ਪਟਿਆਲਾ

ਸਰਕਾਰੀ ਕੁਆਟਰਜ਼ ਘਲੋੜੀ ਗੇਟ ਦੀ ਚਾਰ ਦੀਵਾਰੀ ਵਾਲੀ ਤੋੜੀ ਕੰਧ ਸ਼ਰਾਰਤੀ ਅਨਸਰਾਂ ਨੇ ਬਣਾਇਆ ਨਜਾਇਜ਼ ਰਸਤਾ

ਪਟਿਆਲਾ, 23 ਅਕਤੂਬਰ (ਮਧੂਸਾਰ ਬਿਊਰੋ) ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਸਰਕਾਰੀ ਮੁਲਾਜਮ ਸੁਰੱਖਿਆ ਪੱਖੋਂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸਰਕਾਰੀ ਕੁਆਟਰਸ ਘਲੋੜੀ ਗੇਟ ਦੀ ਚਾਰ ਦੀਵਾਰੀ ਵਾਲੀ ਕੰਧ ਨੂੰ ਤੋੜ ਕੇ ਕੁਝ ਸ਼ਰਾਰਤੀ ਅਨਸਰਾਂ ਨੇ ਰਸਤਾ ਲਾਂਘੇ ਵਾਲਾ ਬਣਾ ਕੇ ਇਸ ਪਾਰਕ ਵਾਲੀ ਜਗ੍ਹਾ ‘ਤੇ ਕਬਜਾ ਕਰਨ ਦੀ ਨੀਅਤ ਨਾਲ ਵਿਉਂਤਬੰਦੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਲਗਾਏ ਗੇਟ ‘ਤੇ ਬਿਨਾਂ ਮਨਜੂਰੀ ਤੋਂ ਆਪਣੀ ਸੰਸਥਾ ਦਾ ਨਾਂ ਲਿਖ ਕੇ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਜਿਕਰਯੋਗ ਹੈ ਕਿ ਸਰਕਾਰੀ ਕੁਆਟਰਾਂ ਵਾਲੀ ਜਗ੍ਹਾ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਬੁੱਤ ਲੱਗੇ ਹੋਏ ਹਨ ਅਤੇ ਇਹਨਾਂ ਬੁੱਤਾਂ ਦੇ ਨਜਦੀਕ ਕੁੱਝ ਅਣਪਛਾਤੇ ਵਿਅਕਤੀ ਰਾਤ ਨੂੰ ਆ ਕੇ ਬੈਂਚਾਂ ਤੇ ਸੋ ਜਾਂਦੇ ਹਨ ਅਤੇ ਹੋਰ ਨਸ਼ੇ ਵੀ ਇਸ ਜਗ੍ਹਾ ਤੇ ਕਰਨ ਲੱਗ ਪਏ ਹਨ। ਸਰਕਾਰੀ ਕੁਆਰਟਰਾਂ ਵਿੱਚ ਪਹਿਲਾਂ ਵੀ ਕਈ ਚੋਰੀ ਦੀਆਂ ਘਟਨਾਵਾਂ ਵਾਪਰ
ਚੁੱਕੀਆਂ ਹਨ ਅਤੇ ਇਨ੍ਹਾਂ ਘਟਨਾਵਾਂ ਬਾਰੇ ਮਾਮਲੇ 2 ਨੰਬਰ ਡਵੀਜਨ ਵਿੱਚ ਵੀ ਗਏ ਹਨ। ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਅਤੇ ਹੇਠਲੇ ਪੱਧਰ ਦੇ ਅਧਿਕਾਰੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ ਅਤੇ ਸਰਕਾਰੀ ਕੁਆਟਰਾਂ ਵਿੱਚ ਰਹਿਣ ਵਾਲੇ ਮੁਲਾਜਮਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਪ੍ਰਤੀ ਉਹ ਚਿੰਤਤ ਨਹੀਂ ਹਨ। ਗੋਰਮਿੰਟ ਕੁਆਟਰਜ ਰੈਜੀਡੈਂਟਸ ਐਸੋਸੀਏਸ਼ਨ ਘਲੌੜੀ ਗੇਟ ਦੇ ਕਾਰਜਕਾਰੀ ਪ੍ਰਧਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਕੁਆਟਰਾਂ ਵਿੱਚ ਰਹਿਣ ਵਾਲੇ ਪਰਿਵਾਰ ਸਹਿਮ ਵਿੱਚ ਰਹਿ ਰਹੇ ਹਨ ਅਤੇ ਜਿਧਰੋਂ ਸ਼ਰਾਰਤੀ ਅਨਸਰਾਂ ਨੇ ਕੰਧ ਤੋੜੀ ਹੈ ਉੱਥੋਂ ਦਿਨੇ ਅਤੇ ਰਾਤ ਨੂੰ ਲੋਕਾਂ ਨੇ ਲੰਘਣ ਵਾਲਾ ਰਸਤਾ ਕੁਆਟਰਾਂ ਵਿੱਚੋਂ ਬਣਾ ਲਿਆ ਹੈ ਅਤੇ ਕਈ ਸ਼ੱਕੀ ਵਿਅਕਤੀ ਕੁਆਟਰਾਂ ਵਿੱਚ ਘੁੰਮਦੇ ਵੀ ਪਾਏ ਗਏ ਹਨ। ਜੇਕਰ ਕੋਈ ਅਣਸੁਖਾਵੀਂ ਘਟਨਾ ਕੁਆਟਰਾਂ ਵਿੱਚ ਵਾਪਰੀ ਤਾਂ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਕਾਰਜਕਾਰੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਟੁੱਟੀ ਕੰਧ ਵਾਲਾ ਮਾਮਲਾ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਅਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਇਸ ਕੰਧ ਵਾਲੇ ਰਸਤੇ ਨੂੰ ਬੰਦ
ਕਰਨ ਵਿੱਚ ਵਿਭਾਗ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਇਸ ਟੁੱਟੀ ਕੰਧ ਦੇ ਮਾਮਲੇ ਵਿੱਚ ਕਈ ਰਾਜਨੀਤਿਕ ਲੀਡਰ ਖੇਡਾਂ ਖੇਡਣ ਲੱਗ ਪਏ ਹਨ। ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਸ ਟੁੱਟੀ ਕੰਧ ਵਾਲੇ ਨਜਾਇਜ ਰਸਤੇ ਨੂੰ ਬੰਦ ਕਰਵਾਇਆ ਜਾਵੇ, ਜੇਕਰ ਇਸ ਮਸਲੇ ਤੇ ਗੌਰ ਨਾ ਕੀਤੀ ਤਾਂ
ਜਲਦ ਹੀ ਇਹ ਮਾਮਲਾ ਮੁੱਖ ਮੰਤਰੀ ਦੇ ਦਫਤਰ ਚੰਡੀਗੜ੍ਹ ਵਿਖੇ ਧਿਆਨ ਵਿੱਚ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *