ਪੰਜਾਬਪਟਿਆਲਾ

ਕੇਂਦਰ ਸਰਕਾਰ ਵੱਲੋਂ ਲੰਗਰਾਂ ‘ਤੇ ਜੀ.ਐਸ. ਟੀ. ਲਗਾਉਣਾ ਮੰਦਭਾਗਾ ਫੈਸਲਾ ਸੀ : ਪ੍ਰੋ. ਬਡੂੰਗਰ

ਕੇਂਦਰ ਵੱਲੋਂ ਲੰਗਰਾਂ ਨੂੰ ਜੀ.ਐਸ.ਟੀ. ਮੁਕਤ ਕਰਨਾ ਸ਼ਲਾਘਾਯੋਗ ਕਦਮ
ਸ਼੍ਰੋਮਣੀ ਕਮੇਟੀ ਵੱਲੋਂ ਜਮਾਂ ਅਦਾਇਗੀ ਰਾਸ਼ੀ ਸਰਕਾਰ ਜਲਦ ਜਮਾਂ ਕਰਵਾਏ : ਪ੍ਰੋ. ਬਡੂੰਗਰ
ਪਟਿਆਲਾ 1 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਲੰਗਰਾਂ ਤੋਂ ਜੀ.ਐਸ.ਟੀ.ਹਟਾਏ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘ਦੇਰ ਆਏ ਦਰੁਸਤ ਆਏ’, ਕੇਂਦਰ ਸਰਕਾਰ ਵੱਲੋਂ ਲੰਗਰਾਂ ਨੂੰ ਜੀ.ਐਸ.ਟੀ. ਤੋਂ ਮੁਕਤ ਕੀਤੇ ਜਾਣ ਦਾ ਫੈਸਲਾ ਸ਼ਲਾਘਾਯੋਗ ਹੈ। ਪ੍ਰੋ. ਬਡੂੰਗਰ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਟੈਕਸ ਦੇ ਰੂਪ ‘ਚ ਜੋ ਅਦਾਇਗੀ ਰਾਸ਼ੀ ਦਿੱਤੀ ਗਈ ਉਹ ਵੀ ਕੇਂਦਰ ਸਰਕਾਰ ਨੂੰ ਜਲਦ ਵਾਪਸ ਜਮਾਂ ਕਰਵਾ ਦੇਣੀ ਚਾਹੀਦੀ ਹੈ।

ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੰਗਰਾਂ ਤੋਂ ਜੀ.ਐਸ.ਟੀ. ਹਟਾਇਆ ਜਾਣਾ ਸਵਾਗਤਯੋਗ ਕਦਮ ਹੈ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਲੰਗਰਾਂ ‘ਤੇ ਜੀ.ਐਸ. ਟੀ. ਲਗਾਇਆ ਹੀ ਨਹੀਂ ਸੀ ਜਾਣਾ ਚਾਹੀਦਾ, ਜੋ ਕੇਂਦਰ ਸਰਕਾਰ ਦਾ ਮੰਦਭਾਗਾ ਫੈਸਲਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੀ.ਐਸ.ਟੀ. ਹਟਾਏ ਜਾਣ ਦੀ ਮੰਗ ਨੂੰ ਲੈ ਕੇ ਕਈ ਵਾਰ ਚਿੱਠੀ ਪੱਤਰਾਂ ਰਾਹੀਂ ਅਪੀਲ ਕੀਤੀ ਗਈ ਅਤੇ ਜੀ.ਐਸ.ਟੀ ਕੌਂਸਲ ਦੀ ਮੀਟਿੰਗ ‘ਚ ਸਮੀਖਿਆ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਤੱਕ ਪਹੁੰਚ ਕੀਤੀ ਗਈ ਸੀ, ਅੱਜ ਦੇਰ ਬਾਦ ਫੈਸਲਾ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਵੱਡੀ ਸਫਲਤਾ ਮਿਲੀ ਹੈ।
ਸਾਬਕਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਜਿਥੇ ਕੇਂਦਰ ਸਰਕਾਰ ਵੱਲੋਂ ਲੰਗਰਾਂ ਤੋਂ ਜੀ.ਐਸ.ਟੀ. ਹਟਾਇਆ ਲਿਆ ਗਿਆ ਹੈ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਜੀ.ਐਸ.ਟੀ. ਟੈਕਸ ਦੇ ਰੂਪ ਵਿਚ ਕੇਂਦਰ ਸਰਕਾਰ ਨੂੰ ਤਿੰਨ ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਰਾਸ਼ੀ ਦਿੱਤੀ ਗਈ ਹੈ, ਜੋ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਭਲਾਈ ਕਾਰਜਾਂ ‘ਚ ਰਾਸ਼ੀ ਨੂੰ ਵਰਤਿਆ ਜਾ ਸਕੇ।
ਪ੍ਰੋ. ਬਡੂੰਗਰ ਨੇ ਕਿਹਾ ਕਿ ਜੀ.ਐਸ.ਟੀ. ਹਟਾਉਣ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਸ ਮੰਗ ਨੂੰ ਵਾਰ-ਵਾਰ ਉਠਾਇਆ, ਜਿਨ੍ਹਾਂ ਵੱਲੋਂ ਕੀਤੇ ਯਤਨ ਵੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਧਾਰਮਿਕ ਅਸਥਾਨਾਂ ਤੋਂ ਜੀ.ਐਸ.ਟੀ. ਹਟਾ ਲੈਣਾ ਕੇਂਦਰ ਸਰਕਾਰ ਦਾ ਸਵਾਗਤਯੋਗ ਕਦਮ ਹੈ।
ਕੈਪਸ਼ਨ : ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ।

Leave a Reply

Your email address will not be published. Required fields are marked *