ਪਟਿਆਲਾ

ਨਿਰਧਾਰਤ ਟੀਚਿਆਂ ਮੁਤਾਬਕ ਕਾਰਗੁਜ਼ਾਰੀ ਨਾ ਦਿਖਾਉਣ ਵਾਲੇ ਅਧਿਕਾਰੀਆਂ ਦੀ ਸਾਲਾਨਾ ਗੁਪਤ ਰਿਪੋਰਟ ‘ਚ ਕਥਨ ਹੋਵੇਗਾ ਦਰਜ-ਡਿਪਟੀ ਕਮਿਸ਼ਨਰ

ਮਿਸ਼ਨ ਤੰਦਰੁਸਤ ਪੰਜਾਬ ਦੀ ਸਮੀਖਿਆ, ਵਿਭਾਗੀ ਅਧਿਕਾਰੀਆਂ ਨੂੰ ਟੀਚੇ ਪੂਰੇ ਕਰਨ ਦੇ ਆਦੇਸ਼
ਪਟਿਆਲਾ, 18 ਜੂਨ (ਮਧੂਸਾਰ ਬਿਊਰੋ) ਜ਼ਿਲ੍ਹਾ ਨਿਵਾਸੀਆਂ ਦੀ ਨਰੋਈ ਸਿਹਤ ਲਈ ਸਾਫ਼ ਤੇ ਸ਼ੁੱਧ ਪੌਣ-ਪਾਣੀ ਸਮੇਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਹੋਰ ਗੰਭੀਰ ਹੋਣ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਮਿਥੇ ਟੀਚਿਆਂ ਮੁਤਾਬਕ ਕਾਰਗ਼ੁਜ਼ਾਰੀ ਨਾ ਦਿਖਾਉਣ ਵਾਲੇ ਅਧਿਕਾਰੀਆਂ ਦੀ ਸਾਲਾਨਾ ਰਿਪੋਰਟ ‘ਚ ਕਥਨ ਦਰਜ ਕੀਤਾ ਜਾਵੇਗਾ।

