ਪੰਜਾਬੀ ਯੂਨੀਵਰਸਿਟੀ ਵਲੋਂ 30 ਅਪ੍ਰੈਲ ਨੂੰ ‘ਸੱਤਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ’ ਆਯੋਜਿਤ ਕਰਨ ਦਾ ਫੈਸਲਾ
ਪਟਿਆਲਾ, 5 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਲੋਂ ‘ਸੱਤਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ’ ਆਯੋਜਿਤ ਕੀਤੀ ਜਾਵੇਗੀ। ਇਸ ਸਬੰਧੀ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।
ਡਾ. ਘੁੰਮਣ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਕਰਨਾ ਹੈ, ਇਸ ਲਈ ਯੂਨੀਵਰਸਿਟੀ ਵਲੋਂ ਇਸ ਦੇ ਸਥਾਪਨਾ ਦਿਵਸ ਦੇ ਅਵਸਰ ਤੇ 30 ਅਪ੍ਰੈਲ ਨੂੰ ਇਹ ਕਾਨਫਰੰਸ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਨਫ਼ਰੰਸ ਦਾ ਵਿਸ਼ਾ ‘ਪੰਜਾਬੀ ਅਲੋਚਨਾ: ਪ੍ਰਾਪਤੀਆਂ ਅਤੇ ਸੰਭਾਵਨਾਵਾਂ’ ਹੋਵੇਗਾ। ਵਿਭਾਗ ਦੇ ਮੁਖੀ ਡਾ. ਹਰਜੋਧ ਸਿੰਘ ਨੇ ਦੱਸਿਆ ਕਿ ਦੇਸ਼ ਅਤੇ ਵਿਦੇਸ਼ ਦੇ ਉਘੇ ਲੇਖਕ, ਵਿਦਵਾਨ, ਅਧਿਆਪਕ, ਡੈਲੀਗੇਟ ਅਤੇ ਖੋਜ ਵਿਦਵਾਨ ਵੱਡੇ ਪੱਧਰ ਤੇ ਇਸ ਤਿੰਨ ਦਿਨਾ ਕਾਨਫਰੰਸ ਵਿੱਚ ਹਿੱਸਾ ਲੈਣਗੇ। ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ, ਛੇਵੀਂ ਕਾਨਫਰੰਸ ਅਤੇ ਵਿਭਾਗ ਦੀਆਂ ਹੋਰ ਪ੍ਰਕਾਸ਼ਨਾਵਾਂ ਰਿਲੀਜ਼ ਕੀਤੀਆਂ ਜਾਣਗੀਆਂ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਸਿੱਧ ਵਿਦਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

