ਸਿੰਘਾਪੁਰ ‘ਚ ਮੋਦੀ ਨੇ ਬੈਂਕਿੰਗ ਤਕਨਾਲੋਜੀ ਪਲੇਟਫਾਰਮ ਐਪਿਕਸ ਦਾ ਕੀਤਾ ਉਦਘਾਟਨ
ਸਿੰਗਾਪੁਰ 14 ਨਵੰਬਰ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਿੰਗਾਪੁਰ ਵਿਚ ਬੈਕਿੰਗ ਤਕਨਾਲੋਜੀ ਪਲੇਟਫਾਰਮ ਐਪਿਕਸ ਦਾ ਉਦਘਾਟਨ ਕੀਤਾ।
ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਐਕਸਚੇਂਜ (ਐਪਿਕਸ) ਨੂੰ ਵਿਸ਼ਵ ਦੇ ਉਨ੍ਹਾਂ 2 ਅਰਬ ਲੋਕਾਂ ਨੇ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਕੋਲ ਹਾਲੇ ਕੋਈ ਬੈਂਕ ਖਾਤਾ ਨਹੀਂ ਹੈ। ਮੋਦੀ ਨੇ ਸਿੰਗਾਪੁਰ ਵਿਚ ਵਿੱਤੀ ਤਕਨਾਲੋਜੀ ਖੇਤਰ ਦੀ ਵੱਕਾਰੀ ਪ੍ਰਦਰਸ਼ਨੀ ਅਤੇ ਸੰਮੇਲਨ ਫਿਨਟੇਕ ਫੈਸਟੀਵਲ ਨੂੰ ਸੰਬੋਧਿਤ ਕਰਨ ਦੇ ਬਾਅਦ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਟੀ. ਸ਼ਨਮੁਗਰਤਨਮ ਨਾਲ ਐਪਿਕਸ ਦੀ ਸ਼ੁਰੂਆਤ ਕੀਤੀ।
ਮੋਦੀ ਫਿਨਟੇਕ ਫੈਸਟੀਵਲ ਨੂੰ ਸੰਬੋਧਿਤ ਕਰਨ ਵਾਲੇ ਵਿਸ਼ਵ ਦੇ ਪਹਿਲੇ ਨੇਤਾ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਬੈਠਕ ਕੀਤੀ। ਇਸ ਦੇ ਇਲਾਵਾ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚੈਨ-ਓਚਾ ਨਾਲ ਵੀ ਮੁਲਾਕਾਤ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਟੀ. ਸ਼ਨਮੁਗਰਤਨਮ ਨਾਲ ਐਪਿਕਸ ਦੀ ਸ਼ੁਰੂਆਤ ਕੀਤੀ। ਐਪਿਕਸ ਸਾਡੀਆਂ ਕੰਪਨੀਆਂ ਨੂੰ ਗਲੋਬਲ ਵਿੱਤੀ ਅਦਾਰਿਆਂ ਨਾਲ ਜੋੜੇਗਾ।”

