦੇ ਸਿੱਧੇ ਸੈੱਟ ਸਕੋਰਾਂ ਰਾਹੀਂ ਕਰਾਰੀ ਹਾਰ ਦਿੱਤੀ।
ਪੁਰਸ਼ ਵਰਗ ਵਿੱਚ ਅਮਨਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਚੰਡੀਗੜ੍ਹ ਦੇ ਦਿਵਿਆਂਕਰ ਨੂੰ 3-2 ਦੇ ਸੈੱਟ ਸਕੋਰਾਂ ਰਾਹੀਂ ਕਰਾਰੀ ਮਾਤ ਦਿੰਦਿਆਂ ਪੁਰਸ਼ਾਂ ਦੇ ਖਿਤਾਬ ਤੇ ਕਬਜ਼ਾ ਕੀਤਾ। ਜਦੋਂਕਿ ਦੂਸਰੇ ਪਾਸੇ ਚਿਤਕਾਰਾ ਯੂਨੀਵਰਸਿਟੀ ਦੇ ਸ਼ੁਭਮ ਬਾਂਸਲ ਨੇ ਡੀ.ਐਮ.ਡਬਲਿਯੂ ਦੇ ਅਤੁਲ ਨੂੰ 3-1 ਨਾਲ ਹਰਾਉਂਦਿਆਂ ਤੀਜਾ ਸਥਾਨ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ।

