ਪਟਿਆਲਾ

ਸ਼ਾਹੀ ਸ਼ਹਿਰ ‘ਚ ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਕੱਢੀ

-ਐਡਵੋਕੇਟ ਸ਼ੈਲਿੰਦਰ ਮੋਂਟੀ ਨੇ ਦਿੱਤੀ ਹਰੀ ਝੰਡੀ
ਪਟਿਆਲਾ, 4 ਅਕਤੂਬਰ (ਮਧੂਸਾਰ ਬਿਊਰੋ) ਸ਼ਾਹੀ ਸ਼ਹਿਰ ਪਟਿਆਲਾ ਵਿਚ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਵਲੋਂ ਜ਼ਿਲਾ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼ੈਲਿੰਦਰ ਮੋਂਟੀ ਪਹੁੰਚੇ ਅਤੇ ਉਨ੍ਹਾਂ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਭਗਵਾਨ ਵਾਲਮੀਕਿ ਮੰਦਰ ਵਿਚ ਨਤਮਸਤਕ ਹੋ ਕੇ ਵਾਲਮੀਕਿ ਜੀ ਦਾ ਆਸ਼ੀਰਵਾਦ ਹਾਸਲ ਕੀਤਾ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਕਰੁਨਾ ਸਾਗਰ ਭਗਵਾਨ ਵਾਲਮੀਕਿ ਜੀ ਦੇ ਦਿਖਾਏ ਹੋਏ ਰਸਤੇ ‘ਤੇ ਹਰ ਇਨਸਾਨ ਨੂੰ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਦੇਵ ਭਾਸ਼ਾ ਸੰਸਕ੍ਰਿਤ ਦੇ ਪਿਤਾਮਾ ਸਨ, ਜਿਨ੍ਹਾਂ ਨੇ ਬਦੀ ‘ਤੇ ਨੇਕੀ ਦੀ ਜਿੱਤ ਦਾ ਸੁਨੇਹਾ ਆਪਣੇ ਮਹਾਨ ਗੰ੍ਰਥ ਸ੍ਰੀ ਰਮਾਇਣ ਰਾਹੀਂ ਜਨਤਾ ਨੂੰ ਦਿੱਤਾ। ਉਨ੍ਹਾਂ ਵਲੋਂ ਰਚਿਤ ਸ੍ਰੀ ਰਮਾਇਣ ਮਨੁੱਖੀ ਕਦਰਾਂ ਕੀਮਤਾਂ ਦੀ ਇਕ ਸਾਕਾਰ ਰਚਨਾ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਵਲੋਂ ਰਚਿਤ ਇਹ ਮਹਾਨ ਗੰ੍ਰਥ ਸਦੀਆਂ ਤੋਂ ਲੋਕਾਂ ਨੂੰ ਆਦਰਸ਼ ਜੀਵਨ ਜਿਉਣ ਅਤੇ ਨੈਤਿਕਤਾ ‘ਤੇ ਚੱਲਣ ਦਾ ਸੁਨੇਹਾ ਦਿੰਦਾ ਆ ਰਿਹਾ ਹੈ। ਉਨ੍ਹਾਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਵਿਚ ਬਰਾਬਰਤਾ, ਆਦਰਸ਼ ਵਿਅਕਤੀ, ਆਦਰਸ਼ ਰਾਜਾ ਬਣਨ ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਇਹ ਦਿਹਾੜਾ ਆਪਸੀ ਭਾਈਚਾਰਕ ਸਾਂਝ, ਸਦਭਾਵਨਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਸ਼ੋਭਾ ਯਾਤਰਾ ਨੂੰ ਝੰਡੀ ਦੇਣ ਤੋਂ ਬਾਅਦ ਐਡਵੋਕੇਟ ਸ਼ੈਲਿੰਦਰ ਮੋਂਟੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਸ੍ਰਿਸ਼ਟੀ ਰਚਿਤਾ ਹਨ। ਉਨ੍ਹਾਂ ਕਿਹਾ ਕਿ ਅੱਜ ਹਿੰਦੁਸਤਾਨ ਵਿਚ ਸ੍ਰੀ ਰਾਮ ਜੀ ਦਾ ਜੋ ਜਾਪ ਹੋ ਰਿਹਾ ਹੈ, ਉਸ ਦਾ ਸਿਹਰਾ ਸ੍ਰੀ ਵਾਲਮੀਕਿ ਜੀ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਭਗਵਾਨ ਰਾਮ ਜੀ ਦਾ ਸਮੁੱਚਾ ਜੀਵਨ ਰਮਾਇਣ ਦੇ ਰੂਪ ਵਿਚ ਲਿਖ ਕੇ ਇਸ ਸਮਾਜ ਨੂੰ ਦਿੱਤਾ। ਸਦੀਆਂ ਤੋਂ ਲੋਕ ਸ੍ਰੀ ਰਮਾਇਣ ਜੀ ਤੋਂ ਸੰਦੇਸ਼ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਰਮਾਇਣ ਰਾਹੀਂ ਭਗਵਾਨ ਵਾਲਮੀਕਿ ਨੇ ਸੰਦੇਸ਼ ਦਿੱਤਾ ਹੈ ਕਿ ਇਨਸਾਨ ਨੂੰ ਸ੍ਰੀ ਰਾਮ ਵਰਗਾ ਆਗਿਆਕਾਰੀ ਪੁੱਤਰ ਅਤੇ ਇਨਸਾਫ ਪਸੰਦ ਰਾਜਾ, ਲਕਸ਼ਮਣ ਵਰਗਾ ਭਰਾ, ਮਾਤਾ ਸੀਤਾ ਵਰਗੀ ਪਤਨੀ ਅਤੇ ਸ੍ਰੀ ਹਨੂੰਮਾਨ ਵਰਗਾ ਸੇਵਕ ਹੋਣ ਦੀ ਪ੍ਰੇਰਨਾ ਦਿੱਤੀ ਹੈ। ਐਡਵੋਕੇਟ ਮੋਂਟੀ ਨੇ ਕਿਹਾ ਕਿ ਜੇਕਰ ਅਸੀਂ ਸ੍ਰੀ ਵਾਲਮੀਕਿ ਜੀ ਵਲੋਂ ਲਿਖੀ ਰਮਾਇਣ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ ਤਾਂ ਇਸ ਸੰਸਾਰ ਵਿਚ ਕੋਈ ਸਮੱਸਿਆ ਨਾ ਰਹੇ। ਭਗਵਾਨ ਵਾਲਮੀਕਿ ਜੀ ਨੇ ਹਜ਼ਾਰਾਂ ਸਾਲ ਪਹਿਲਾਂ ਗੰ੍ਰਥ ਸ੍ਰੀ ਰਮਾਇਣ ਦੀ ਰਚਨਾ ਕਰਕੇ ਸਮਾਜ ਨੂੰ ਜੋ ਸੰਦੇਸ਼ ਦਿੱਤਾ ਸੀ, ਅੱਜ ਵੀ ਉਹ ਸੰਦੇਸ਼ ਓਨਾ ਹੀ ਸਾਰਥਕ ਹੈ, ਜਿੰਨਾ ਸ੍ਰੀ ਰਮਾਇਣ ਲਿਖਣ ਸਮੇਂ ਸੀ। ਐਡਵੋਕੇਟ ਮੋਂਟੀ ਨੇ ਕਿਹਾ ਕਿ ਸਮਾਜ ਵਿਚ ਜੋ ਕੁਰੀਤੀਆਂ ਆ ਰਹੀਆਂ ਹਨ, ਉਸ ਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਧਾਰਮਿਕ ਗੰ੍ਰਥਾਂ ਅਨੁਸਾਰ ਜੀਵਨ ਬਤੀਤ ਨਹੀਂ ਕਰਦੇ। ਰਮਾਇਣ ਵਿਚ ਹਰ ਰਿਸ਼ਤੇ ਦੀ ਪਵਿੱਤਰਤਾ ਨੂੰ ਦਿਖਾਇਆ ਗਿਆ ਹੈ। ਜੇਕਰ ਸ੍ਰੀ ਰਮਾਇਣ ਦੇ ਪਾਤਰਾਂ ਅਨੁਸਾਰ ਇਨਸਾਨ ਜੀਵਨ ਬਤੀਤ ਕਰੇ ਤਾਂ ਕੋਈ ਸਮੱਸਿਆ ਨਾ ਰਹੇ। ਸ਼ੋਭਾ ਯਾਤਰਾ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਕੌਮੀ ਪ੍ਰਚਾਰ ਸਕੱਤਰ ਸੈਂਟਰਲ ਵਾਲਮੀਕਿ ਸਭਾ ਇੰਡੀਆ ਰਾਜੇਸ਼ ਘਾਰੂ ਨੇ ਕਿਹਾ ਕਿ ਭਗਵਾਨ ਵਾਲਮੀਕਿ ਨੇ ਹਮੇਸ਼ਾ ਹੀ ਸਮੁੱਚੀ ਮਨੁੱਖਤਾ ਦੇ ਕਲਿਆਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਸਮਾਜ ਦਾ ਹਰ ਵਰਗ ਭਗਵਾਨ ਵਾਲਮੀਕਿ ਉਤਸਵ ਮਨਾ ਰਿਹਾ ਹੈ। ਰਾਜੇਸ਼ ਘਾਰੂ ਨੇ ਕਿਹਾ ਕਿ ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਐਡਵੋਕੇਟ ਰਣਧੀਰ ਸਿੰਘ ਥਿੰਦ ਨੇ ਵਿਸ਼ੇਸ਼ ਤੌਰ ‘ਤੇ ਆਸ਼ੀਰਵਾਦ ਲਿਆ। ਇਸ ਮੌਕੇ ਵਾਲਮੀਕਿ ਸਭਾ ਉਤਸਵ ਕਮੇਟੀ ਦੇ ਪ੍ਰਧਾਨ ਜਤਿੰਦਰ ਕੁਮਾਰ ਪਿੰ੍ਰਸ, ਮਿਉਂਸਪਲ ਵਰਕਰ ਯੂਨੀਅਨ ਦੇ ਪ੍ਰਧਾਨ ਨਰੇਸ਼ ਬੋਬੀ, ਵਾਲਮੀਕਿ ਧਰਮ ਸਭਾ ਦੇ ਵਾਈਸ ਪ੍ਰਧਾਨ ਉਪਿੰਦਰ ਸਿੰਘ, ਸੋਹਨ ਲਾਲ ਜਖਮੀ, ਮੋਹਨ ਲਾਲ ਅਟਵਾਲ, ਦਰਸ਼ਨ ਸਿੰਘ ਮੈਣ, ਦਲਵੀਰ ਸਿੰਘ, ਸੰਜੇ ਟਾਂਕ, ਵਿਜੇ ਚੌਹਾਨ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *