ਇਨਕਲਾਬੀ ਨੌਜਵਾਨ ਸਭਾ ਧੂਮਧਾਮ ਨਾਲ ਮਨਾਏਗੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਆਦਮਕੱਦ ਮੂਰਤੀਆਂ ਦੀ ਹੋਵੇਗੀ ਸਥਾਪਨਾ
27 ਨੂੰ ਪਟਿਆਲਾ ਸ਼ਹਿਰ ‘ਚ ਪਹਿਲੀ ਵਾਰ ਨਿਕਲੇਗੀ ਵਿਸ਼ਾਲ ਸ਼ੋਭਾ ਯਾਤਰਾ
ਪਟਿਆਲਾ, 25 ਸਤੰਬਰ (ਮਧੂਸਾਰ ਬਿਊਰੋ) ਪਟਿਆਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ‘ਇਨਕਲਾਬੀ ਨੌਜਵਾਨ ਸਭਾ ਦੀਆਂ ਅਣਥੱਕ ਕੋਸ਼ਿਸ਼ਾਂ ਤੇ ਮਿਹਨਤ ਸਦਕਾ ਸਭਾ ਵੱਲੋਂ 28 ਸਤੰਬਰ ਨੂੰ ਪੰਜਾਬ ਦੇ ਮਹਾਨ ਸਪੂਤ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਸਭਾ ਦੇ ਪ੍ਰਧਾਨ ਤੇ ਨੌਜਵਾਨ ਦਿਲਾਂ ਦੀ ਧੜਕਨ ਸ. ਜਰਨੈਲ ਸਿੰਘ ਮਨੂੰ ਇਸ ਦੀ ਅਗਵਾਈ ਕਰਨਗੇ। ਜਨਮ ਦਿਹਾੜੇ ਤੋਂ ਇਕ ਦਿਨ ਪਹਿਲਾਂ 27 ਸਤੰਬਰ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਆਦਮਕੱਦ ਨਵੀਆਂ ਮੂਰਤੀਆਂ ਨੂੰ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਸ਼ੋਭਾ ਯਾਤਰਾ ਦੇ ਰੂਪ ਵਿਚ ਲਿਆਂਦਾ ਜਾਵੇਗਾ, ਜਿਨ੍ਹਾਂ ਨੂੰ ਪਟਿਆਲਾ ਦੇ ਘਲੌੜੀ ਗੇਟ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਸਥਾਪਿਤ ਕੀਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਮਨੂੰ ਨੇ ਦੱਸਿਆ ਕਿ ਪਟਿਆਲਾ ਵਿਚ ਇਹ ਪਹਿਲਾ ਮੌਕਾ ਹੈ ਕਿ ਸ਼ਹਿਰ ਵਿਚ ਸ਼ਹੀਦਾਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਵੀ ਪਟਿਆਲਾ ਸ਼ਹਿਰ ਵਿਚ ਪਹਿਲੀ ਵਾਰ ਕੱਢੀ ਜਾ ਰਹੀ ਹੈ ਜੋ ਕਿ ਸ਼ਹਿਰ ਦੇ ਸ਼ੇਰਾਂ ਵਾਲਾ ਗੇਟ ਤੋਂ ਸ਼ੁਰੂ ਹੋ ਕੇ ਵਾਇਆ ਤਵੱਕਲੀ ਮੋੜ, ਧਰਮਪੁਰਾ ਬਾਜ਼ਾਰ, ਅਨਾਰਦਾਨਾ ਚੌਕ, ਅਦਾਲਤ ਬਾਜ਼ਾਰ, ਏ ਟੈਂਕ, ਸਦਰ ਬਾਜ਼ਾਰ, ਪੁਰਾਣੀ ਕਤਵਾਲੀ ਚੌਕ, ਕਿਲਾ ਚੌਕ, ਭਾਂਡਿਆਂ ਵਾਲਾ ਬਾਜਾਰ, ਗੁੜਮੰਡੀ, ਦਾਲ ਦਲੀਆ ਚੌਕ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਕ ਘਲੌੜੀ ਗੇਟ ਵਿਖੇ ਸਮਾਪਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਰੀਰ ਮਰ ਜਾਂਦਾ ਹੈ ਪਰ ਵਿਚਾਰ ਨਹੀ ਮਰਦੇ, ਇਸੇ ਤਰ੍ਹਾਂ ਜੋ ਦੇਸ਼ ਲਈ ਸ਼ਹੀਦ ਹੁੰਦੇ ਹਨ, ਉਹ ਹਮੇਸ਼ਾ ਅਮਰ ਰਹਿੰਦੇ ਹਨ, ਜਿਵੇਂ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ। ਉਨ੍ਹਾਂ ਨੇ ਦੱਸਿਆ ਕਿ 28 ਸਤੰਬਰ ਨੂੰ ਧੂਮਧਾਮ ਨਾਲ ਮਨਾਏ ਜਾਣ ਵਾਲੇ ਜਨਮਦਿਹਾੜੇ ‘ਤੇ ‘ਰੰਗ ਦੇ ਬਸੰਤੀ’ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ-ਨਾਲ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਜਾਵੇਗੀ। ਇਸ ਦੌਰਾਨ ਪ੍ਰਸਿੱਧ ਕਲਾਕਾਰ ਜੋਬਨ ਸੰਧੂ, ਜਤਿੰਦਰ ਜੀਤੂ, ਸੋਨੂੰ ਵਿਰਕ, ਰਾਹੁਲ ਬਜਾਜ, ਰਜਨੀ ਸਾਗਰ, ਸੰਨੀ ਪ੍ਰਜਾਪਤੀ, ਸਿਮਰ ਗਿੱਲ, ਮਨਜਿੰਦਰ ਢਿਲੋਂ, ਅਮੀਕਾ ਧਾਲੀਵਾਲ, ਸੰਨੀ ਬਾਜਵਾ, ਮੁਹੰਮਦ ਇਰਸ਼ਾਦ ਅਤੇ ਕਾਮੇਡੀਅਨ ਦੀਪਕ ਤਿੱਲੀ ਵੀ ਆਪਣੀ ਕਲਾਕਾਰੀ ਪੇਸ਼ ਕਰਨਗੇ। ਇਸ ਮੌਕੇ ਜਰਨੈਲ ਸਿੰਘ ਮਨੂੰ ਦੇ ਨਾਲ ਪੁਨੀਤ ਕੋਰੀਅਨ, ਸੁਖਵਿੰਦਰ ਸਿੰਘ ਸੁੱਖੀ, ਹਰਵਿੰਦਰ ਸਿੰਘ ਗੱਗੀ, ਰਵੀਕਾਂਤ, ਜੋਸ਼ੀ, ਹਿਤੇਸ਼ ਕੁਮਾਰ, ਕਰਮਜੀਤ ਸਿੰਘ, ਰਿੰਕੂ ਖਾਨ, ਸੰਨੀ ਕੁਮਾਰ, ਪ੍ਰਗਟ ਸਿੰਘ, ਗੁਰਮੇਲ ਸਿੰਘ, ਕੁਨਾਲ ਮਹਿਤਾ ਅਤੇ ਹੋਰ ਹਾਜ਼ਰ ਸਨ।

