ਪਿਛਲੇ 10 ਸਾਲਾਂ ‘ਚ ਪੰਜਾਬ ਨੂੰ ਵੇਚ ਕੇ ਖਾਣ ਵਾਲੇ ਸਿਆਸੀ ਰੋਟੀਆਂ ਸੇਕਣ ਤੋਂ ਬਾਜ ਆਉਣ-ਪਰਨੀਤ ਕੌਰ
ਸਨੌਰ ‘ਚ 52 ਲੱਖ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ
ਸਨੌਰ/ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਪੰਜਾਬ ਨੂੰ ਵੇਚ ਕੇ ਖਾਧਾ ਹੁਣ ਉਹ ਪੰਜਾਬ ਦੀ ਮਾੜੀ ਕੀਤੀ ਆਰਥਿਕ ਹਾਲਤ ‘ਤੇ ਸਿਆਸੀ ਰੋਟੀਆਂ ਸੇਕ ਕਿ ਪੰਜਾਬ ਦੇ ਲੋਕਾ ਨੂੰ ਗੁੰਮਰਾਹ ਕਰਨ ਤੋਂ ਬਾਜ ਆਉਣ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਚੋਣ ਮੈਨੀਫੈਸਟੋ ‘ਚ ਕੀਤੇ ਆਪਣੇ ਵਾਅਦੇ ਪੂਰੇ ਕਰ ਰਹੀ ਹੈ ਤਾਂ ਸੂਬੇ ਦੀ ਆਰਥਿਕ ਮੰਦਹਾਲੀ ਤੇ ਬਰਬਾਦੀ ਲਈ ਜਿੰਮੇਵਾਰ ਲੋਕ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ। ਸ੍ਰੀਮਤੀ ਪਰਨੀਤ ਕੌਰ ਅੱਜ ਸਨੌਰ ਵਿਖੇ ਸੀਨੀਅਰ ਕਾਂਗਰਸੀ ਆਗੂ ਸ. ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਸ਼ਹਿਰ ਦੀਆਂ ਸਾਰੀਆ ਵਾਰਡਾਂ ‘ਚ ਕਰੀਬ 52 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਮਗਰੋਂ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਪ੍ਰਤੀ ਮਕਾਨ 1 ਲੱਖ 20 ਹਜ਼ਾਰ ਦੀ ਲਾਗਤ ਨਾਲ ਕੱਚੇ ਮਕਾਨ ਪੱਕੇ ਕਰਨ ਲਈ 23 ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਵੀ ਤਕਸੀਮ ਕੀਤੇ।
ਸ੍ਰੀਮਤੀ ਪਰਨੀਤ ਕੌਰ ਨੇ ਲੋਕਾਂ ਨੂੰ ਬਸੰਤ ਪੰਚਮੀ ਅਤੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦਾ ਮੁੱਖ ਟੀਚਾ ਹੈ ਕਿ ਪੰਜਾਬ ਨੂੰ ਮੁੜ ਤੋਂ ਇਕ ਨੰਬਰ ਦਾ ਸੂਬਾ ਬਣਾਇਆ ਜਾਵੇ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਲੀਕੀਆਂ ਜਾ ਰਹੀਆਂ ਯੋਜਨਾਵਾਂ ਦੇ ਲਾਗੂ ਹੋਣ ਮਗਰੋਂ ਪੰਜਾਬੀਆਂ ਦੀਆਂ ਆਸਾਂ ਨੂੰ ਬੂਰ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰੱਖਕੇ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵੀ ਵੱਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਲੰਘੇ 10 ਸਾਲਾਂ ‘ਚ ਪੰਜਾਬ ਨੂੰ ਅਰਸ਼ ਤੋਂ ਫ਼ਰਸ਼ ‘ਤੇ ਲੈ ਆਂਦਾ ਅਤੇ ਹੁਣ ਜਦੋਂ ਪੰਜਾਬ ਮੁੜ ਤੋਂ ਲੀਹਾਂ ‘ਤੇ ਪੈ ਰਿਹਾ ਹੈ ਤਾਂ ਵਿਰੋਧੀ ਧਿਰਾਂ ਆਪਣੀਆਂ ਸਿਆਸੀ ਰੋਟੀਆਂ ਸੇਕਣ ‘ਤੇ ਲੱਗੀਆਂ ਹੋਈਆਂ ਹਨ ਪਰੰਤੂ ਪੰਜਾਬ ਦੇ ਸੂਝਵਾਨ ਲੋਕ ਸਭ ਜਾਣਦੇ ਹਨ।
ਇਸ ਮੌਕੇ ਸੀਨੀਅਰ ਕਾਂਗਰਸ ਆਗੂ ਸ. ਹਰਿੰਦਰ ਪਾਲ ਸਿੰਘ ਹੈਰੀਮਾਨ ਨੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕਰਦਿਆਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਅਣਗੌਲੇ ਸਨੌਰ ਹਲਕੇ ਦੀ ਦੇਖ-ਰੇਖ ਸ੍ਰੀਮਤੀ ਪਰਨੀਤ ਕੌਰ ਵੱਲੋਂ ਖ਼ੁਦ ਕੀਤੇ ਜਾਣ ਮਗਰੋਂ ਹਲਕੇ ਦੀ ਵਿਕਾਸ ਕਾਰਜਾਂ ਪੱਖੋਂ ਕਾਂਇਆ ਕਲਪ ਹੋਣ ਲੱਗੀ ਹੈ ਅਤੇ ਕਾਂਗਰਸ ਪਾਰਟੀ ਵੀ ਪਹਿਲਾਂ ਤੋਂ ਵੀ ਹੋਰ ਜਿਆਦਾ ਮਜ਼ਬੂਤ ਹੋਈ ਹੈ। ਉੁਨ੍ਹਾਂ ਨੇ ਦੱਸਿਆ ਕਿ ਹਲਕੇ ‘ਚ 20 ਕਰੋੜ ਰੁਪਏ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਜਦੋਂਕਿ ਜੌੜੀਆਂ ਸੜਕਾਂ ਦਾ ਕੰਮ ਸਰਦੀ ਦੇ ਮੌਸਮ ਕਰਕੇ ਪਹਿਲੀ ਮਾਰਚ ਤੋਂ ਸ਼ੁਰੂ ਹੋ ਜਾਵੇਗਾ, ਰਾਜਪੁਰਾ-ਸਰਹਿੰਦ ਰੋਡ ਬਾਈਪਾਸ ਦਾ ਵੀ ਪੌਣੇ ਚਾਰ ਕਰੋੜ ਰੁਪਏ ਦਾ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਫੋਕਲ ਪੁਆਇੰਟ ਪਟਿਆਲਾ ਦਾ ਕੰਮ ਵੀ 5 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋ ਚੁੱਕਾ ਹੈ।
