ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਾਹਿਬ ਨਗਰ ਥੇੜ੍ਹੀ ਵਿਖੇ ਕਰਵਾਇਆ ਗਿਆ ਨੁੱਕੜ ਨਾਟਕ
ਪਟਿਆਲਾ, 13 ਜੁਲਾਈ (ਮਧੂਸਾਰ ਬਿਊਰੋ) ਤੰਦਰੁਸਤ ਪੰਜਾਬ ਤਹਿਤ ਪਟਿਆਲਾ ਨੂੰ ਪਲਾਸਟਿਕ ਮੁਕਤ ਕਰਨ ਦੇ ਸਿਲਸਿਲੇ ਤਹਿਤ ਡਿਪਟੀ ਕਮਿਸ਼ਨਰ ਪਟਿਆਲਾ ਦੇ ਆਦੇਸ਼ ਤਹਿਤ ਤਹਿਸੀਲ ਪਟਿਆਲਾ ਦੇ 231 ਪਿੰਡਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਡਾ. ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਗਾਰਡੀਅਨ ਆਫ ਗਵਰਨੈਂਸ, ਯੁਵਕ ਸੇਵਾਵਾਂ ਵਿਭਾਗ, ਨਹਿਰੂ ਯੁਵਾ ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਸੰਬਧੀ ਆਮ ਨਾਗਰਿਕਾਂ ਨੂੰ ਜਾਗਰੂਕ ਕਰੇਗਾ।
ਉਨ੍ਹਾਂ ਪਲਾਸਟਿਕ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਪਲਾਸਟਿਕ ਮਨੁੱਖੀ ਸਿਹਤ ਲਈ ਹੀ ਨਹੀਂ ਬਲਕਿ ਜੀਵ-ਜੰਤੂਆਂ ਦੇ ਜੀਵਨ ਲਈ ਵੀ ਹਾਨੀਕਾਰਕ ਹੈ। ਇਸ ਨਾਲ ਹਵਾ ਦਾ ਪ੍ਰਦੂਸ਼ਣ, ਕੈਂਸਰ, ਪੇਟ ਦੀਆਂ ਬਿਮਾਰੀਆਂ, ਚਮੜੀ ਦੇ ਰੋਗ, ਸਾਹ ਦੀਆਂ ਬਿਮਾਰੀਆਂ, ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਆਦਿ ਅਨੇਕਾਂ ਪ੍ਰਕਾਰ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਲਾਸਟਿਕ ਦੇ ਵਧਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਜੂਟ ਜਾਂ ਕੱਪੜੇ ਦੇ ਥੈਲੇ ਦੀ ਵਰਤੋਂ, ਰਸੋਈ ਤੇ ਘਰੇਲੂ ਸਮਾਗਮਾਂ ਵਿੱਚ ਕੱਚ/ਸਟੀਲ ਦੇ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
ਸੁਰਜੀਤ ਸਿੰਘ ਜੁਗਨੂੰ ਦੀ ਅਗਵਾਈ ਵਿੱਚ ਨੁਟੜ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ। ਜਿਸ ਵਿੱਚ ਪਿੰਡਾਂ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਇੰਸਪੈਕਟਰ ਸ. ਕਰਨੈਲ ਸਿੰਘ ਟ੍ਰੈਫਿਕ ਇੰਚਾਰਜ ਨੇ ਹਾਜ਼ਰੀਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਸ. ਜੁਗਰਾਜ ਸਿੰਘ ਵਣ ਮੰਡਲ ਵਿਸਥਾਰ ਨੇ ਹਰਿਆਲੀ ਐਪ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਕਰਨਲ ਬਲਦੇਵ ਸਿੰਘ ਇੰਚਾਰਜ ਜੀ.ਓ.ਜੀ. ਤਹਿਸੀਲ ਪਟਿਆਲਾ ,ਅਨਰੇਰੀ ਕੈਪਟਨ ਸਤਨਾਮ ਸਿੰਘ, ਸ੍ਰੀਮਤੀ ਅਮਰਜੀਤ ਕੌਰ ਨਹਿਰੂ ਯੁਵਾ ਕੇਂਦਰ, ਸਰਪੰਚ ਜਗਦੀਸ਼ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ, ਪੈਨਸ਼ਨਰ ਐਸੋਸੀਏਸ਼ਨ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

