ਜੰਗਲਾਤ ਕਾਮਿਆਂ ਵੱਲੋਂ ਜੰਗਲਾਤ ਮੰਤਰੀ ਦੇ ਹਲਕੇ ‘ਚ ਰੋਸ ਮੁਜਾਹਰਾ 15 ਅਕਤੂਬਰ ਨੂੰ
ਪਟਿਆਲਾ (ਮਧੂਸਾਰ ਬਿਊਰੋ) ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਤਨ ਸਿੰਘ ਹੱਲਾ, ਜਨਰਲ ਸਕੱਤਰ ਅਮਰੀਕ ਸਿੰਘ ਗੜ੍ਹਸ਼ੰਕਰ, ਬਲਬੀਰ ਸਿੰਘ ਮੰਡੋਲੀ ਅਤੇ ਜਸਵਿੰਦਰ ਸਿੰਘ ਸੌਜਾ ਨੇ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੰਗਲਾਤ ਵਿਭਾਗ ਅੰਦਰ ਵੀਹ-ਵੀਹ, ਪੱਚੀ-ਪੱਚੀ ਸਾਲਾਂ ਤੋਂ ਕੱਚੇ ਕਾਮੇ ਕੰਮ ਕਰ ਰਹੇ ਹਨ ਜੋ ਅੱਤ ਦੀ ਮਹਿੰਗਾਈ ‘ਚ ਨਿਗੁਣੀਆਂ ਤਨਖਾਹਾਂ ਤੇ ਜੀਵਨ ਬਸਰ ਕਰ ਰਹੇ ਹਨ।
ਚੋਣਾਂ ਦੌਰਾਨ ਕੀਤੇ ਵਾਅਦੇ ਅਤੇ ਜੱਥੇਬੰਦੀ ਵੱਲੋਂ ਪੰਜਾਬ ਸਰਕਾਰ ਅਤੇ ਜੰਗਲਾਤ ਮੰਤਰੀ ਨੂੰ ਬਾਰ-ਬਾਰ ਮੰਗ ਪੱਤਰ ਦੇਣ ਤੇ ਮੀਟਿੰਗਾਂ ਕਰਨ ਦੇ ਬਾਵਜੂਦ ਕੱਚੇ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਜੱਥੇਬੰਦੀ ਵੱਲੋਂ ਜੰਗਲਾਤ ਮੰਤਰੀ ਦੇ ਹਲਕੇ ਨਾਭੇ’ਚ 07.05.2017, 29.07.2018 ਰੋਸ ਧਰਨੇ ਦੇਣ ਦੇ ਬਾਵਜੂਦ ਮੰਤਰੀ ਸਾਹਿਬ ਵੱਲੋਂ ਅੱਜ ਤੱਕ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਜਿਸ ਕਾਰਨ ਜੱਥੇਬੰਦੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ, ਕਿ ਜੇਕਰ ਜੰਗਲਾਤ ਮੰਤਰੀ ਵੱਲੋਂ ਜੱਥੇਬੰਦੀ ਨਾਲ ਮੀਟਿੰਗ ਕਰਕੇ ਕੱਚੇ ਕਾਮੇ ਪੱਕੇ ਨਾ ਕੀਤੇ ਤੇ ਕਾਮਿਆ ਦੀ ਉਜਰਤਾ’ਚ ਮਹਿੰਗਾਈ ਅਨੁਸਾਰ ਵਾਧਾ ਨਾ ਕੀਤਾ ਤੇ ਸੀਨੀਆਰਤਾ ਸੂਚੀ’ਚ ਸੋਧ ਨਾ ਕੀਤੀ ਤਾਂ ਮਿਤੀ 15.10.2018 ਜੰਗਲਾਤ ਮੰਤਰੀ ਹਲਕੇ’ਚ ਵਿਸ਼ਾਲ ਰੋਸ ਰੈਲੀ ਅਤੇ ਸ਼ਹਿਰ’ਚ ਝੰਡਾ ਮਾਰਚ ਕੀਤਾ ਜਾਵੇਗਾ।

