ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਭਾਈ ਵੀਰ ਸਿੰਘ ਜੀ ਜੀਵਨ ਤੇ ਰਚਨਾ’ ਵਿਸ਼ੇ ‘ਤੇ ਸੈਮੀਨਾਰ

ਪਟਿਆਲਾ, 5 ਦਸੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ­ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਅਤੇ ਪੰਜਾਬੀ ਸਾਹਿਤ ਸਭਾ ਵਿਭਾਗ ਵੱਲੋਂ ਭਾਈ ਵੀਰ ਸਿੰਘ ਜੀ ਦੇ 145ਵੇਂ ਜਨਮ ਦਿਵਸ ਨੂੰ ਸਮਰਪਿਤ ‘ਭਾਈ ਵੀਰ ਸਿੰਘ ਜੀ ਜੀਵਨ ਤੇ ਰਚਨਾ’ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਸ. ਅਜਾਇਬ ਸਿੰਘ ਚੱਠਾ­ ਚੇਅਰਮੈਨ­ ਵਿਸ਼ਵ ਪੰਜਾਬੀ ਕਾਨਫ਼ਰੰਸ­ ਕਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸ. ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਚੰਗਾ ਸਾਹਿਤ ਮਨੁੱਖ ਦੀ ਰੂਹ ਦੀ ਖੁਰਾਕ ਹੁੰਦਾ ਹੈ। ਚੰਗਾ ਸਾਹਿਤ ਲਿਖਣ ਵਾਲੇ ਸਾਹਿਤਕਾਰਾਂ ਨੂੰ ਯੁਗਾਂ-ਯੁਗਾਂਤਰਾਂ ਤੱਕ ਯਾਦ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਈ ਵੀਰ ਸਿੰਘ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਸਿਰਜਨਾ ਉਸ ਸਮੇਂ ਕੀਤੀ ਜਦੋਂ ਬਸਤੀਵਾਦੀ ਵਿਚਾਰਧਾਰਾਵਾਂ ਪੰਜਾਬੀ ਸਾਹਿਤ ਨੂੰ ਖੋਰ੍ਹਾ ਲਾ ਰਹੀਆਂ ਸਨ ਅਤੇ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਦੀ ਮਾਂ ਬੋਲੀ ਵਿਚ ਪੇਸ਼ਕਾਰੀ ਕਰਕੇ ਆਪਣੇ ਆਪ ਨੂੰ ਹਮੇਸ਼ਾ ਲਈ ਸਦੀਵੀਂ ਬਣਾ ਲਿਆ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਭਾਈ ਵੀਰ ਸਿੰਘ ਇਕ ਅਜਿਹੀ ਸ਼ਖ਼ਸੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਕਵਿਤਾ ਅਤੇ ਵਾਰਤਕ ਦੇ ਖੇਤਰ ਵਿਚ ਨਾ ਸਿਰਫ਼ ਆਪਣੀ ਲੇਖਣੀ ਸਦਕਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਨਾਮ ਸਥਾਪਿਤ ਕੀਤਾ ਸਗੋਂ ਸਿੱਖੀ ਸਿਧਾਤਾਂ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਵਿਚ ਵੀ ਉਨ੍ਹਾਂ ਦਾ ਯੋਗਦਾਨ ਮੁੱਲਵਾਨ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਸਾਹਿਤਕਾਰ ਦਾ ਜੀਵਨ ਅਨੁਭਵ ਨਿਸ਼ਚੇ ਹੀ ਸਾਡੇ ਲਈ ਪ੍ਰੇਰਣਾ ਦਾ ਅਮੁੱਲ ਖਜਾਨਾ ਹੈ। ਆਪਣੇ ਜੀਵਨ ਨੂੰ ਸਹੀ ਸੇਧ ਦੇਣ ਲਈ ਸਾਨੂੰ ਕੁਦਰਤ ਦੀ ਝਲਕ ‘ਚੋਂ ਕਾਦਰ ਦੇ ਦਰਸ਼ਨ ਕਰਨ ਵਾਲੇ ਅਜਿਹੇ ਸਾਹਿਤਕਾਰਾਂ ਦੇ ਜੀਵਨ ਦਰਸ਼ਨ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਪਰਮਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਾਈ ਵੀਰ ਸਿੰਘ ਜੀ ਦੇ ਜੀਵਨ ਅਤੇ ਰਚਨਾ ਸੰਸਾਰ ਵਿਸ਼ੇ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਭਾਵੇਂ 19ਵੀਂ ਸਦੀ ਦੇ ਸਾਹਿਤਕਾਰ ਸਨ ਪਰ ਅਜੋਕੇ ਮੀਡੀਆ ਦੇ ਯੁੱਗ ਵਿਚ ਵੀ ਉਨ੍ਹਾਂ ਦੀਆਂ ਰਚਨਾਵਾਂ ਓਨੇ ਮਹੱਤਵ ਦੀਆਂ ਧਾਰਨੀ ਹਨ।
ਇਸ ਮੌਕੇ ਡਾ. ਪੁਸ਼ਪਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਈ ਵੀਰ ਸਿੰਘ ਨੇ ਜਿੱਥੇ ਸਿੱਖੀ ਸਿਧਾਤਾਂ ਅਤੇ ਇਤਿਹਾਸ ਦੀ ਗੱਲ ਕੀਤੀ ਉਥੇ ਹੀ ਉਨ੍ਹਾਂ ਨੇ ਗਲਪ ਦੇ ਖੇਤਰ ਵਿਚ ਭਾਈ ਵੀਰ ਸਿੰਘ ਦੇ ਵਡਮੁੱਲੇ ਯੋਗਦਾਨ ‘ਤੇ ਚਾਨਣਾ ਪਾਇਆ। ਇਸ ਉਪਰੰਤ ਡਾ. ਦਵਿੰਦਰ ਸਿੰਘ ਨੇ ਭਾਈ ਵੀਰ ਸਿੰਘ ਦੇ ਕਾਵਿਕ ਨਜ਼ਰੀਏ ਬਾਰੇ ਗੱਲ ਕਰਦਿਆਂ ਕਿਹਾ ਕਿ ਆਧੁਨਿਕ ਪੰਜਾਬੀ ਸਾਹਿਤ ਵਿਚ ਕਵਿਤਾ ਦੇ ਖੇਤਰ ਵਿਚ ਭਾਈ ਵੀਰ ਸਿੰਘ ਦੇ ਯੋਗਦਾਨ ਸਦਕਾ ਇਸ ਖੇਤਰ ਨੂੰ ਇਕ ਵੱਖਰੀ ਪਛਾਣ ਪ੍ਰਾਪਤ ਹੋਈ ਹੈ ਅਤੇ ਅਜ਼ਾਦੀ ਤੋਂ ਪਹਿਲਾਂ ਉਨ੍ਹਾਂ ਦੀ ਦੂਰਅੰਦੇਸ਼ੀ ਸਦਕਾ ਅੰਗਰੇਜ਼ ਸਮਰਾਜ ਉਨ੍ਹਾਂ ਦੀ ਲੇਖਣੀ ਤੋਂ ਇਸ ਕਦਰ ਡਰਿਆ ਕਿ ਲੇਖਕਾਂ ਵਿਚੋਂ ਸਭ ਤੋਂ ਖਤਰਨਾਕ ਉਹ ਭਾਈ ਵੀਰ ਸਿੰਘ ਨੂੰ ਮੰਨਦੇ ਸਨ। ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ­ ਐਮ.ਫਿਲ. ਪੰਜਾਬੀ ਦੇ ਵਿਦਿਆਰਥੀ ਅਤੇ ਕਾਲਜ ਸਟਾਫ਼ ਹਾਜ਼ਰ ਸੀ। ਮੰਚ ਦਾ ਸੰਚਾਲਨ ਡਾ. ਸਰਬਜੀਤ ਸਿੰਘ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਸੰਗੀਤ ਵਿਭਾਗ ਦੇ ਤਕਨੀਕੀ ਸਹਾਇਕ ਕੁੰਵਰਪ੍ਰੀਤ ਸਿੰਘ ਨੇ ਭਾਈ ਵੀਰ ਸਿੰਘ ਦੀ ਕਵਿਤਾ ‘ਕੰਬਦੀ ਕਲਾਈ’ ਗਾ ਕੇ ਵਾਹ-ਵਾਹ ਖੱਟੀ।

Leave a Reply

Your email address will not be published. Required fields are marked *