ਪਟਿਆਲਾ ‘ਚ ਭਾਰਤ ਬੰਦ ਨੂੰ ਮੁਸਲਿਮ ਭਾਈਚਾਰੇ ਦਾ ਵੱਡਾ ਸਮਰਥਨ
-ਭਾਰਤ ਬੰਦ ਦਾ ਪੰਜਾਬ ਭਰ ਵਿਚ ਮੁਸਲਿਮ ਭਾਈਚਾਰਾ ਕਰੇਗਾ ਡਟਵਾਂ ਸਮਰਥਨ : ਮੂਸਾ ਖਾਨ
ਪਟਿਆਲਾ 1 ਅਪ੍ਰੈਲ (ਮਧੂਸਾਰ ਬਿਊਰੋ)ਸੁਪਰੀਮ ਕੋਰਟ ਵਲੋਂ ਐਸ.ਸੀ/ਐਸ.ਟੀ ਐਕਟ ਵਿਚ ਕੀਤੇ ਗਏ ਬਦਲਾਵ ਤੋਂ ਬਾਅਦ ਐਸ.ਸੀ/ਐਸ.ਟੀ ਸਮਾਜ ਵਲੋਂ ਅੱਜ ਹੋਣ ਵਾਲੇ ਭਾਰਤ ਬੰਦ ਨੂੰ ਮੁਸਲਿਮ ਭਾਈਚਾਰੇ ਵਲੋਂ ਵੱਡਾ ਸਮਰਥਨ ਮਿਲਿਆ ਹੈ।
ਪਟਿਆਲਾ ਵਿਚ ਕਰਮਚਾਰੀ ਜਥੇਬੰਦੀਆਂ ਅਤੇ ਕਈ ਹੋਰ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਬਣਾਈ ਗਈ ਸੰਵਿਧਾਨ ਬਚਾਓ ਸੰਘਰਸ਼ ਕਮੇਟੀ, ਪੰਜਾਬ ਵਲੋਂ ਪਟਿਆਲਾ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਮੁਸਲਿਮ ਭਾਈਚਾਰਾ ਸੈਂਕੜਿਆਂ ਦੀ ਗਿਣਤੀ ਵਿਚ ਸ਼ਮੂਲੀਅਤ ਕਰੇਗਾ। ਇਸ ਸਬੰਧੀ ਮਿੰਨੀ ਸਕੱਤਰੇਤ ਵਿਖੇ ਹੋਈ ਮੀਟਿੰਗ ਵਿਚ ਬੋਲਦਿਆਂ ਐਡਵੋਕੇਟ ਮੂਸਾ ਖਾਨ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਰੇ ਧਰਮਾਂ ਦੇ ਸੂਰਬੀਰਾਂ ਨੇ ਆਪਣਾ ਯੋਗਦਾਨ ਪਾਇਆ ਹੈ। ਅੱਜ ਦੇਸ਼ ਦੀ ਸੱਤ੍ਹਾ ‘ਤੇ ਕਾਬਿਜ ਸਰਕਾਰਾਂ ਦੇਸ਼ ਨੂੰ ਇਕ ਧਾਰਮਿਕ ਰੰਗ ਵਿਚ ਰੰਗ ਕੇ ਬਾਕੀ ਭਾਈਚਾਰਿਆਂ ਨੂੰ ਖਤਮ ਕਰਨ ਦੀ ਸਾਜਿਸ਼ ਰਚ ਰਹੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐਡਵੋਕੇਟ ਮੂਸਾ ਖਾਨ ਨੇ ਕਿਹਾ ਕਿ ਪਟਿਆਲਾ ਦੇ ਨਾਲ ਨਾਲ ਪੰਜਾਬ ਭਰ ਵਿਚ ਅਲ ਮੁਸਲਿਮ ਏ ਪੰਜਾਬ ਵਲੋਂ ਐਸ.ਸੀ ਭਾਈਚਾਰੇ ਵਲੋਂ ਕੀਤੇ ਭਾਰਤ ਬੰਦ ਦਾ ਡਟਵਾਂ ਸਾਥ ਦਿੱਤਾ ਜਾਵੇਗਾ। ਉਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੁਪਰੀਮ ਕੋਰਟ ਵਲੋਂ ਐਸ.ਸੀ/ਐਸ.ਟੀ ਸਮਾਜ ਖਿਲਾਫ ਕੀਤੇ ਗਏ ਫੈਸਲੇ ਨੂੰ ਵਾਪਿਸ ਕਰਵਾਉਣ ਲਈ ਈਮਾਨਦਾਰੀ ਨਾਲ ਯਤਨ ਕਰੇ। ਇਸ ਮੌਕੇ ਗੱਲਬਾਤ ਕਰਦਿਆਂ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਡਾ. ਜਤਿੰਦਰ ਸਿੰਘ ਮੱਟੂ, ਜਸਵਿੰਦਰ ਸਿੰਘ ਚੱਪੜ, ਗੁਰਪ੍ਰੀਤ ਸਿੰਘ ਗੁਰੂ, ਹਰਬੰਸ ਸਿੰਘ ਗੁਰੂ, ਹਰਪਾਲ ਸਿੰਘ, ਡਾ. ਕਮਲਜੀਤ ਸਿੰਘ, ਜਰਨੈਲ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਦੇਸ਼ ਦੇ ਮੋਦੀ ਸਰਕਾਰ ਦਾ ਏਜੰਡਾ ਐਸ.ਸੀ/ਐਸ.ਟੀ, ਬੀ.ਸੀ, ਓ.ਬੀ.ਸੀ ਅਤੇ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਘੱਟ ਗਿਣਤੀਆਂ ਦੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਖਤਮ ਕਰਨਾ ਹੈ, ਇਸ ਲਈ ਇੰਨਾਂ ਸਾਰੇ ਵਰਗਾਂ ਨੂੰ ਇਕੱਠੇ ਮਿਲ ਕੇ ਕੇਂਦਰ ਸਰਕਾਰ ਦੇ ਇੰਨਾਂ ਲੋਕ ਮਾਰੂ ਫੈਸਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿਚ ਅਮਰੀਕ ਸਿੰਘ ਬੰਗੜ, ਅਵਤਾਰ ਸਿੰਘ ਕੈਂਥ, ਇੰਜਨੀਅਰ ਕੁਲਰਾਜ ਸਿੰਘ, ਪਰਮਜੀਤ ਸਿੰਘ, ਡਾ. ਗੁਰਚਰਨ ਸਿੰਘ, ਡਾ. ਕਮਲਜੀਤ ਸਿੰਘ, ਸਰਪੰਚ ਸਤਨਾਮ ਸਿੰਘ ਜੰਡ ਮਘੋਲੀ, ਮਾਸਟਰ ਹਰਵਿੰਦਰ ਸਿੰਘ, ਮਾਧੋ ਦਾਸ, ਅਨਿਲ ਕੁਮਾਰ, ਮੋਹਸਿਨ ਖਾਨ, ਫੂਲ ਹਸਨ, ਕਾਸਿਮ ਖਾਨ, ਜਾਵੇਦ ਖਾਨ, ਫਹਿਜਾਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਹਾਜਰ ਸਨ।

