ਕੈਮਜ਼ ਵਲੋਂ ਐਫ.ਟੀ.ਆਈ.ਆਈ., ਪੁਣੇ ਨਾਲ ਹੁਨਰ ਅਧਾਰਤ ਕੋਰਸ ਕਰਨ ਲਈ ਸਮਝੌਤਾ
ਪਟਿਆਲਾ 5 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ਼ (ਕੈਮਜ਼) ਨੇ ਵਿਸ਼ਵ ਭਰ ਵਿੱਚ ਸੈਂਟਰ ਆਫ ਐਕਸੀਲੈਂਸ ਵਜੋਂ ਪ੍ਰਸਿੱਧ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐਫ.ਟੀ.ਆਈ.ਆਈ), ਪੁਣੇ ਨਾਲ ਇਕ ਸਮਝੌਤਾ ਕਰਕੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ।
ਇਸ ਸਮਝੌਤੇ ਅਧੀਨ ਹੁਨਰ-ਅਧਾਰਤ ਸ਼ਾਰਟ-ਟਰਮ ਕੋਰਸ ਕਰਵਾਏ ਜਾਣਗੇ। ਐੱਫ.ਟੀ.ਆਈ.ਆਈ. ਦੇ ਰੁਤਬੇ ਅਤੇ ਵੱਕਾਰ ਦਾ ਪੱਧਰ ਇਸ ਤੱਥ ਦੁਆਰਾ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਫੈਕਲਟੀ ਅਤੇ ਸਾਬਕਾ ਵਿਦਿਆਰਥੀਆਂ ਵਿੱਚ ਸਤਿਆਜੀਤ ਰੇ, ਸ਼ਿਆਮ ਬੇਨੇਗਲ, ਬਿਮਲ ਰਾਏ, ਨਸੀਰੂਦੀਨ ਸ਼ਾਹ, ਓਮ ਪੁਰੀ, ਸ਼ਬਾਨਾ ਆਜ਼ਮੀ, ਸੰਜੇ ਲੀਲਾ ਭੰਸਾਲੀ, ਸੁਭਾਸ਼ ਘਈ, ਰਾਜ ਕੁਮਾਰ ਹਿਰਾਨੀ, ਮਿਥੁਨ ਚੱਕਰਵਰਤੀ, ਵਿਧੂ ਵਿਨੋਦ ਚੋਪੜਾ, ਪ੍ਰਕਾਸ਼ ਝਾਅ, ਮਨੀ ਕੌਲ, ਸ਼ਤਰੂਘਨ ਸਿਨਹਾ, ਡੈਨੀ ਡੇਂਜੋਂਗਪਾ, ਸਤੀਸ਼ ਕੌਸ਼ਿਕ, ਜੋਹਨ ਅਬਰਾਹਮ, ਡੇਵਿਡ ਧਵਨ, ਅਸਰਾਨੀ, ਸ਼ਕਤੀ ਕਪੂਰ ਵਰਗੇ ਸੁਪਰ ਸਟਾਰ ਸ਼ਾਮਲ ਹਨ। ਪ੍ਰਸਿੱਧ ਫ਼ਿਲਮ ਸਟਾਰ ਅਨੁਪਮ ਖੇਰ ਐਫ.ਟੀ.ਆਈ.ਆਈ ਦੇ ਚੇਅਰਮੈਨ ਹਨ ਅਤੇ ਸ਼੍ਰੀ ਭੁਪੇਂਦਰ ਕੈਨਥੋਲਾ ਇਸ ਦੇ ਡਾਇਰੈਕਟਰ ਹਨ, ਜੋ ਸਾਬਕਾ ਐਡੀਸ਼ਨਲ ਡਾਇਰੈਕਟਰ ਜਨਰਲ ਦੂਰਦਰਸ਼ਨ, ਡਾਇਰੈਕਟਰ, ਡਾਇਰੈਕਟੋਰੇਟ ਆਫ ਐਡਵਰਟਾਈਜ਼ਿੰਗ ਐਂਡ ਵਿਜ਼ੁਅਲ ਪਬਲੀਸਿਟੀ, ਡਾਇਰੈਕਟਰ, ਰਾਸ਼ਟਰੀ ਫਿਲਮ ਪੁਰਸਕਾਰ, ਡਾਇਰੈਕਟਰ, ਭਾਰਤੀ ਪੈਨੋਰਾਮਾ ਅਤੇ ਡਾਇਰੈਕਟਰ, ਪ੍ਰੈਸ ਇਨਫਰਮੇਸ਼ਨ ਬਿਊਰੋ ਹਨ।
ਇਹ ਜਾਣਕਾਰੀ ਦਿੰਦਿਆਂ ਕੈਮਜ਼ ਦੇ ਪ੍ਰੋਫੈਸਰ-ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਵਾਈਸ-ਚਾਂਸਲਰ, ਡਾ. ਬੀ.ਐਸ. ਘੁੰਮਣ ਨੇ ਇਸ ਸ਼ਾਨਦਾਰ ਉਪਲੱਬਧੀ ਤੇ ਡੂੰਘੀ ਖੁਸ਼ੀ ਅਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਤੁਰੰਤ ਇੱਕ ਕਮੇਟੀ ਦਾ ਗਠਨ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਕਮੇਟੀ ਵਿੱਚ ਡਾ. ਘੁੰਮਣ ਚੇਅਰਮੈਨ ਵਜੋਂ ਅਤੇ ਡੀਨ, ਅਕਾਦਮਿਕ ਮਾਮਲੇ ਡਾ. ਜੀ.ਐਸ. ਬੱਤਰਾ ਅਤੇ ਡਾ ਮਾਨ ਸ਼ਾਮਲ ਹਨ। ਡਾ. ਘੁੰਮਣ ਨੇ ਡਾ. ਮਾਨ ਵਲੋਂ ਐਫਟੀ ਆਈ ਆਈ ਨਾਲ ਹੋਏ ਸਮਝੌਤੇ ਲਈ ਕੀਤੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਨੂੰ ਯੂਨੀਵਰਸਿਟੀ ਵਿਚ ਟੀਵੀ ਅਤੇ ਫਿਲਮ ਨਿਰਮਾਣ ਦੇ ਖੇਤਰ ਵਿਚ ਇਕ ਵਿਸ਼ੇਸ਼ ਅਕਾਦਮਿਕ ਕੇਂਦਰ ਵਜੋਂ ਸਥਾਪਿਤ ਕੈਮਜ਼ ਲਈ ਇਕ ਵੱਡੀ ਸਫਲਤਾ ਦੱਸਿਆ।
ਡਾ ਮਾਨ ਅਨੁਸਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੀ ਇੱਕ ਖੁਦਮੁਖਤਿਆਰ ਸੰਸਥਾ ਐਫ.ਟੀ.ਆਈ.ਆਈ ਫਿਲਮ ਅਤੇ ਟੈਲੀਵਿਜ਼ਨ ਦੀ ਫਲੈਗਸ਼ਿਪ ਸਕੀਮ ਆਫ ਸਕਿੱਲ ਇੰਡੀਆ ਤਹਿਤ ਕੈਮਜ਼ ਨਾਲ ਨਵੇਂ ਉਦਮ ਕਰਨ ਲਈ ਅੱਗੇ ਆਈ ਹੈ। ਇਸ ਯੋਜਨਾ ਵਿਚ ਡਿਜੀਟਲ ਸਿਨੇਮਾਟੋਗ੍ਰਾਫੀ, ਐਕਟਿੰਗ, ਸਕ੍ਰੀਨਪਲੇਅ ਰਾਈਟਿੰਗ; ਟੀਵੀ ਲਈ ਕਹਾਣੀ ਲਿਖਣਾ; ਡਾਂਸਿੰਗ ਅਤੇ ਕੋਰਿਓਗ੍ਰਾਫੀ ਵਿਚ ਤਿੰਨ ਹਫ਼ਤਿਆਂ ਦੇ ਕੋਰਸ ਅਤੇ ਫਿਲਮ ਐਪਰੀਸੀਏਸ਼ਨ ਵਿਚ ਸੱਤ ਦਿਨ ਦਾ ਕੋਰਸ ਕਰਵਾਉਣਾ ਸ਼ਾਮਲ ਹਨ। ਇਨ੍ਹਾਂ ਕੋਰਸਾਂ ਦੀ ਸੂਚੀ ਵਿਚ ਆਮ ਸ਼੍ਰੇਣੀ ਦੇ ਬੱਚਿਆਂ ਲਈ ਇਕ ਹਫਤੇ ਦੇ ਕੋਰਸ ਤੋਂ ਇਲਾਵਾ 7 ਤੋਂ 10 ਸਾਲ ਅਤੇ 11 ਤੋਂ 15 ਸਾਲ ਦੇ ਬੱਚਿਆਂ ਲਈ ਬੇਸਿਕ ਐਕਟਿੰਗ ਵਰਕਸ਼ਾਪਾਂ ਲਗਾਉਣੀਆਂ ਵੀ ਸ਼ਾਮਲ ਹਨ।
ਐਫਟੀਆਈਆਈ ਦੇ ਡਾਇਰੈਕਟਰ ਭੁਪੇਂਦਰ ਕੈਨਥੋਲਾ ਦੇ ਪੱਤਰ ਅਨੁਸਾਰ, ਫੈਕਲਟੀ, ਸਾਜ਼ੋ-ਸਾਮਾਨ, ਵੱਡੇ ਉਪਕਰਣ ਅਤੇ ਤਕਨੀਕੀ ਖਪਤਕਾਰੀ ਵਸਤੂਆਂ ਸਮੇਤ ਸਾਰੇ ਪ੍ਰਬੰਧਾਂ ਨੂੰ ਐਫ.ਟੀ.ਆਈ.ਆਈ. ਦੁਆਰਾ ਮੁਹੱਈਆ ਕਰਾਇਆ ਜਾਵੇਗਾ। ਯੂਨੀਵਰਸਿਟੀ ਵਲੋਂ ਕੋਰਸਾਂ ਦੌਰਾਨ ਫੈਕਲਟੀ ਨੂੰ ਹਵਾਈ ਅੱਡੇ ਤੋਂ ਲਿਆਉਣ, ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਕੀਤੇ ਜਾਣਗੇ। ਕੋਰਸ ਪੂਰਾ ਕਰਨ ਵਾਲੇ ਸਰਟੀਫਿਕੇਟਾਂ ਵਿੱਚ ਐੱਫਟੀਆਈਆਈ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਕੈਨਨ ਦੇ ਟੈਕਨੋਲੋਜੀ ਪਾਰਟਨਰਾਂ ਦੇ ਰੂਪ ਵਿੱਚ ਲੋਗੋ ਭਰੇ ਜਾਣਗੇ।

