ਪੰਜਾਬ

ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਚੌਕਸ ਰਹਿਣ ਅਧਿਕਾਰੀ, ਮੰਤਰੀ ਵੱਲੋਂ ਆਦੇਸ਼

ਹੜ੍ਹ ਰੋਕੂ ਕੰਮਾਂ ਅਤੇ ਡਰੇਨਾਂ ਦੀ ਸਫਾਈ ਲਈ 25 ਕਰੋੜ ਰੁਪਏ ਦੇ ਫੰਡ ਰਾਖਵੇਂ
9.70 ਕਰੋੜ ਰੁਪਏ ਦੇ ਵਾਧੂ ਫੰਡ ਮੌਨਸੂਨ ਸੀਜ਼ਨ ਦੌਰਾਨ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਰੱਖੇ
ਸਾਰੇ ਜ਼ਿਲ੍ਹਿਆਂ ਅਤੇ ਤਹਿਸੀਲ ਪੱਧਰ ‘ਤੇ 24 ਘੰਟੇ ਚੱਲਣ ਵਾਲੇ ‘ਫੱਲਡ ਕੰਟਰੋਲ ਰੂਮ’ ਸਥਾਪਿਤ
ਕੋਈ ਵੀ ਅਧਿਕਾਰੀ/ਕਰਮਚਾਰੀ ਸਮੱਰਥ ਅਥਾਰਟੀ ਦੀ ਮਨਜ਼ੂਰੀ ਬਿਨਾਂ ਹੈੱਡ ਕੁਆਟਰ ਨਹੀਂ ਛੱਡ ਸਕੇਗਾ
ਚੰਡੀਗੜ੍ਹ, 28 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਆਗਾਮੀ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਨਸੂਨ ਸੀਜ਼ਨ ਦੌਰਾਨ ਪੂਰੀ ਚੌਕਸੀ ਵਰਤਣ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ 8 ਮਈ ਨੂੰ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਹੜ੍ਹ ਰੋਕੂ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ਹਦਾਇਤ ਕੀਤੀ ਸੀ ਕਿ ਅਗਲੇ ਸਾਲ ਤੋਂ ਅਜਿਹੀ ਮੀਟਿੰਗ ਹਰ ਹਾਲ ਵਿਚ ਫਰਵਰੀ ਮਹੀਨੇ ਤੱਕ ਕਰ ਲਈ ਜਾਇਆ ਕਰੇ ਤਾਂ ਜੋ ਹੜ੍ਹਾਂ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਸਮੇਂ ਸਿਰ ਕਰ ਲਏ ਜਾਣ। ਇੱਥੋਂ ਜਾਰੀ ਇਕ ਬਿਆਨ ਵਿਚ ਸ੍ਰੀ ਸਰਕਾਰੀਆ ਨੇ ਭਰੋਸਾ ਦਿੱਤਾ ਕਿ ਜਲ ਸਰੋਤ ਵਿਭਾਗ ਅਤੇ ਮਾਲ ਵਿਭਾਗ ਹੜ੍ਹਾਂ ਦੀ ਰੋਕਥਾਮ ਲਈ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜੇਕਰ ਕੋਈ ਅਧਿਕਾਰੀ/ਕਰਮਚਾਰੀ ਕਿਸੇ ਪ੍ਰਕਾਰ ਦੀ ਕੋਤਾਹੀ ਕਰਦਾ ਫੜ੍ਹਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬਾ ਪੱਧਰੀ ਹੜ੍ਹ ਰੋਕੂ ਬੋਰਡ ਦੀ ਮੀਟਿੰਗ ਵਿਚ ਅਤਿ ਜ਼ਰੂਰੀ ਹੜ੍ਹ ਰੋਕੂ ਕੰਮਾਂ ਅਤੇ ਡਰੇਨਾਂ ਦੀ ਸਫਾਈ ਲਈ 25 ਕਰੋੜ ਰੁਪਏ ਦੇ ਫੰਡਾਂ ਦੀ ਮਨਜ਼ੂਰੀ ਜਾਰੀ ਕੀਤੀ ਗਈ ਸੀ, ਜਿਸ ਅਨੁਸਾਰ ਕਾਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਪ੍ਰਤੀ ਜ਼ਿਲ੍ਹਾ 60 ਲੱਖ ਰੁਪਏ ਅਤੇ ਘੱਟ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ 25 ਲੱਖ ਰੁਪਏ ਪ੍ਰਤੀ ਜ਼ਿਲ੍ਹੇ ਦੇ ਹਿਸਾਬ ਨਾਲ ਕੁੱਲ 9.70 ਕਰੋੜ ਰੁਪਏ ਦੇ ਵਾਧੂ ਫੰਡ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਜਾਰੀ ਕੀਤੇ ਜਾ ਰਹੇ ਹਨ। ਹੰਗਾਮੀ ਹਾਲਾਤਾਂ ਵਿੱਚ ਇਨ੍ਹਾਂ ਫੰਡਾਂ ਦੀ ਵਰਤੋਂ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵਿਭਾਗ ਕੋਲ 45 ਵਿਭਾਗੀ ਮਸ਼ੀਨਾਂ ਚਾਲੂ ਹਾਲਤ ਵਿੱਚ ਉਪਲੱਬਧ ਹਨ ਜਿਨ੍ਹਾਂ ਦੀ ਤੈਨਾਤੀ ਵੱਖ-ਵੱਖ ਥਾਵਾਂ ‘ਤੇ ਡਰੇਨਾਂ ਦੀ ਸਫਾਈ ਆਦਿ ਲਈ ਕਰ ਦਿੱਤੀ ਗਈ ਹੈ ਅਤੇ ਕੰਮ ਚੱਲ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਤਹਿਸੀਲ ਪੱਧਰ ‘ਤੇ 24 ਘੰਟੇ ਚੱਲਣ ਵਾਲੇ ‘ਫੱਲਡ ਕੰਟਰੋਲ ਰੂਮ’ ਸਥਾਪਿਤ ਕਰ ਦਿੱਤੇ ਗਏ ਹਨ। ਜਿਨ੍ਹਾਂ ਦਾ ਸੰਪਰਕ ਰਾਜ ਪੱਧਰ ‘ਤੇ ‘ਸਟੇਟ ਫਲੱਡ ਕੰਟਰੋਲ ਰੂਮ’ ਮੁੱਖ ਦਫਤਰ, ਜਲ ਸਰੋਤ ਵਿਭਾਗ, ਸੈਕਟਰ 18 ਅਤੇ ਸਿਵਲ ਸਕੱਤਰੇਤ ਪੰਜਾਬ ਵਿਖੇ ਸਥਾਪਿਤ ਫਲੱਡ ਕੰਟਰੋਲ ਰੂਮ ਨਾਲ ਹੈ। ਬੁਲਾਰੇ ਅਨੁਸਾਰ ਕਿਸੇ ਵੀ ਕਿਸਮ ਦੀ ਹੰਗਾਮੀ ਹਾਲਤ ਵਿੱਚ ਜਿਵੇਂ ਕਿ ਭਾਰੀ ਬਾਰਿਸ਼ ਕਾਰਨ ਜਾਂ ਡੈਮਾਂ ਤੋਂ ਛੱਡੇ ਜਾਣ ਵਾਲੇ ਵਾਧੂ ਪਾਣੀ ਸਬੰਧੀ ਆਮ ਲੋਕਾਂ ਨੂੰ ਸੂਚਿਤ ਕਰਨ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਸਮੱਰਥ ਅਥਾਰਟੀ ਦੀ ਮਨਜ਼ੂਰੀ ਬਿਨਾਂ ਹੈੱਡ ਕੁਆਟਰ ਨਹੀਂ ਛੱਡ ਸਕੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਮੌਨਸੂਨ ਸੀਜ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੀ ਜਾਨ-ਮਾਲ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਵੇਗੀ।

Leave a Reply

Your email address will not be published. Required fields are marked *