ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ “ਸਪੋਰਟਸ ਸਕਿੱਲਜ਼: ਸਾਇੰਟੀਫਿਕ ਅਪਰੋ” ਵਿਸ਼ੇ ਤੇ ਵਰਕਸ਼ਾਪ

ਪਟਿਆਲਾ, 23 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਅੱਜ ਇਥੇ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਿਖੇ “ਸਪੋਰਟਸ ਸਕਿੱਲਜ਼: ਸਾਇੰਟੀਫਿਕ ਅਪਰੋਚ” ਵਿਸ਼ੇ ਤੇ ਕਰਵਾਈ ਜਾ ਰਹੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਚਾਰ ਵਿਭਾਗਾਂ ਦੇ ਨਾਲ “ਵਿਸ਼ੇਸ਼ ਸਕੂਲ“ ਦੀ ਸਥਾਪਨਾ ਦੀ ਵਕਾਲਤ ਕੀਤੀ ਜਿਸ ਵਿੱਚ ਸਪੋਰਟਸ ਮੈਡੀਸਨ, ਫਿਜ਼ਿਓਥੈਰੇਪੀ, ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਬਿਹਤਰ ਨਤੀਜਿਆਂ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ। ਇਹ ਵਰਕਸ਼ਾਪ ਯੂਨੀਵਰਸਿਟੀ ਦੇ ਸਪੋਰਟਸ ਮੈਡੀਸਨ ਵਿਭਾਗ ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ।

ਡਾ. ਘੁੰਮਣ ਨੇ ਅੱਗੇ ਕਿਹਾ ਕਿ ਵਿਗਿਆਨਿਕ ਪਹੁੰਚ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ, ਖੇਡਾਂ ਕਾਰਨ ਲੱਗਣ ਵਾਲੀਆਂ ਸੱਟਾਂ ਤੋਂ ਬਚਣ ਅਤੇ ਪੂਰੀ ਦੁਨੀਆਂ ਵਿਚ ਇਸ ਦਾ ਇਲਾਜ ਕਰਨ ਲਈ ਮਹੱਤਤਾ ਹਾਸਲ ਕਰ ਰਹੀ ਹੈ, ਇਸ ਲਈ ਸਾਡੇ ਖੇਡ ਵਿਗਿਆਨੀਆਂ ਨੂੰ ਇਸ ਖੇਤਰ ਵਿਚ ਤਕਨੀਕੀ ਗਿਆਨ ਨਾਲ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ। ਡਾ. ਘੁੰਮਣ ਨੇ ਕਿਹਾ ਕਿ ਖੇਡਾਂ ਅਤੇ ਸਿੱਖਿਆ ਹੋਲੀ ਹੋਲੀ ਸਕੂਲੀ ਪੱਧਰ ‘ਤੇ ਇਕ ਦੂਜੇ ਤੋਂ ਵੱਖ ਹੋ ਰਹੀਆਂ ਹਨ, ਜਿਸ ਨਾਲ ਅਸੰਤੁਲਿਤ ਸ਼ਖਸੀਅਤਾਂ ਪੈਦਾ ਹੋ ਰਹੀਆਂ ਹਨ ਅਤੇ ਬੱਚੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਕਮਜ਼ੋਰ ਹੋ ਰਹੇ ਹਨ।
ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ ਨੇ ਪੰਜਾਬ ਵਾਸੀਆਂ ਦੀ ਦੇਸ਼ ਵਿੱਚੋਂ ਸਭ ਤੋਂ ਵੱਧ ਗਿਣਤੀ ਵਿੱਚ ਬੀਮਾਰੀਆਂ ਨਾਲ ਪ੍ਰਭਾਵਿਤ ਹੋਣ ਦੀ ਸਥਿਤੀ ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਅੱਗੇ ਕਿਹਾ ਕਿ ਸਪੋਰਟਸ ਮੈਡੀਸਨ ਦੀ ਮਦਦ ਨਾਲ “ਕੰਟਰੋਲਡ ਸਪੋਰਟਸ“ ਨੂੰ ਵਿਕਸਤ ਕੀਤਾ ਜਾ ਸਕਦਾ ਹੈ ਜਿਸ ਨਾਲ ਅਣਸਿਖਿਤ ਕਰਮਚਾਰੀਆਂ ਵਲੋਂ ਚਲਾਏ ਜਾ ਰਹੇ ਫਿਟਨੈੱਸ ਸੈਂਟਰਾਂ ਨੂੰ ਵੱਧਣ-ਫੁੱਲਣ ਤੋਂ ਰੋਕਿਆ ਸਕਦਾ ਹੈ ।ਉਨ੍ਹਾਂ ਕਿਹਾ ਕਿ ਇਹ ਸੈਂਟਰ ਆਪਣੇ ਗਾਹਕਾਂ ਦਾ ਲਾਭ ਨਾਲੋਂ ਵੱਧ ਨੁਕਸਾਨ ਕਰ ਰਹੇ ਹਨ।
ਇਸ ਮੌਕੇ ਤੇ ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਤੋਂ 40 ਤੋਂ ਵੱਧ ਸਿਖਿਆਰਥੀ ਹਿੱਸਾ ਲੈ ਰਹੇ ਹਨ ਅਤੇ ਵਰਕਸ਼ਾਪ ਦੌਰਾਨ ਇਨ੍ਹਾਂ ਸਿਖਿਆਰਥੀਆਂ ਨੂੰ ਇਸ ਖੇਤਰ ਵਿਚ ਵਧੀਆ ਅਤੇ ਨਵੀਨਤਮ ਤਕਨੀਕਾਂ ਨਾਲ ਜਾਣੂ ਕਰਵਾਇਆ ਜਾਵੇਗਾ। ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਡਾ. ਯੋਗਰਾਜ ਸਿੰਘ ਨੇ ਬਿਹਤਰ ਨਤੀਜੇ ਹਾਸਿਲ ਕਰਨ ਲਈ ਸਪੋਰਟਸ ਦਵਾਈਆਂ ਨੂੰ ਖੇਡਾਂ ਨਾਲ ਜੋੜਨ ਤੇ ਜ਼ੋਰ ਦਿੱਤਾ ।

Leave a Reply

Your email address will not be published. Required fields are marked *