ਲਾਭਪਾਤਰੀਆਂ ਦੀ ਪਾਤਰਤਾ ਅਨੁਸਾਰ ਰਾਸ਼ਨ ਦੀ ਸਹੀ ਵੰਡ ਨੂੰ ਯਕੀਨੀ ਬਨਾਉਣਗੀਆਂ ਈ-ਪੌਸ ਮਸ਼ੀਨਾਂ
ਪਟਿਆਲਾ ਜ਼ਿਲ੍ਹੇ ‘ਚ 78 ਈ-ਪੌਸ ਮਸ਼ੀਨਾਂ ਪੁੱਜੀਆਂ, 25 ਹਜ਼ਾਰ 645.92 ਮੀਟ੍ਰਿਕ ਟਨ ਵੰਡਿਆ ਜਾਵੇਗਾ ਅਨਾਜ
ਪਾਰਦਰਸ਼ੀ ਢੰਗ ਨਾਲ ਮਿਲੇਗਾ 2.12 ਲੱਖ ਲਾਭਪਾਤਰੀ ਪਰਿਵਾਰਾਂ ਨੂੰ ਅਨਾਜ-ਕੁਮਾਰ ਅਮਿਤ
ਪਟਿਆਲਾ, 28 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਟਾ ਦਾਲ ਸਕੀਮ ਲਈ ਪੁਰਾਣੇ ਨੀਲੇ ਕਾਰਡਾਂ ਨੂੰ ਰੱਦ ਕਰਨ ਦੇ ਲਏ ਫੈਸਲੇ ਬਾਅਦ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਰਾਹੀਂ ਸਮਾਰਟ ਕਾਰਡ ਜਾਰੀ ਕੀਤੇ ਜਾਣ ਮਗਰੋਂ ਹੁਣ ਯੋਗ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਈ ਪੌਸ (ਇਲੈਕਟ੍ਰੋਨਿਕ ਪੁਆਇੰਟ ਆਫ਼ ਸੇਲ) ਮਸ਼ੀਨਾਂ ਰਾਹੀਂ ਕੀਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਲਈ 78 ਈ-ਪੋਸ ਮਸ਼ੀਨਾਂ ਪੁੱਜ ਗਈਆਂ ਹਨ, ਜ਼ਿਨ੍ਹਾਂ ਨਾਲ ਜ਼ਿਲ੍ਹੇ ਦੇ 2 ਲੱਖ 12 ਹਜ਼ਾਰ ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨਾਲ ਰਾਸ਼ਨ ਦੀ ਵੰਡ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਆਉਣ ਨਾਲ ‘ਸਮਾਰਟ ਕਾਰਡ’ ਰਾਸ਼ਨ ਵੰਡ ਸਕੀਮ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਹੀ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਪਗ 2.12 ਲੱਖ ਲਾਭਪਾਤਰੀ ਪਰਿਵਾਰਾਂ ਦੇ ਕਰੀਬ 8.20 ਲੱਖ ਮੈਂਬਰ ਹਨ, ਜਿਨ੍ਹਾਂ ਨੂੰ ਲਗਪਗ 950 ਰਾਸ਼ਨ ਡਿਪੂਆਂ ਰਾਹੀਂ ਸਸਤੇ ਰਾਸ਼ਨ ਦੀ ਵੰਡ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਦੇ ਵੇਰਵੇ ਪੰਜਾਬ ਦੇ ਖੁਰਾਕ ਸਪਲਾਈ ਵਿਭਾਗ ਦੀ ਵੈਬਸਾਈਟ ਉਪਰ ਅਪਲੋਡ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਨੀਲੇ ਕਾਰਡ ਧਾਰਕਾਂ ਨੂੰ 6 ਮਹੀਨਿਆਂ ਲਈ 30 ਕਿੱਲੋ ਪ੍ਰਤੀ ਵਿਅਕਤੀ ਦੋ ਰੁਪਏ ਕਿੱਲੋ ਅਨਾਜ ਅਤੇ ਅੰਨਤੋਦਿਆ ਅੰਨ ਯੋਜਨਾ ਤਹਿਤ 1 ਮਹੀਨੇ ਲਈ 35 ਕਿਲੋ ਪ੍ਰਤੀ ਕਾਰਡ ਅਨਾਜ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 6 ਮਹੀਨਿਆਂ ਲਈ 25 ਹਜ਼ਾਰ 645.92 ਮੀਟ੍ਰਿਕ ਟਨ ਕਣਕ ਦੀ ਵੰਡ ਕੀਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਉਪਬੰਧਾਂ ਅਨੁਸਾਰ ‘ਟੀਚੇ ਮਿੱਥੀ ਲੋਕ ਵੰਡ ਪ੍ਰਣਾਲੀ’ ਤਹਿਤ ਸਾਰੀ ਕਾਰਜਵਿਧੀ ਦਾ ਮੁਕੰਮਲ ਕੰਪਿਊਟਰੀਕਰਨ ਕਰਕੇ, ਰਾਸ਼ਨ ਕੇਵਲ ‘ਸਮਾਰਟ ਕਾਰਡ’ ਰਾਹੀਂ ਹੀ ਕਰਨ ਦਾ ਫੈਸਲਾ ਲਿਆ ਸੀ। ਸਮਾਰਟ ਕਾਰਡ ਰਾਹੀਂ ਰਾਸ਼ਨ ਵੰਡਣ ਲਈ ਖਪਤਕਾਰਾਂ ਦੀ ਬਾਇਓ-ਮੀਟ੍ਰਿਕ ਪਹਿਚਾਣ ਕਰਨ ਦੇ ਨਾਲ ਈ-ਪੋਸ ਮਸ਼ੀਨਾਂ ਨਾਲ ਭਾਰ ਤੋਲਣ ਵਾਲੀਆਂ ਮਸ਼ੀਨਾਂ ਤੇ ਅੱਖਾਂ ਦੀ ਪੁਤਲੀ ਸਕੈਨ ਕਰਨ ਵਾਲੀਆਂ ਮਸ਼ੀਨਾਂ ਜੋੜੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਲਾਭਪਾਤਰੀਆਂ ਦੇ ਵੇਰਵਿਆਂ ਦੀ ਡਿਜੀਟਾਈਜ਼ੇਸ਼ਨ ਕਰਨ ਨਾਲ ਜਾਅਲੀ ਰਾਸ਼ਨ ਕਾਰਡਾਂ ਨੂੰ ਪਹਿਚਾਣ ਕੇ ਰੱਦ ਕਰਨ ਅਤੇ ਸਬਸਿਡੀਆਂ ਨੂੰ ਬੇਹਤਰ ਢੰਗ ਨਾਲ ਪਹੁੰਚਾਉਣ ਵਿਚ ਮੱਦਦ ਮਿਲੇਗੀ।ਜਦੋਂਕਿ ਸਪਲਾਈ ਚੇਨ ਦੀ ਕੰਪਿਊਟਰਾਈਜ਼ੇਸ਼ਨ ਨਾਲ ਮੰਡੀ ਤੋਂ ਗੁਦਾਮਾਂ ਤੱਕ ਅਤੇ ਗੁਦਾਮਾਂ ਤੋਂ ਰਾਸ਼ਨ ਡਿਪੂ ਤੱਕ ਰਾਸ਼ਨ ਦੀ ਪਹੁੰਚ ਨੂੰ ਬੇਹਤਰ ਢੰਗ ਨਾਲ ਟਰੈਕ ਕੀਤਾ ਜਾ ਸਕਦਾ ਹੈ ਜਿਸ ਨਾਲ ਘਪਲੇ ਅਤੇ ਚੋਰੀ ਆਦਿ ਦੀ ਸ਼ਿਕਾਇਤ ਵੀ ਨਹੀਂ ਰਹੇਗੀ।