ਸ੍ਰੀ ਕੁਮਾਰ ਅਮਿਤ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਦੇਸ਼ ਦਾ ਸਿਹਤਮੰਦ ਸੂਬਾ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੇ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਦੋ ਹਫ਼ਤਿਆਂ ਦੌਰਾਨ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਮਿਸ਼ਨ ‘ਤੰਦਰੁਸਤ ਪੰਜਾਬ’ ਨੂੰ ਪਟਿਆਲਾ ਜ਼ਿਲ੍ਹੇ ‘ਚ ਪੂਰੀ ਤਰ੍ਹਾਂ ਸਫ਼ਲ ਬਨਾਉਣ ਲਈ ਇਸ ਮਿਸ਼ਨ ਨਾਲ ਸਿੱਧੇ ਤੌਰ ‘ਤੇ ਜੋੜੇ ਗਏ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਰਕਾਰ ਦੀਆਂ ਭਲਾਈ ਤੇ ਵਿਕਾਸ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਆਦੇਸ਼ ਵੀ ਦਿੱਤੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਪ੍ਰਗਤੀ ਰਿਪੋਰਟ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ ਦੇ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ‘ਚ ਸਥਿਤ ਐਮ.ਏ. ਸ਼ਾਖਾ ਤੱਕ ਰੋਜ਼ਾਨਾ ਪੁੱਜਦੀ ਕਰਨੀ ਯਕੀਨੀ ਬਨਾਉਣ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਹਰ ਵਿਭਾਗ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਚੁਸਤ ਹੋਣ ਅਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਭੇਜੇ ਗਏ ਪ੍ਰੋਫ਼ਾਰਮੇ ਨੂੰ ਭਰ ਕੇ ਰਿਪੋਰਟ ਕਰਨ ਤਾਂ ਕਿ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜੇ। ਉਨ੍ਹਾਂ ਕਿਹਾ ਕਿ ਅਧਿਕਾਰੀ ਲੋਕਾਂ ਨੂੰ ਜਾਗਰੂਕ ਕਰਨ ਕਿ ਉਹ ਆਪਣੇ ਆਲੇ-ਦੁਆਲੇ ‘ਚ ਆਪਣੇ ਘਰ ਵਰਗਾ ਵਾਤਾਵਰਣ ਸਿਰਜਣ ਲਈ ਜਿੱਥੇ ਖ਼ੁਦ ਜਿੰਮੇਵਾਰੀ ਨਿਭਾਉਣ ਉਥੇ ਹੀ ਸਰਕਾਰੀ ਯਤਨਾਂ ਦਾ ਵੀ ਭਰਪੂਰ ਸਾਥ ਦੇਣ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਨਿਗਰਾਨੀ ਕਰ ਰਹੇ ਹਨ ਇਸ ਲਈ ਇਸ ਮਿਸ਼ਨ ਦੀ ਕਾਮਯਾਬੀ ਲਈ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਸਿਹਤ ਵਿਭਾਗ, ਫੂਡ ਸੇਫ਼ਟੀ, ਜਲ ਸਪਲਾਈ ਤੇ ਜਨ ਸਿਹਤ, ਸੀਵਰੇਜ, ਨਗਰ ਨਿਗਮ, ਸਥਾਨਕ ਸਰਕਾਰਾਂ, ਖੇਤੀਬਾੜੀ, ਬਾਗਬਾਨੀ, ਮੱਛੀ ਪਾਲਣ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ, ਜੰਗਲਾਤ, ਖੇਡ, ਯੁਵਾ ਮਾਮਲੇ, ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ, ਪੁਲਿਸ ਸਮੇਤ ਹੋਰ ਸਬੰਧਤ ਵਿਭਾਗਾਂ ਨੂੰ ਆਪਣੇ ਮਿਥੇ ਟੀਚੇ ਪੂਰੇ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਮੌਜੂਦ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ ਨੇ ਹਦਾਇਤ ਕੀਤੀ ਕਿ ਹਰੇਕ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀਆਂ ਜਾਣ ਵਾਲੀਆਂ ਗਤੀ ਵਿਧੀਆਂ ਬਾਰੇ ਆਪਣੇ ਤਿਆਰ ਕੀਤੇ ਹਫ਼ਤਾਵਾਰੀ ਕੈਲੰਡਰ ਮੁਤਾਬਕ ਆਪਣੇ ਵਿਭਾਗਾਂ ਦੀਆਂ ਸਕੀਮਾਂ ਤਹਿਤ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਤੋਂ ਬਿਨ੍ਹਾਂ ਹਰ ਵਿਭਾਗ ਖਾਲੀ ਥਾਵਾਂ ਦੀ ਪਛਾਣ ਕਰਕੇ ਬੂਟੇ ਲਾਏ ਜਾਣ ਤੇ ਇਨ੍ਹਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ।
ਮੀਟਿੰਗ ਵਿੱਚ ਪੁੱਡਾ ਤੋਂ ਮੈਡਮ ਅਨੁਪ੍ਰਿਤਾ ਜੌਹਲ, ਐਸ.ਡੀ.ਐਮ ਪਟਿਆਲਾ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਨਾਭਾ ਜ਼ਸਨਦੀਪ ਕੌਰ, ਐਸ.ਡੀ.ਐਮ ਪਾਤੜਾਂ ਕਾਲਾ ਰਾਮ ਕਾਂਸਲ, ਐਸ.ਡੀ.ਐਮ ਸਮਾਣਾ ਅਰਵਿੰਦਰ ਕੁਮਾਰ, ਐਸ.ਡੀ.ਐਮ. ਰਾਜਪੁਰਾ ਸੰਜੀਵ ਬਾਂਸਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮਿਸ ਇਨਾਯਤ, ਡੀ.ਐਸ.ਪੀ. ਸਥਾਨਕ ਸਤਪਾਲ ਸ਼ਰਮਾ, ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ ਐਸ.ਐਸ ਮਠਾੜੂ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਕਾਰਜਕਾਰੀ ਅਫ਼ਸਰ ਚਰਨਜੋਤ ਸਿੰਘ ਵਾਲੀਆ, ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ, ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਸਮੇਤ ਵੱਡੀ ਗਿਣਤੀ ਵਿੱਚ ਹੋਰਨਾਂ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *