ਡਾ. ਨਿਮਰਤਾ ਮਾਨ ਨੂੰ ਇਕ ਖੋਜ਼ ਦਿੱਤਾ ਪ੍ਰਾਜੈਕਟ
ਪਟਿਆਲਾ 5 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪਿਛਲੇ ਸਾਲ ਸ਼ਾਸਤਰੀ ਇੰਡੋ ਕੈਨੇਡੀਅਨ ਸੰਸਥਾ ਨਾਲ ਅਕਾਦਮਿਕ ਸਾਂਝ ਪਾਉਣ ਦੇ ਫੈਸਲੇ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸਿੱਕੀ ਦੇ ਨਾਮ ਨਾਲ਼ ਜਾਣੀ ਜਾਂਦੀ ਇਸ ਅੰਤਰਰਾਸ਼ਟਰੀ ਸੰਸਥਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਦੀ ਅਧਿਆਪਕਾ ਡਾ. ਨਿਮਰਤਾ ਮਾਨ ਨੂੰ ਇਕ ਖੋਜ਼ ਪ੍ਰਾਜੈਕਟ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਪਿਛਲੇ ਸਾਲ ਆਪਣੀ ਕੈਨੇਡਾ ਫੇਰੀ ਦੌਰਾਨ ਕੀਤੇ ਵਿਸ਼ੇਸ ਯਤਨਾਂ ਦੀ ਬਦੌਲਤ ਪੰਜਾਬੀ ਯੂਨੀਵਰਸਿਟੀ ਨੂੰ ਇਸ ਵੱਕਾਰੀ ਸੰਸਥਾ ਮੈਂਬਰ ਚੁਣਿਆ ਗਿਆ ਸੀ। ਇਸ ਉਪਰੰਤ ਸਿੱਕੀ ਦੀ ਇਕ ਵਿਸ਼ੇਸ ਟੀਮ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਵੀ ਕੀਤਾ ਗਿਆ ਸੀ ਜਿਸ ਦੌਰਾਨ ਯੂਨੀਵਰਸਿਟੀ ਵਿਦਿਆਰਥੀਆਂ ਨਾਲ ਇਕ ਸੰਵਾਦ ਪ੍ਰੋਗਰਾਮ ਦਾ ਆਯੋਜਨ ਵੀ ਕਰਵਾਇਆ ਗਿਆ ਸੀ।
ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਦੱਸਿਆ ਗਿਆ ਕਿ ਡਾ. ਨਿਮਰਤਾ ਨੂੰ ਇਹ ਪ੍ਰਾਜੈਕਟ ਦੋ ਸਾਲ ਲਈ ਮਿਲਿਆ ਹੈ। ਸ਼ਾਸਤਰੀ ਇੰਸਟੀਚੂਸ਼ਨਲ ਕਲੈਬੋਰੇਟਿਵ ਰਿਸਰਚ ਗਰਾਂਟ 2018-20 ਅਧੀਨ ਮਿਲੇ ‘ਰੋਲ ਆਫ਼ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ ਇਨ ਐਡਰੈੱਸਿੰਗ ਸੋਸਾਈਟਲ ਡਰੱਗ ਅਬਿਊਜ਼’ ਨਾਮੀ ਇਸ ਪ੍ਰਾਜੈਕਟ ਵਿਚ ਭਾਰਤ ਸਰਕਾਰ ਦੇ ਮਨੁੱਖੀ ਸ਼ਰੋਤ ਵਿਕਾਸ ਮੰਤਰਾਲੇ ਵੱਲੋਂ ਵਿੱਤੀ ਮਦਦ ਦਿੱਤੀ ਜਾਵੇਗੀ। ਇਹ ਪ੍ਰਾਜੈਕਟ ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਅਧਿਆਪਕ ਡਾ. ਰੋਬਿੰਦਰ ਪੀ. ਬੇਦੀ ਨਾਲ ਸਾਂਝੇ ਰੂਪ ਵਿਚ ਸੰਪੰਨ ਕਰਨਾ ਹੋਵੇਗਾ। ਇਸ ਪ੍ਰਾਜੈਕਟ ਲਈ ਪੰਜਾਬੀ ਯੂਨੀਵਰਸਿਟੀ ਨੂੰ 10 ਲੱਖ ਰੁਪਏ ਦੀ ਰਾਸ਼ੀ ਹਾਸਲ ਹੋਵੇਗੀ।

