ਮੇਅਰ ਦੀ ਰਿਹਾਇਸ਼ ‘ਤੇ ਰਿਕਾਰਡ ਖੰਘਾਲਣ ਮਗਰੋਂ ਸੀ.ਵੀ.ਓ. ਟੀਮ ਖਾਲੀ ਹੱਥ ਪਰਤੀ
ਰੈਨੋਵੇਸ਼ਨ, ਗਲੀਆਂ, ਸੜਕਾਂ ਦੇ ਕੰਮ ਬਿਨਾਂ ਟੈਂਡਰ ਤੋਂ ਕਰਵਾਉਣ ਦਾ ਮਾਮਲਾ ਗਰਮਾਇਆ
ਮੇਅਰ ਦੀ ਰਿਹਾਇਸ਼ ‘ਤੇ ਵਿਜੀਲੈਂਸ ਵੱਲੋਂ ਛਾਪੇਮਾਰੀ ਦੀ ਬਣੀ ਰਹੀ ਚਰਚਾ
ਪਟਿਆਲਾ 30 ਮਈ (ਕੰਵਰ ਬੇਦੀ) ਨਗਰ ਨਿਗਮ ਪਟਿਆਲਾ ਵੱਲੋਂ ਕੁਝ ਕੰਮ ਬਿਨਾਂ ਟੈਂਡਰ ਕਰਵਾਏ ਜਾਣ ਦਾ ਮਾਮਲਾ ਜੱਗ ਜ਼ਾਹਿਰ ਹੋਣ ਤੋਂ ਬਾਅਦ ਮਾਮਲੇ ਦੀ ਪੜਤਾਲ ਲਈ ਸਥਾਨਕ ਸਰਕਾਰਾਂ ਵਿਭਾਗ ਦੀ ਸੀ.ਵੀ.ਓ. ਟੀਮ ਅਚਨਚੇਤ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਰਿਹਾਇਸ਼ ਅਤੇ ਦਫਤਰ ਪੁੱਜੀ। ਦੂਜੇ ਪਾਸੇ ਸ਼ਹਿਰ ‘ਚ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਕੀਤੀ ਜਾਣ ਦੀ ਚਰਚਾ ਬਣੀ ਰਹੀ।
ਜਾਣਕਾਰੀ ਅਨੁਸਾਰ ਟੈਂਡਰਾਂ ਤੋਂ ਬਿਨਾਂ ਕੰਮ ਸ਼ੁਰੂ ਕਰਵਾਏ ਜਾਣ ਦੀ ਖ਼ਬਰ ਬਾਰੇ, ਜਦੋਂ ਲੋਕਲ ਬਾਡੀ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਵਿਭਾਗੀ ਟੀਮ ਚੰਡੀਗੜ੍ਹ ਤੋਂ ਪਟਿਆਲਾ ਰਵਾਨਾ ਕੀਤੀ। ਟੀਮ ਨੇ ਬਾਅਦ ਦੁਪਹਿਰ ਮੇਅਰ ਦੀ ਰਿਹਾਇਸ਼ ਅਤੇ ਨਿਗਮ ਦਫਤਰ ਪਹੁੰਚ ਕੇ ਸਾਰਾ ਰਿਕਾਰਡ ਖੰਘਾਲਿਆ ਜੋ ਬਰੰਗ ਪਰਤ ਗਏ। ਟੀਮ ‘ਚ ਐਕਸੀਅਨ ਰਣਜੀਤ ਸਿੰਘ, ਐਡੀਓ ਰਾਜੇਸ਼ ਸਿੰਗਲਾ ਆਦਿ ਸ਼ਾਮਲ ਸਨ। ਟੀਮ ਨੇ ਪੜਤਾਲ ‘ਚ ਵੇਖਿਆ ਕਿ ਚੱਲ ਰਹੇ ਕੰਮਾਂ ‘ਚ ਮੇਅਰ ਦੇ ਘਰ ਦੀ ਰੈਨੋਵੇਸ਼ਨ, ਗਲੀਆਂ, ਸੜਕਾਂ ਆਦਿ ਦੇ ਕੰਮ ਸ਼ਾਮਲ ਸਨ। ਟੀਮ ਨੇ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨਾਲ ਰਾਬਤਾ ਵੀ ਕਾਇਮ ਕੀਤਾ ਅਤੇ ਕੰਮਾਂ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ।