ਹੈਰੀਮਾਨ ਨੇ ਹੋਰ ਦੱਸਿਆ ਕਿ 6 ਕਰੋੜ ਰੁਪਏ ਦੀ ਲਾਗਤ ਨਾਲ ਸਨੌਰ ਹਲਕੇ ਦੇ ਪਿੰਡਾਂ ‘ਚ ਵਿਕਾਸ ਕਾਰਜ ਕਰਵਾਏ ਜਾਣ ਦੀ ਤਜਵੀਜ ਬਣਾਈ ਜਾ ਚੁੱਕੀ ਹੈ ਅਤੇ ਹਲਕੇ ਦੇ ਰਜਬਾਹਿਆਂ ਦੀ ਪਿਛਲੇ 40 ਸਾਲਾਂ ਤੋਂ ਰੁਕੀ ਹੋਈ ਮੁਰੰਮਤ ਲਈ ਵੀ 82 ਕਰੋੜ ਰੁਪਏ ਦੀ ਤਜਵੀਜ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨੂੰ ਵੇਖਦਿਆਂ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਅਤੇ ਅਗਲੀਆਂ ਲੋਕ ਸਭਾ ਚੋਣਾਂ ‘ਚ ਪਟਿਆਲਾ ਲੋਕ ਸਭਾ ਹਲਕੇ ਤੋਂ ਸ੍ਰੀਮਤੀ ਪਰਨੀਤ ਕੌਰ ਮੁੜ ਤੋਂ ਐਮ.ਪੀ. ਬਣਨਗੇ ਅਤੇ ਦੇਸ਼ ‘ਚ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਨੇ ਦਸਿਆ ਕਿ ਗੜੇਮਾਰੀ ਕਾਰਨ ਕਿਸਾਨਾਂ ਦੀ ਖਰਾਬ ਹੋਈ ਫ਼ਸਲ ਦੇ ਮੁਆਵਜੇ ਦੀ ਰਾਸ਼ੀ ਡਿਪਟੀ ਕਮਿਸ਼ਨਰ 15 ਦਿਨਾਂ ਦੇ ਅੰਦਰ-ਅੰਦਰ ਤਕਸੀਮ ਕਰਵਾ ਦੇਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਸੀਨੀਅਰ ਯੂਥ ਕਾਂਗਰਸੀ ਆਗੂ ਰਤਿੰਦਰ ਸਿੰਘ ਰਿੱਕੀ ਮਾਨ, ਬਲਾਕ ਕਾਂਗਰਸ ਪ੍ਰਧਾਨ ਸ੍ਰੀ ਅਸ਼ਵਨੀ ਬੱਤਾ, ਸ਼ਹਿਰੀ ਪ੍ਰਧਾਨ ਸੰਜੀਵ ਗੋਇਲ, ਸ੍ਰੀ ਸੁਰਿੰਦਰ ਮਿੱਤਲ, ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਨਰੇਸ਼ ਗੋਇਲ, ਸ੍ਰੀ ਸੁਰਜੀਤ ਸਿੰਘ, ਸ੍ਰੀ ਗੁਰਮੀਤ ਸਿੰਘ ਬਿੱਟੂ, ਯੂਥ ਆਗੂ ਮਨਿੰਦਰ ਫਰਾਂਸਵਾਲਾ, ਅਮਨ ਰਣਜੀਤ ਸਿੰਘ ਨੈਣਾਂ, ਉਜਾਗਰ ਸਿੰਘ, ਦੀਦਾਰ ਸਿੰਘ ਦੌਣਕਲਾਂ, ਗੁਰਮੀਤ ਕੌਰ, ਗੁਰਸ਼ਰਨ ਕੌਰ, ਟੋਨੀ ਖਾਂਸਿਆ, ਸਰੂਪ ਧੀਮਾਨ, ਹਰਪਾਲ ਸਿੰਘ ਧਨੇਠਾ, ਜੋਗਿੰਦਰ ਸਿੰਘ ਕਾਕੜਾ, ਕੁਲਦੀਪ ਸਿੰਘ ਕਾਲਾ, ਚਰਨ ਦਾਸ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ, ਖੇਤਰੀ ਡਿਪਟੀ ਡਾਇਰੈਕਟਰ ਲੋਕਲ ਬਾਡੀਜ ਜੀਵਨ ਜੋਤ ਕੌਰ, ਐਸ.ਪੀ. ਕੇਸਰ ਸਿੰਘ, ਡੀ.ਐਸ.ਪੀ. ਸੌਰਵ ਜਿੰਦਲ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਅਰੋੜਾ ਸਮੇਤ ਵੱਡੀ ਗਿਣਤੀ ‘ਚ ਕਾਂਗਰਸ ਪਾਰਟੀ ਦੇ ਆਗੂ, ਵਰਕਰ ਅਤੇ ਸਥਾਨਕ ਵਾਸੀ ਮੌਜੂਦ ਸਨ।

