ਪੁਰਖਿਆਂ ਦੀ ਮਾਤ-ਭੂਮੀ ਨੂੰ ਸਿਜਦਾ ਕਰਨ ਆਉਣਗੇ ਬਰਤਾਨੀਆ ‘ਚ ਵਸਦੇ ਪੰਜਾਬੀ ਨੌਜਵਾਨ
ਚੰਡੀਗੜ•, 25 ਜੂਨ (ਮਧੂਸਾਰ ਬਿਊਰੋ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀ ਮਾਤ-ਭੂਮੀ ਨਾਲ ਜੋੜਨ ਲਈ ਸ਼ੁਰੂ ਕੀਤੀ ‘ਆਪਣੀਆਂ ਜੜ•ਾਂ ਨਾਲ ਜੁੜੋ’ ਸਕੀਮ ਤਹਿਤ ਬਰਤਾਨੀਆ ਤੋਂ ਐਨ.ਆਰ.ਆਈ. ਨੌਜਵਾਨਾਂ ਦਾ ਪਹਿਲਾ ਬੈਚ 6 ਅਗਸਤ ਤੋਂ 17 ਅਗਸਤ, 2018 ਤੱਕ ਪੰਜਾਬ ਦੀ ਫੇਰੀ ‘ਤੇ ਆਵੇਗਾ।
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐਨ.ਆਰ.ਆਈ. ਮਾਮਲਿਆਂ ਦੇ ਐਸ.ਆਰ. ਲੱਧੜ ਨੇ ਦੱਸਿਆ ਕਿ ਇਹ ਬੈਚ 16 ਤੋਂ 22 ਸਾਲ ਦੀ ਉਮਰ ਵਾਲੇ 10 ਲੜਕੇ-ਲੜਕੀਆਂ ‘ਤੇ ਅਧਾਰਿਤ ਹੋਵੇਗਾ। ਉਨ•ਾਂ ਕਿਹਾ ਕਿ ਇਸ ਸਕੀਮ ਤਹਿਤ ਪਹਿਲੀ ਵਾਰ ਪੰਜਾਬ ਆਉਣ ਵਾਲੇ ਨੌਜਵਾਨਾਂ ਨੂੰ ਤਰਜੀਹ ਹੈ, ਹਾਲਾਂਕਿ ਪਹਿਲਾਂ ਪੰਜਾਬ ਆ ਚੁੱਕੇ ਨੌਜਵਾਨ ਵੀ ਇਸ ਦਾ ਹਿੱਸਾ ਬਣ ਸਕਦੇ ਹਨ। ਉਨ•ਾਂ ਦੱਸਿਆ ਕਿ ਇਨ•ਾਂ ਨੌਜਵਾਨਾਂ ਦੇ ਆਉਣ-ਜਾਣ ਅਤੇ ਰਹਿਣ-ਸਹਿਣ ਦਾ ਸਾਰਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ।
ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ‘ਆਪਣੀਆਂ ਜੜ•ਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ ਬਰਤਾਨੀਆ ਅਧਾਰਿਤ ਐਨ.ਆਰ.ਆਈ. ਵਰਿੰਦਰ ਸਿੰਘ ਖੇੜਾ ਨੂੰ ਸਥਾਨਕ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਜੋ ਪੰਜਾਬ ਆਉਣ ਵਾਲੇ ਨੌਜਵਾਨਾਂ ਦੇ ਗਰੁੱਪ ਅਤੇ ਸੂਬੇ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਵਿਭਾਗ ਦਰਮਿਆਨ ਤਾਲਮੇਲ ਬਿਠਾਉਣਗੇ। ਉਨ•ਾਂ ਦੱਸਿਆ ਕਿ ਸ੍ਰੀ ਖੇੜਾ ਨੂੰ ਪੰਜਾਬ ਆਉਣ ਵਾਲੇ ਨੌਜਵਾਨਾਂ ਬਾਰੇ ਸਮੁੱਚੀ ਜਾਣਕਾਰੀ 30 ਜੂਨ ਤੱਕ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।
ਸ੍ਰੀ ਲੱਧੜ ਨੇ ਦੱਸਿਆ ਕਿ ਪੰਜਾਬ ਆਉਣ ਵਾਲੇ ਐਨ.ਆਰ.ਆਈ. ਨੌਜਵਾਨ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਜਲਿ•ਆਂ ਵਾਲਾ ਬਾਗ, ਵਾਹਘਾ ਬਾਰਡਰ, ਜੰਗੀ ਯਾਦਗਾਰ, ਜੰਗ-ਏ-ਆਜ਼ਾਦੀ ਕਰਤਾਰਪੁਰ (ਜਲੰਧਰ), ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਬੰਗਾ, ਖਾਲਸਾ ਵਿਰਾਸਤ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ, ਪੰਜਾਬ ਸਿਵਲ ਸਕੱਤਰੇਤ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਵੀ ਜਾਣਗੇ।
ਪ੍ਰਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਇਹ ਨੌਜਵਾਨ ਇਕ ਜਾਂ ਦੋ ਦਿਨ ਆਪਣੇ ਪੁਰਖਿਆਂ ਦੇ ਪਿੰਡ ਵਿੱਚ ਬਿਤਾਉਣਗੇ ਅਤੇ 15 ਅਗਸਤ ਨੂੰ ਸਬੰਧਤ ਜ਼ਿਲ•ਾ ਹੈੱਡਕੁਆਰਟਰਾਂ ‘ਤੇ ਆਜ਼ਾਦੀ ਦਿਹਾੜੇ ‘ਤੇ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੇ। ਉਨ•ਾਂ ਦੱਸਿਆ ਕਿ ਇਹ ਨੌਜਵਾਨ ਪੰਜਾਬ ਦੇ ਰਵਾਇਤੀ ਤੇ ਲਜ਼ੀਜ਼ ਖਾਣੇ ਖਾਣੇ ਦਾ ਆਨੰਦ ਲੈਣਗੇ। ਉਨ•ਾਂ ਕਿਹਾ ਕਿ ਸਮੇਂ ਦੀ ਨਜ਼ਾਕਤ ਮੁਤਾਬਕ ਇਨ•ਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਭਾਖੜਾ ਡੈਮ ਨੰਗਲ ਅਤੇ ਸੂਬੇ ਦੇ ਇਕ ਜਾਂ ਦੋ ਸਨਅਤੀ ਯੂਨਿਟਾਂ ਵਿੱਚ ਵੀ ਲਿਜਾਇਆ ਜਾਵੇਗਾ।
ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ, 2017 ਨੂੰ ਲੰਡਨ (ਇੰਗਲੈਂਡ) ਤੋਂ ‘ਆਪਣੀਆਂ ਜੜ•ਾਂ ਨਾਲ ਜੁੜੋ’ ਨਾਂ ਹੇਠ ਨਿਵੇਕਲੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜਿੱਥੇ ਉਨ•ਾਂ ਨੇ ਨੌਜਵਾਨ ਲੜਕੇ- ਲੜਕੀਆਂ ਖਾਸ ਕਰਕੇ ਕਦੇ ਵੀ ਭਾਰਤ ਨਾਲ ਆਉਣ ਵਾਲੇ ਨੌਜਵਾਨਾਂ ਨੂੰ ਦੋ ਹਫ਼ਤਿਆਂ ਦੇ ਪ੍ਰੋਗਰਾਮ ਤਹਿਤ ਪੰਜਾਬ ਆਉਣ ਦਾ ਸੱਦਾ ਦਿੱਤਾ ਸੀ ਜਿਸ ਨਾਲ ਉਨ•ਾਂ ਨੂੰ ਪੁਰਖਿਆਂ ਦੀ ਭੂਮੀ ਨਾਲ ਜੁੜਨ ਦਾ ਮੌਕਾ ਹਾਸਲ ਹੋਵੇਗਾ।