ਵਿਜੀਲੈਂਸ ਬਿਉਰੋ ਵੱਲੋਂ ਸੀ.ਵੀ.ਓ. ਦੀ ਟੀਮ ਨੇ ਕੀਤਾ ਸੀ ਦੌਰਾ
ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਨ੍ਹਾਂ ਖ਼ਬਰਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਕਿ ਵਿਜੀਲੈਂਸ ਬਿਉਰੋ ਵੱਲੋਂ ਨਗਰ ਨਿਗਮ ਪਟਿਆਲਾ ਦੇ ਮੇਅਰ ਨੂੰ ਅਲਾਟ ਹੋਏ ਸਰਕਾਰੀ ਘਰ ਸਮੇਤ ਕਈ ਥਾਵਾਂ ‘ਤੇ ਛਾਪਾਮਾਰੀ ਕੀਤੀ ਹੈ। ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਵਿਜੀਲੈਂਸ ਬਿਉਰੋ ਦਾ ਛਾਪਾ ਨਹੀਂ ਸੀ ਬਲਕਿ ਇਹ ਸਥਾਨਕ ਸਰਕਾਰਾਂ ਵਿਭਾਗ ਦੀ ਅੰਦਰੂਨੀ ਸੀ.ਵੀ.ਓ. ਦੀ ਟੀਮ ਵੱਲੋਂ ਕੀਤਾ ਗਿਆ ਦੌਰਾ ਸੀ, ਜੋ ਕਿ ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀ ਇੱਕ ਖ਼ਬਰ ਦੇ ਤੱਥਾਂ ਦਾ ਮੌਕਾ ਨਿਰੀਖਣ ਕਰਨ ਆਈ ਸੀ, ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਪਟਿਆਲਾ ਨਗਰ ਨਿਗਮ ਨੇ ਨਗਰ ਨਿਗਮ ਦੇ ਦਫ਼ਤਰ ਤੇ ਮੇਅਰ ਦੀ ਰਿਹਾਇਸ਼ ਸਮੇਤ 6 ਥਾਵਾਂ ‘ਤੇ ਕੰਮਾਂ ਨੂੰ ਕਰਵਾਉਣ ਤੋਂ ਬਾਅਦ ਟੈਂਡਰ ਪ੍ਰਕ੍ਰਿਆ ਮੁਕੰਮਲ ਕੀਤੀ ਸੀ। ਸ. ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਸਬੰਧੀਂ ਪਹਿਲਾਂ ਹੀ ਇੰਜੀਨੀਅਰ ਬ੍ਰਾਂਚ ਤੋਂ ਲਿਖਤੀ ਰਿਪੋਰਟ ਮੰਗੀ ਹੋਈ ਹੈ।ਨਗਰ ਨਿਗਮ ਦੀ ਇੰਜੀਨੀਅਰ ਬ੍ਰਾਂਚ ਦੇ ਐਕਸੀਐਨ ਹੈਡਕੁਆਰਟਰ ਇੰਜ. ਐਮ.ਐਮ. ਸਿਆਲ ਨੇ ਇਸ ਮਾਮਲੇ ਬਾਰੇ ਸਪੱਸ਼ਟ ਕੀਤਾ ਕਿ ਜ਼ਿਨ੍ਹਾਂ 6 ਕੰਮਾਂ ਦਾ ਖ਼ਬਰ ਵਿੱਚ ਜਿਕਰ ਕੀਤਾ ਗਿਆ ਹੈ, ਉਹ ਹਾਲੇ ਤੱਕ ਸ਼ੁਰੂ ਨਹੀਂ ਕੀਤੇ ਗਏ।
ਸ਼ਹਿਰ ਦੇ ਮੇਅਰ ਬਿੱਟੂ ਦੀ ਰਿਹਾਇਸ਼ ‘ਤੇ ਨਿਗਮ ਦੀ ਹੀ ਲੋਕਲ ਬਾਡੀ ਟੀਮ ਨੇ ਕੀਤੀ ਚੈਕਿੰਗ
ਮੇਅਰ ਵੱਲੋਂ ਸਰਕਾਰੀ ਰਿਹਾਇਸ਼ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਸੱਦੀ ਗਈ ਸੀ ਟੀਮ : ਵਿਜੈ ਕੁਮਾਰ ਕੂਕਾ
ਸ਼ਹਿਰ ਦੇ ਮੇਅਰ ਸੰਜੀਵ ਬਿੱਟੂ ਦੀ ਸਰਕਾਰੀ ਰਿਹਾਇਸ਼ੀ ‘ਤੇ ਵਿਜੀਲੈਂਸ ਵੱਲੋਂ ਕੀਤੀ ਗਈ ਛਾਪੇਮਾਰੀ ਦੀ ਖ਼ਬਰ ਨਿਰਾਧਾਰ ਹੈ, ਜਦਕਿ ਸ਼ੋਸ਼ਲ ਮੀਡੀਏ ‘ਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਜੀਲੈਂਸ ਦੀ ਟੀਮ ਵੱਲੋਂ ਮੇਅਰ ਦੇ ਘਰ ਛਾਪੇਮਾਰੀ ਕੀਤੀ ਗਈ ਹੈ, ਜਦਕਿ ਇਹ ਨਿਗਮ ਦੀ ਲੋਕਲ ਬਾਡੀ ਵਿਜੀਲੈਂਸ ਟੀਮ ਹੈ, ਜੋ ਮੇਅਰ ਦੀ ਸਰਕਾਰੀ ਰਿਹਾਇਸ਼ ਨੂੰ ਰੈਨੋਵੇਟ ਕਰਨ ਲਈ ਲਗਾਏ ਹੋਏ ਟੈਂਡਰਾਂ ਦੀ ਪੜਤਾਲ ਕਰਨ ਪੁੱਜੀ ਸੀ ਅਤੇ ਲਗਾਏ ਟੈਂਡਰਾਂ ਸਬੰਧੀ ਟੀਮ ਨੂੰ ਮੇਅਰ ਸੰਜੀਵ ਕੁਮਾਰ ਬਿੱਟੂ ਵੱਲੋਂ ਹੀ ਬੁਲਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸੀਨੀਅਰ ਕਾਂਗਰਸੀ ਅਤੇ ਕੌਂਸਲਰ ਵਿਜੈ ਕੁਮਾਰ ਕੂਕਾ ਨੇ ਦਿੱਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਮੇਅਰ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਕਿ ਕੋਈ ਵੀ ਮੇਅਰ ਆਪਣੀ ਸਰਕਾਰੀ ਰਿਹਾਇਸ਼ੀ ਨੂੰ ਨਵੀਂ ਦਿੱਖ ਪ੍ਰਦਾਨ ਕਰਵਾ ਸਕਦਾ, ਜਿਸ ਲਈ ਟੈਂਡਰ ਲੱਗਾ ਹੋਇਆ ਹੈ, ਜਿਸ ਦੀ ਸ਼ਹਿਰੀ ਮੇਅਰ ਵੱਲੋਂ ਖੁਦ ਹੀ ਲੋਕਲ ਬਾਡੀ ਵਿਜੀਲੈਂਸ ਟੀਮ ਬੁਲਾ ਕੇ ਚੈਂਕਿੰਗ ਕਰਵਾਈ ਗਈ ਹੈ।

